ਡਾਕਟਰ ਸਾਹਿਬ ਸਿੰਘ ਦੇ ਨਾਟਕ ‘ਸੰਦੂਕੜੀ ਖੋਲ੍ਹ ਨਰੈਣੇਆ!’ ਦਾ ਸੰਗਰੂਰ ਦੇ ਸਰਕਾਰੀ ਰਣਬੀਰ ਕਾਲੇਜ ਵਿਖੇ ਹੋਇਆ ਸਫਲ ਮੰਚਨ
ਮਹਾਨ ਸ਼ਹੀਦਾਂ ਰਾਜਗੁਰੂ, ਸੁਖਦੇਵ, ਭਗਤ ਸਿੰਘ, ਅਤੇ ਇਨਕਲਾਬੀ ਕਵੀ ਪਾਸ਼ ਨੂੰ ਕੀਤਾ ਸਮਰਪਿਤ
ਸੰਗਰੂਰ (ਮਧੂਸਾਰ ਬਿਊਰੋ) ਪੰਜਾਬ ਸਟੂਡੈਂਟ ਯੂਨੀਅਨ (ਸ਼ਹੀਦ ਰੰਧਾਵਾ), ਵਿਦਿਆਰਥੀ ਯੂਨੀਅਨ ਅਤੇ ਕਾਲਜ ਪ੍ਰਸ਼ਾਸਨ ਵੱਲੋਂ, ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਆਡੀਟੋਰੀਅਮ ਵਿਚ 19 ਮਾਰਚ ਦੀ ਦੁਪਹਿਰ, ‘ਸੰਦੂਕੜੀ ਖੋਲ੍ਹ ਨਰੈਣੇਆ!’ ਨਾਮਕ ਨਾਟਕ ਦਾ ਮੰਚਨ ਪੰਜਾਬੀ ਥੀਏਟਰ ਅਤੇ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਡਾ ਸਾਹਿਬ ਸਿੰਘ ਵੱਲੋਂ ਬਾਖੂਬੀ ਪੇਸ਼ ਕੀਤਾ ਗਿਆ। ਇਹ ਨਾਟਕ ਫਿਰਕੂਵਾਦ, ਜਾਤ ਪਾਤ, ਊਂਚ ਨੀਚ ਦੇ ਨਾਮ ਤੇ ਪਾੜੇ ਪਾਉਣ ਵਾਲੀਆਂ ਸ਼ਰਾਰਤੀ ਤਾਕਤਾਂ ਦੇ ਮੂੰਹ ਤੇ ਇਕ ਕਰਾਰੀ ਚਪੇੜ ਹੈ। ਨਾਟਕ ਦੇ ਮੰਚਨ ਦੌਰਾਨ ਆਡੀਟੋਰੀਅਮ ਹਾਲ ਸਮਰੱਥਾ ਤੋਂ ਵਧੇਰੇ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਇਆ ਸੀ। ਅਜੋਕੇ ਸਮਾਜ ਦੀਆਂ ਤਰੁੱਟੀਆਂ ਨੂੰ ਦਰਸਾਉਣ ਵਾਲੇ ਡਾਕਟਰ ਸਾਹਿਬ ਸਿੰਘ ਦੇ ਭਾਵੁਕ ਡਾਇਲਾਗਾਂ ਅਤੇ ਉਹਨਾਂ ਦੀ ਮੰਝੀ ਹੋਈ ਕਲਾਕਾਰੀ ਵੇਖ ਕੇ, ਨਾਟਕ ਦੇ ਮੰਚਨ ਦੌਰਾਨ ਅਜਿਹੀ ਕੋਈ ਅੱਖ ਨਹੀਂ ਸੀ ਜੀ ਰੋਈ ਨਾ ਹੋਵੇ।
ਇਸ ਮੌਕੇ ਵਿਦਿਆਰਥੀਆਂ ਵੱਲੋਂ ਸਿੱਖਿਆਦਾਇਕ ਅਤੇ ਦੇਸ਼ ਭਗਤੀ ਨਾਲ ਭਿੱਜੀਆਂ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ। ਆਪਣੇ ਧੰਨਵਾਦ ਭਾਸ਼ਣ ਦੌਰਾਨ ਕਾਲਜ ਦੇ ਪ੍ਰਿੰਸੀਪਲ ਵੱਲੋਂ ਸਾਹਿਬ ਸਿੰਘ ਜੀ ਦੇ ਨਾਟਕ ਦੇ ਸਫਲ ਮੰਚਨ ਲਈ ਵਧਾਈ ਦਿੱਤੀ ਅਤੇ ਓਹਨਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਅਜਿਹੇ ਨਾਟਕਾਂ ਦਾ ਮੰਚਨ ਰਣਬੀਰ ਕਾਲਜ ਦੇ ਵਿਹੜੇ ਵਿੱਚ ਹੁੰਦਾ ਰਹੇਗਾ। ਬਦਲਦੇ ਮੌਸਮ ਦੇ ਸਬੰਧ ਵਿੱਚ ਵਿਦਿਆਰਥੀਆਂ ਦੀ ਇਕ ਜਾਯਜ਼ ਮੰਗ ਨੂੰ ਪੂਰ ਚਾੜ੍ਹਦੇ ਹੋਈਆਂ ਪ੍ਰਿੰਸੀਪਲ ਸਾਹਿਬ ਨੇ ਆਡੀਟੋਰੀਅਮ ਦੇ ਪੱਖੇ ਅਤੇ ਏਅਰ ਕੰਡੀਸ਼ਨਰ ਜਲਦੀ ਠੀਕ ਕਰਵਾਉਣ ਦਾ ਆਸ਼ਵਾਸਨ ਵੀ ਦਿੱਤਾ। ਓਹਨਾ ਨੇ ਕਲਾਕਾਰ ਸਾਹਿਬ ਸਿੰਘ ਨੂੰ ਓਹਨਾ ਦੇ ਜਨਮਦਿਨ ਦੀ ਵਧਾਈ ਵੀ ਦਿੱਤੀ ਅਤੇ ਓਹਨਾ ਦੀ ਤੰਦਰੁਸਤੀ ਭਾਰੀ ਲੰਮੇਰੀ ਉਮਰ ਦੀ ਕਾਮਨਾ ਕੀਤੀ।

