ਪੰਜਾਬ ਦੇ ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਪੈਨਸ਼ਨਰਾਂ ਨੂੰ ਜਲਦ ਮਿਲੇਗਾ 6ਵੇਂ ਤਨਖਾਹ ਕਮਿਸ਼ਨ ਦਾ ਲਾਭ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਅਤੇ ਸੇਵਾ ਮੁਕਤ ਪੈਨਸ਼ਨਰਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਦਾ ਲਾਭ ਜਲਦ ਮਿਲੇਗਾ।ਇਹ ਭਰੋਸਾ ਸਿੱਖਿਆ ਵਿਭਾਗ ਪੰਜਾਬ ਦੇ ਸਿੱਖਿਆ ਸਕੱਤਰ ਸ਼੍ਰੀ ਕਮਲ ਕਿਸ਼ੋਰ ਯਾਦਵ ਨੇ ਅੱਜ ਪੰਜਾਬ ਸਟੇਟ ਏਡਿਡ ਸਕੂਲ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਵਿੱਚ ਦਿੱਤਾ ਜੀ ਕਿ ਮਿੰਨੀ ਸਕੱਤਰੇਤ, ਚੰਡੀਗੜ੍ਹ ਵਿਖੇ ਹੋਈ। ਮੀਟਿੰਗ ਵਿਚ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਸਕੱਤਰ ਸ਼੍ਰੀ ਕਮਲ ਕਿਸ਼ੋਰ ਯਾਦਵ, ਆਈ.ਏ.ਐਸ , ਮੈਡਮ ਗੌਰੀ ਪਰਾਸ਼ਰ ਜੋਸ਼ੀ ਆਈ.ਏ.ਐਸ ਵਿਸ਼ੇਸ ਸਿੱਖਿਆ ਸਕੱਤਰ,ਸਹਾਇਕ ਡਾਇਰੈਕਟਰ ਮਹੇਸ਼ ਕੁਮਾਰ, ਸੁਪਰਡੈਂਟ ਸਿੱਖਿਆ-3 ਅਤੇ ਹੋਰ ਅਧਿਕਾਰੀ ਮੀਟਿੰਗ ਵਿੱਚ ਹਾਜਰ ਸਨ। ਜਦੋਂ ਕਿ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਐਨ.ਐਨ ਸੈਣੀ ਅਤੇ ਸੂਬਾ ਸਰਪਰਸਤ ਗੁਰਚਰਨ ਸਿੰਘ ਚਾਹਲ ਦੀ ਅਗਵਾਈ ਵਾਲੇ ਪ੍ਰਤੀਨਿਧੀ ਮੰਡਲ ਨੇ ਹਿੱਸਾ ਲਿਆ।ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਹਰਦੀਪ ਸਿੰਘ ਰੂਪਨਗਰ ਨੇ ਦੱਸਿਆ ਕਿ ਮੀਟਿੰਗ ਵਿਚ ਸਿੱਖਿਆ ਸਕੱਤਰ ਨੇ ਛੇਵਾਂ ਤਨਖਾਹ ਕਮਿਸ਼ਨ ਜਲਦ ਲਾਗੂ ਕਰਨ ਦਾ ਭਰੋਸਾ ਦਿੱਤਾ।
ਕਿਉਂਕਿ ਵਿੱਤ ਮੰਤਰੀ ਵਲੋਂ ਪਹਿਲਾਂ ਹੀ ਸਿਧਾਂਤਕ ਤੌਰ ਤੇ ਇਸ ਸਬੰਧੀ ਸਹਿਮਤੀ ਦੇ ਦਿੱਤੀ ਗਈ ਹੈ। ਏਡਿਡ ਸਕੂਲਾਂ ਵਿਚ ਕੰਮ ਕਰਦੇ ਸੀ ਐਂਡ ਵੀ ਕੇਡਰ ਦੇ ਅਧਿਆਪਕਾਂ ਦੀ ਦਸੰਬਰ 2023 ਤੱਕ ਰੁਕੀ ਤਨਖਾਹ ਨੂੰ 4400 ਰੁਪਏ ਗਰੇਡ ਪੇਅ ਨਾਲ ਜਾਰੀ ਕਰਨ ਦੇ ਆਦੇਸ਼ ਵੀ ਕੀਤੇ ਗਏ। ਏਡਿਡ ਸਕੂਲਾਂ ਦੇ ਅਧਿਆਪਕਾਂ ਦੀ ਤਬਾਦਲਾ ਨੀਤੀ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ ਅਤੇ ਇਸ ਸਬੰਧੀ ਸਿੱਖਿਆ ਮੰਤਰੀ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ, ਜਦਕਿ ਏਡਿਡ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਵੀ ਮੁਫਤ ਵਰਦੀਆਂ ਦੇਣ , ਸੀ.ਪੀ.ਐਫ ਦੇ ਪੋਸਟ ਆਡਿਟ ਇਤਰਾਜ਼ਾ ਅਤੇ ਹੋਰ ਮਸਲਿਆਂ ਬਾਰੇ ਵੀ ਲੋੜੀਂਦੇ ਆਦੇਸ਼ ਜਾਰੀ ਕੀਤੇ ਗਏ।ਮੀਟਿੰਗ ਵਿਚ ਹੋਰਨਾ ਤੋਂ ਇਲਾਵਾ ਦਲਜੀਤ ਸਿੰਘ ਖਰੜ, ਸ਼ਰਨਜੀਤ ਸਿੰਘ ਕੁਰਾਲੀ, ਯਾਦਵਿੰਦਰ ਕੁਮਾਰ ਕੁਰਾਲੀ, ਅਸ਼ੋਕ ਵਢੇਰਾ ਅਤੇ ਡਾ.ਗੁਰਮੀਤ ਸਿੰਘ ਨੇ ਵੀ ਭਾਗ ਲਿਆ।

