ਪੰਜਾਬਪਟਿਆਲਾ

ਬਿਜਲੀ ਕਾਮਿਆਂ ਵੱਲੋਂ ਪਰਿਵਾਰਾਂ ਸਮੇਤ ਵਿਸਾਲ ਧਰਨਾ ਅਤੇ ਮੁਜ਼ਾਹਰਾ

ਨਵੀਂ ਪੱਕੀ ਭਰਤੀ ਕਰਾਉਣ, ਤਨਖਾਹ ਸਕੇਲਾਂ ‘ਚ ਵਾਧਾ ਅਤੇ ਡਿਸਮਿਸ ਕੀਤੇ ਆਗੂ ਬਹਾਲ ਕਰਾਉਣ ਲਈ
ਪਟਿਆਲਾ 13 ਜੁਲਾਈ (ਮਧੂਸਾਰ ਬਿਊਰੋ)
ਟੈਕਨੀਕਲ ਸਰਵਿਸਜ਼ ਯੂਨੀਅਨ ਪੰਜਾਬ ਰਾਜ ਬਿਜਲੀ ਬੋਰਡ ਦੇ ਸੱਦੇ ‘ਤੇ ਮੁੱਖ ਦਫਤਰ ਪਟਿਆਲਾ ਦੇ ਸਾਹਮਣੇ ਬਿਜਲੀ ਕਾਮਿਆਂ ਵੱਲੋਂ ਪਰਿਵਾਰਾਂ ਸਮੇਤ ਵਿਸ਼ਾਲ ਧਰਨਾ ਅਤੇ ਮੁਜ਼ਾਹਰਾ ਕੀਤਾ ਗਿਆ।

ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਸਾਥੀ ਬਨਾਰਸੀ ਦਾਸ ਪਾਸਿਆਣਾ ਦੀ ਪ੍ਰਧਾਨਗੀ ਹੇਠ ਦਿੱਤੇ ਗਏ ਧਰਨੇ ਵਿਚ ਪੰਜਾਬ ਦੇ ਕੋਨੇ-ਕੋਨੇ ਤੋਂ ਹਜਾਰਾਂ ਬਿਜਲੀ ਕਾਮਿਆਂ ਨੇ ਅਪਣੇ ਪਰਿਵਾਰਾਂ ਸਮੇਤ ਪੂਰੇ ਉਤਸਾਹ ਨਾਲ ਹਿੱਸਾ ਲਿਆ। ਬਿਜਲੀ ਕਾਮਿਆਂ ਅਤੇ ਉਨਾਂ ਦੇ ਪਰਿਵਾਰਾਂ ਨੇ ਹੱਥਾਂ ਵਿਚ ਤਖਤੀਆਂ, ਝੰਡੇ, ਮਾਟੋ ਅਤੇ ਬੈਨਰ ਫੜੇ ਹੋਏ ਸਨ । ਉਹ ਪੂਰੇ ਜੋਸ਼ ਨਾਲ ਨਾਹਰੇ ਮਾਰ ਰਹੇ ਸਨ। ਬਿਜਲੀ ਕਾਮਿਆਂ ਅਤੇ ਉਨਾਂ ਦੇ ਪਰਿਵਾਰਾਂ ਵੱਲੋਂ ਦਿੱਤੇ ਗਏ ਇਸ ਵਿਸ਼ਾਲ ਧਰਨੇ ਅਤੇ ਮੁਜ਼ਾਹਰੇ ਕਾਰਨ ਮਾਲ ਰੋਡ ਸਾਰਾ ਦਿਨ ਜਾਮ ਰਿਹਾ। ਇਸ ਵਿਸ਼ਾਲ ਧਰਨੇ ਅਤੇ ਮੁਜ਼ਾਹਰੇ ਵਿਚ ਬਿਜਲੀ ਮੁਲਾਜ਼ਮਾਂ ਦੀ ਹਮਾਇਤ ਵਿਚ ਕਿਸਾਨਾਂ ਅਤੇ ਮਜਦੂਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ।
ਧਰਨੇ ਨੂੰ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਾਥੀ ਬਨਾਰਸੀ ਦਾਸ ਪਾਸਿਆਣਾ, ਸਹਾਇਕ ਸਕੱਤਰ ਸਾਥੀ ਮਦਨ ਲਾਲ ਸ਼ਰਮਾ, ਦਫਤਰੀ ਸਕੱਤਰ ਸਾਥੀ ਮੋਹਨ ਸਿੰਘ ਬੱਲ, ਖਜ਼ਾਨਚੀ ਸਾਥੀ ਸੰਤੋਖ ਸਿੰਘ, ਚੀਫ ਆਰਗੇਨਾਈਜਰ ਸਾਥੀ ਰਜਿੰਦਰ ਕੁਮਾਰ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ(ਉਗਰਾਹਾਂ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾਈ ਆਗੂਆਂ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਸਾਥੀ ਹਰਭਗਵਾਨ ਸਿੰਘ ਮੂਨਕ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੁਮਿਕਾ ਸਾਥੀ ਪ੍ਰਮੋਦ ਕੁਮਾਰ ਜਨਰਲ ਸਕੱਤਰ ਵਲੋਂ ਨਿਭਾਈ ਗਈ।
ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਆਰਥਕ ਸੰਕਟ ‘ਚ ਫਸੇ ਸਾਮਰਾਜੀ ਮੁਲਕਾਂ ਦੀਆਂ ਲੋੜਾਂ ਅਨੁਸਾਰ ਘੜੇ ਬਿਜਲੀ ਐਕਟ 2003 ਤਹਿਤ ਬਿਜਲੀ ਬੋਰਡ ਭੰਗ ਕਰਕੇ ਕੰਪਨੀਆਂ ਬਨਾਉਣ ਤੋਂ ਬਾਅਦ ਅਗਲੇ ਦੌਰ ਦੇ ਹਮਲੇ ਕੀਤੇ ਜਾ ਰਹੇ ਹਨ। ਵੱਧ ਤੋਂ ਵੱਧ ਮੁਨਾਫਾ ਨਿਚੋੜਣ ਲਈ ਬਿਜਲੀ ਖੇਤੱਰ ਦਾ ਮੁਕੰਮਲ ਨਿਜੀਕਰਨ ਕੀਤਾ ਜਾ ਰਿਹਾ ਹੈ। ਇਸ ਨੀਤੀ ਤਹਿਤ ਸਰਕਾਰੀ ਖੇਤਰ ‘ਚ ਬਿਜਲੀ ਪੈਦਾਵਾਰ ਠੱਪ ਕਰਕੇ ਨਿਜੀ ਸੁਪਰ ਥਰਮਲ ਪਲਾਂਟਾ ਦੀ ਮਹਿੰਗੀ ਬਿਜਲੀ ਵੇਚ ਕੇ ਆਮ ਖਪਤਕਾਰਾਂ ਦੀ ਛਿੱਲ ਲਾਹੀ ਜਾ ਰਹੀ ਹੈ। ਬਿਜਲੀ ਪੈਦਾਵਾਰ ਤੋਂ ਲੈ ਕੇ, ਬਿਜਲੀ ਸਪਲਾਈ, ਮੁਰਮੰਤ, ਸਾਂਭ ਸੰਭਾਲ, ਸਿਕਾਇਤਾਂ ਨਿਪਟਾਉਣ,ਬਿਜਲੀ ਲਾਈਨਾਂ, ਬਿਜਲੀ ਘਰਾਂ ਦੀ Àਸਾਰੀ ਦਾ ਕੰਮ ਅਤੇ ਬਿਜਲੀ ਬਿਲਾਂ ਦੀ ਉਗਰਾਹੀ ਆਦਿ ਸਾਰੇ ਕੰਮਾਂ ਉਪੱਰ ਲੋਟੂ ਨਿਜੀ ਕੰਪਨੀਆਂ ਦਾ ਕਬਜਾ ਕਰਵਾਇਆ ਜਾ ਰਿਹਾ ਹੈ। ਅੱਜ ਬਿਜਲੀ ਖੇਤਰ ਗੋਦਰੇਜ,ਪੈਸਕੋ,ਐਲ ਐਂਡ ਟੀ,ਸਟਰਲਾਈਟ ਅਤੇ ਏ.ਟੂ ਜੇਡ ਵਰਗੀਆਂ ਕੰਪਨੀਆਂ ਦਾ ਸ਼ਿਕਾਰ ਗਾਹ ਬਣਿਆ ਹੋਇਆ ਹੈ।
ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਸਾਡੇ ਨਾਲ ਕੀਤੀਆਂ ਜਾ ਰਹੀਆਂ ਧੱਕੇਸਾਹੀ, ਵਿਤਕਰੇਬਾਜੀ ਦੇ ਖਿਲਾਫ ਸੰਘਰਸ਼ ਕਰਨਾਂ ਸਾਡਾ ਬਨਿਆਦੀ ਹੱਕ ਹੈ।
ਅੰਤ ਵਿਚ ਬਿਜਲੀ ਮੁਲਾਜ਼ਮਾਂ ਅਤੇ ਉਨਾਂ ਦੇ ਪਰਿਵਾਰਾਂ ਵੱਲੋਂ ਸ਼ਹਿਰ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ। ਰੋਸ ਮੁਜ਼ਾਹਰੇ ਵਿਚ ਬਿਜਲੀ ਮੁਲਾਜ਼ਮ ਅਤੇ ਉਨਾਂ ਦੇ ਪਰਿਵਾਰਾਂ ਨੇ ਹੱਥਾਂ ਵਿਚ ਤਖਤੀਆਂ, ਮਾਟੋ, ਬੈਨਰ ਅਤੇ ਝੰਡੇ ਫੜੇ ਹੋਏ ਸਨ। ਉਹ ਅਕਾਸ ਗੁੰਜਾਉ ਨਾਹਰੇ ਮਾਰ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕਰ ਰਹੇ ਸਨ। ਰੋਸ ਮੁਜਾਹਰਾ ਬਜ਼ਾਰਾਂ ਵਿਚੋਂ ਦੀ ਹੁੰਦਾ ਹੋਇਆ ਫੁਆਰਾ ਚੌਕ ਵਿੱਖੇ ਸਮਾਪਤ ਕੀਤਾ ਗਿਆ।

Leave a Reply

Your email address will not be published. Required fields are marked *