ਅੰਮ੍ਰਿਤਸਰਚੰਡੀਗੜ੍ਹਪੰਜਾਬ

ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਫੋਰੈਂਸਿਕ ਨਰਸਿੰਗ ’ਤੇ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 8 ਮਾਰਚ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ‘ਫੋਰੈਂਸਿਕ ਨਰਸਿੰਗ : ਸਿਧਾਂਤ ਅਤੇ ਅਭਿਆਸ’ ਵਿਸ਼ੇ ’ਤੇ ਅੱਜ ਆਯੋਜਿਤ ਵਰਕਸ਼ਾਪ ਦੌਰਾਨ ਮਾਹਿਰਾਂ ਦੁਆਰਾ ਅਹਿਮ ਵਿਚਾਰ-ਵਟਾਂਦਰੇ ਕੀਤੇ ਗਏ। ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ਟਰੇਨਡ ਨਰਸ ਐਸੋਸੀਏਸ਼ਨ ਆਫ਼ ਇੰਡੀਆ (ਟੀ. ਐਨ. ਏ. ਆਈ.) ਦੀ ਪੰਜਾਬ ਸ਼ਾਖਾ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਵਰਕਸ਼ਾਪ ਮੌਕੇ ਮਾਹਿਰਾਂ ਨੇ ਵਿਚਾਰ ਉਜਾਗਰ ਕਰਦਿਆਂ ਦੱਸਿਆ ਕਿ ਕਿਵੇਂ ਫੋਰੈਂਸਿਕ ਨਰਸਿੰਗ ਅਤੇ ਕਲੀਨਿਕਲ ਖੋਜਾਂ ਮੈਡੀਕੋ-ਕਾਨੂੰਨੀ ਕੇਸਾਂ ਦੇ ਵਾਧੇ ਨੂੰ ਸੁਲਝਾਉਣ, ਪੀੜਤ ਅਤੇ ਮੁਲਜ਼ਮਾਂ ਦੀ ਗਹਿਰੀ ਜਾਂਚ, ਸਬੂਤ ਅਤੇ ਦਸਤਾਵੇਜ਼ਾਂ ਨੂੰ ਇਕੱਠਾ ਕਰਨ ਅਤੇ ਸੰਭਾਲਣ ’ਚ ਸਹਾਇਤਾ ਕਰ ਸਕਦੀਆਂ ਹਨ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸੰਯੁਕਤ ਸਕੱਤਰ (ਵਿੱਤ) ਸ: ਗੁਨਬੀਰ ਸਿੰਘ ਨੇ ਫੋਰੈਂਸਿਕ ਵਿਗਿਆਨ ਦੇ ਖੇਤਰ ’ਚ ਆਉਣ ਵਾਲੇ ਅਤੇ ਨਵੀਨਤਮ ਵਿਕਾਸ ਬਾਰੇ ਜਾਣਕਾਰੀਆਂ ਪ੍ਰਦਾਨ ਕੀਤੀਆਂ। ਉਨ੍ਹਾਂ ਕਿਹਾ ਕਿ ਡਾਕਟਰੀ ਪੇਸ਼ੇ ’ਚ ਨਰਸ ਦੀ ਭੂਮਿਕਾ ਜ਼ਿੰਮੇਵਾਰੀਆਂ ਨਾਲ ਭਰਪੂਰ ਹੁੰਦੀ ਹੈ ਅਤੇ ਫੋਰੈਂਸਿਕ ਨਰਸਿੰਗ ਹੁਨਰ ਦੇ ਵਿਕਾਸ ਨਾਲ ਇਹ ਹੋਰ ਵੀ ਚੁਣੌਤੀਪੂਰਨ ਬਣ ਗਿਆ ਹੈ।

ਇਸ ਤੋਂ ਪਹਿਲਾਂ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਸ ਰਾਜ ਪੱਧਰੀ ਵਰਕਸ਼ਾਪ ਦਾ ਮਕਸਦ ਫੋਰੈਂਸਿਕ ਨਰਸਿੰਗ ਦੀਆਂ ਨਵੀਨਤਮ ਖੋਜ਼ਾਂ ਸਬੰਧੀ ਚਰਚਾ ਕਰਨਾ ਸੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਟੀ. ਐਨ. ਏ. ਆਈ. ਦੇ ਸਕੱਤਰ ਡਾ. ਨਰਿੰਦਰ ਕੌਰ ਵਾਲੀਆ ਨੇ ਟਰੇਨਡ ਨਰਸ ਸੰਸਥਾ ਦੇ ਪੰਜਾਬ ਚੈਪਟਰ ਦੁਆਰਾ ਕੀਤੀਆਂ ਗਤੀਵਿਧੀਆਂ ਬਾਰੇ ਵਿਸਥਾਰ ’ਚ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਸਰਕਾਰੀ ਮੈਡੀਕਲ ਕਾਲਜ ਦੇ ਫੋਰੈਂਸਿਕ ਮੈਡੀਸਨ ਐਂਡ ਟੌਕਸੀਕੋਲੋਜੀ ਡਿਪਾਰਟਮੈਂਟ ਸੀਨੀਅਰ ਰੈਜ਼ੀਡੈਂਟ ਡਾ. ਜਸਪਿੰਦਰ ਪ੍ਰਤਾਪ ਸਿੰਘ, ਨਸ਼ਾ ਮੁਕਤੀ ਕੇਂਦਰ, ਸਿਵਲ ਹਸਪਤਾਲ, ਬਟਾਲਾ (ਗੁਰਦਾਸਪੁਰ) ਦੇ ਸੇਵਾਮੁਕਤ ਇੰਚਾਰਜ ਡਾ. ਬਰਿੰਦਰ ਸਿੰਘ ਅਤੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਤੋਂ ਫੋਰੈਂਸਿਕ ਮੈਡੀਸਨ ਅਤੇ ਟੌਕਸੀਕੋਲੋਜੀ ਵਿਭਾਗ ਦੇ ਪ੍ਰੋਫੈਸਰ ਡਾ. ਨਵਪ੍ਰੀਤ ਕੌਰ ਨੇ ਫੋਰੈਂਸਿਕ ਨਰਸਿੰਗ ’ਚ ਜ਼ਹਿਰ ਵਿਗਿਆਨ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਭਾਗੀਦਾਰਾਂ ਨੂੰ ਟੌਕਸੀਕੋਲੋਜੀ ਅਤੇ ਇਸ ਦੇ ਪ੍ਰਬੰਧਨ ਸਬੰਧੀ ਚਾਨਣਾ ਪਾਇਆ। ਉਕਤ ਵਰਕਸ਼ਾਪ ਇਕ ਭਰਪੂਰ ਸਰਗਰਮੀ ਸੈਸ਼ਨ ਨਾਲ ਸਮਾਪਤ ਹੋਈ ਜਿਸ ’ਚ ਭਾਗੀਦਾਰਾਂ ਨੂੰ ਕਲੀਨਿਕਲ ਖੇਤਰ ’ਚ ਅਭਿਆਸ ਦੀ ਸਿਖਲਾਈ ਦਿੱਤੀ ਗਈ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਨਰਸਿੰਗ ਕਾਲਜ ਦੇ ਪ੍ਰਿੰਸੀਪਲ ਯਸ਼ਪ੍ਰੀਤ ਕੌਰ, ਐਸੋਸੀਏਟ ਪ੍ਰੋਫੈਸਰ ਡਾ. ਤਰਨਦੀਪ ਕੌਰ, ਸਹਾਇਕ ਪ੍ਰੋਫੈਸਰ ਡਾ. ਭਾਵਨਾ ਗੁਪਤਾ ਅਤੇ ਨਰਸਿੰਗ ਟਿਊਟਰ ਰਵਨੀਤ ਕੌਰ ਅਤੇ ਕਵਲਜੀਤ ਕੌਰ ਆਦਿ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥਣਾਂ ਹਾਜ਼ਰ ਸਨ। ਇਸ ਮੌਕੇ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ।

Leave a Reply

Your email address will not be published. Required fields are marked *