ਨਗਰ ਰਾਜਭਾਸ਼ਾ ਸਮਿਤੀ ਜਲੰਧਰ ਦੀ ਛਿਮਾਹੀ ਮੀਟਿੰਗ ਦਾ ਹੋਇਆ ਆਯੋਜਨ
ਮੀਟਿੰਗ ਦੀ ਪ੍ਰਧਾਨਗੀ ਸ੍ਰੀਮਤੀ ਕੋਮਲ ਜੋਗਪਾਲ, ਪ੍ਰਧਾਨ ਇਨਕਮ ਟੈਕਸ ਕਮਿਸ਼ਨਰ-1 ਨੇ ਕੀਤੀ
ਜਲੰਧਰ, 30 ਜਨਵਰੀ (ਮਧੂਸਾਰ ਬਿਊਰੋ) ਨਗਰ ਰਾਜਭਾਸ਼ਾ ਸਮਿਤੀ, ਜਲੰਧਰ ਦੀ ਛਿਮਾਹੀ ਮੀਟਿੰਗ ਹੋਟਲ ਸੇਖੋਂ ਗ੍ਰੈਂਡ ਵਿਖੇ ਹੋਈ। ਇਸ ਵਿੱਚ ਜਲੰਧਰ ਦੇ ਸਾਰੇ ਦਫ਼ਤਰਾਂ/ਕਾਰਪੋਰੇਸ਼ਨਾਂ/ਉਪਕਰਮਾਂ ਦੇ ਦਫ਼ਤਰਾਂ ਦੇ ਮੁਖੀਆਂ ਅਤੇ ਦਫ਼ਤਰੀ ਭਾਸ਼ਾ ਅਫ਼ਸਰਾਂ ਨੇ ਭਾਗ ਲਿਆ। ਮੀਟਿੰਗ ਦੀ ਪ੍ਰਧਾਨਗੀ ਸ੍ਰੀਮਤੀ ਕੋਮਲ ਜੋਗਪਾਲ, ਪ੍ਰਧਾਨ ਇਨਕਮ ਟੈਕਸ ਕਮਿਸ਼ਨਰ-1 ਨੇ ਕੀਤੀ। ਇਸ ਮੌਕੇ ਸ੍ਰੀ ਸੰਜੇ ਕਾਜ਼ੀ ਡੀ.ਡੀ.ਜੀ.(ਈ), ਦੂਰਦਰਸ਼ਨ ਜਲੰਧਰ, ਸ੍ਰੀ ਸੁਨੀਲ ਕੁਮਾਰ ਯਾਦਵ, ਹਿੰਦੁਸਤਾਨ ਪੈਟਰੋਲੀਅਮ ਤੋਂ ਸ੍ਰੀ ਵਨੈ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਮੀਟਿੰਗ ਦਾ ਸੰਚਾਲਨ ਨਰਾਕਾਸ ਦੀ ਸਾਬਕਾ ਮੈਂਬਰ ਸਕੱਤਰ ਸ੍ਰੀਮਤੀ ਸੁਸ਼ਮਾ ਗੁਪਤਾ ਨੇ ਕੀਤਾ।
ਸ਼੍ਰੀਮਤੀ ਕੋਮਲ ਜੋਗਪਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਰਾਕਾਸ ਮੀਟਿੰਗਾਂ ਦਾ ਨਿਯਮਤ ਆਯੋਜਨ ਇਸ ਤੱਥ ਨੂੰ ਰੇਖਾਂਕਿਤ ਕਰਦਾ ਹੈ ਕਿ ਨਰਾਕਾਸ, ਗ੍ਰਹਿ ਮੰਤਰਾਲਾ ਰਾਜਭਾਸ਼ਾ ਦੇ ਪ੍ਰਤੀ ਬਹੁਤ ਸੁਚੇਤ ਹੈ। ਉਨ੍ਹਾਂ ਰਾਜਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਸਰਗਰਮ ਰਹਿਣ ’ਤੇ ਜ਼ੋਰ ਦਿੱਤਾ। ਉਨ੍ਹਾਂ ਵੱਲੋਂ ਛਿਮਾਹੀ ਰਿਪੋਰਟ ਵਿੱਚ ਪਾਈਆਂ ਗਈਆਂ ਕਮੀਆਂ ਨੂੰ ਦੂਰ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਉਨ੍ਹਾਂ ਸਮੂਹ ਮੈਂਬਰਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਦਫ਼ਤਰ ਦੇ ਕੰਪਿਊਟਰਾਂ ਵਿੱਚ ਯੂਨੀਕੋਡ ਸਾਫ਼ਟਵੇਅਰ ਅੱਪਲੋਡ ਕਰਕੇ ਆਪਣਾ ਦਫ਼ਤਰੀ ਕੰਮ ਹਿੰਦੀ ਭਾਸ਼ਾ ਵਿੱਚ ਕਰਨ। ਉਨ੍ਹਾਂ ਰਾਜਭਾਸ਼ਾ ਨੂੰ ਲਾਗੂ ਕਰਵਾਉਣ ਲਈ ਸਮੂਹ ਮੈਂਬਰਾਂ ਨੂੰ ਸਾਂਝੇ ਤੌਰ ’ਤੇ ਯਤਨ ਕਰਨ ਲਈ ਵੀ ਉਤਸ਼ਾਹਿਤ ਕੀਤਾ। ਮੀਟਿੰਗ ਵਿੱਚ ਵੱਖ-ਵੱਖ ਦਫ਼ਤਰਾਂ ਤੋਂ ਪ੍ਰਾਪਤ ਤਿਮਾਹੀ ਪ੍ਰਗਤੀ ਰਿਪੋਰਟਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ ਅਤੇ ਰਾਜਭਾਸ਼ਾ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਦਿੱਤੀ ਗਈ। ਮੀਟਿੰਗ ਵਿੱਚ ਸਰਵਹਿੱਤਕਾਰੀ ਸਕੂਲ ਜਲੰਧਰ ਦੇ ਬੱਚਿਆਂ ਵੱਲੋਂ ਗੀਤ ਅਤੇ ਸਮੂਹ ਨਾਚ ਪੇਸ਼ ਕੀਤੇ ਗਏ। ਕੇਂਦਰੀ ਵਿਦਿਆਲਿਆ ਨੰਬਰ 01, ਜਲੰਧਰ ਛਾਉਣੀ ਤੋਂ ਸ਼੍ਰੀ ਸੁਸ਼ੀਲ ਕੁਮਾਰ ਨੇ ਚੇਅਰਪਰਸਨ ਅਤੇ ਸਮੂਹ ਦਫਤਰ ਮੁਖੀਆਂ ਅਤੇ ਵੱਖ-ਵੱਖ ਦਫਤਰਾਂ ਤੋਂ ਆਏ ਸੀਨੀਅਰ ਅਧਿਕਾਰੀਆਂ ਦਾ ਧੰਨਵਾਦ ਕੀਤਾ।

