ਖ਼ਾਲਸਾ ਕਾਲਜ ਪ੍ਰਿੰਸੀਪਲ ਨੇ ਵਿਦਿਆਰਥੀ ਨੂੰ ਖੋਜ ਲੇਖ ’ਚ ਯੋਗਦਾਨ ਪਾਉਣ ਸਬੰਧੀ ਕੀਤਾ ਸਨਮਾਨਿਤ
ਅੰਮ੍ਰਿਤਸਰ, 17 ਫਰਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਦੇ ਵਿਦਿਆਰਥੀ ਵੱਲੋਂ ਕੈਮਿਸਟਰੀ ਸਿਲੈਕਟ, ਵਿਲੀ ਜਰਨਲ ’ਚ ਪ੍ਰਕਾਸ਼ਿਤ ‘ਚੈਲਕੋਨਸ: ਪੋਟੈਂਟ ਸਿੰਥੈਂਨਜ਼ ਫ਼ਾਰ ਮਲਟੀ-ਸੈਲ ਲਾਈਨ ਐਂਟੀ-ਕੈਂਸਰ ਥੈਰੇਪੀ’ ਸਿਰਲੇਖ ਵਾਲੇ ਖੋਜ ਲੇਖ ’ਚ ਯੋਗਦਾਨ ਪਾਇਆ ਗਿਆ ਹੈ। ਇਸ ਪ੍ਰਾਪਤੀ ਲਈ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵੱਲੋਂ ਵਿਦਿਆਰਥੀ ਵਿਸ਼ਾਲ ਚੌਧਰੀ ਨੂੰ ਸਨਮਾਨਿਤ ਕੀਤਾ।
ਇਸ ਸਬੰਧੀ ਪ੍ਰਿੰ: ਡਾ. ਮਹਿਲ ਸਿੰਘ ਨੇ ਵਧਾਈ ਦਿੰਦਿਆਂ ਜਾਣਕਾਰੀ ਦਿੱਤੀ ਕਿ ਵਿਸ਼ਾਲ ਚੌਧਰੀ ਬੀ. ਐਸ. ਸੀ. (ਮੈਡੀਕਲ) ਸਮੈਸਟਰ ਛੇਵੇਂ ਦਾ ਹੋਣਹਾਰ ਵਿਦਿਆਰਥੀ ਹੈ। ਉਨ੍ਹਾਂ ਕਿਹਾ ਕਿ ਡਾ. ਜਸਨੀਤ ਕੌਰ ਅਤੇ ਡਾ. ਅਮਿਤ ਆਨੰਦ ਦੀ ਅਗਵਾਈ ਹੇਠ ਵਿਸ਼ਾਲ ਚੌਧਰੀ ਦੀ ਸ਼ਮੂਲੀਅਤ ਅੰਡਰ-ਗ੍ਰੈਜੂਏਟ ਪੱਧਰ ’ਤੇ ਵੀ ਖੋਜ-ਮੁਖੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਕਾਲਜ ਦੀ ਵਚਨਬੱਧਤਾ ਉਜਾਗਰ ਕਰਦਾ ਹੈ। ਉਨ੍ਹਾਂ ਨੇ ਵਿਦਿਆਰਥੀ ਨੂੰ ਭਵਿੱਖ ’ਚ ਹੋਰ ਉੱਚੀਆਂ ਪ੍ਰਾਪਤੀਆਂ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਆਪਣੇ ਦਫ਼ਤਰ ਵਿਖੇ ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਭਾਟੀਆ ਨਾਲ ਮਿਲ ਕੇ ਵਿਸ਼ਾਲ ਚੌਧਰੀ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਡਾ. ਭਾਟੀਆ ਨੇ ਕਿਹਾ ਕਿ ਅਜਿਹੀ ਮਾਨਤਾ ਨਾ ਸਿਰਫ਼ ਵਿਅਕਤੀਗਤ ਪ੍ਰਾਪਤੀਆਂ ਦੀਆਂ ਖੁਸ਼ੀਆਂ ਸਾਂਝੀਆਂ ਕਰਦੀਆਂ ਹਨ, ਬਲਕਿ ਆਪਣੇ ਵਿਦਿਆਰਥੀਆਂ ’ਚ ਅਕਾਦਮਿਕ ਉੱਤਮਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਸੰਸਥਾ ਦੀ ਵਚਨਬੱਧਤਾ ਨੂੰ ਵੀ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਵਿਸ਼ਾਲ ਦੀ ਪ੍ਰਾਪਤੀ ਕਾਲਜ ਦੇ ਵਿੱਦਿਅਕ ਮਾਹੌਲ ’ਚ ਪੈਦਾ ਹੋਈ ਸਮਰੱਥਾ ਅਤੇ ਪ੍ਰਤਿਭਾ ਦਾ ਪ੍ਰਮਾਣ ਹੈ।

