ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਗੁਰਦੁਆਰਾ ਸ਼ਹੀਦ ਬਾਬਾ ਨੌਧ ਸਿੰਘ ਵਿਖੇ ਮੱਥਾ ਟੇਕਿਆ ।
ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਜੋਗਾ ਸਿੰਘ ਸਰਦਾਰ ਸੰਧੂ ਨੂੰ ਸ਼੍ਰੀ ਸਾਹਿਬ ਅਤੇ ਸਿਰੋਪਾਉ ਨਾਲ ਕੀਤਾ ਸਨਮਾਨਿਤ।
ਅੰਮ੍ਰਿਤਸਰ 1 ਅਪ੍ਰੈਲ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਗੁਰਦੁਆਰਾ ਸ਼ਹੀਦ ਬਾਬਾ ਨੌਧ ਸਿੰਘ ਤਰਨ ਤਾਰਨ ਰੋਡ ਪਿੰਡ ਚੱਬਾ ਵਿਖੇ ਮੱਥਾ ਟੇਕਿਆ ਅਤੇ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਜੋਗਾ ਸਿੰਘ ਨਾਲ ਮੁਲਾਕਾਤ ਕੀਤੀ। ਜਿੱਥੇ ਉਨ੍ਹਾਂ ਨੂੰ ਬਾਬਾ ਜੋਗਾ ਸਿੰਘ ਵੱਲੋਂ ਸ਼੍ਰੀ ਸਾਹਿਬ ਅਤੇ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪੰਜਾਬ ਅਤੇ ਪੰਥਕ ਮਾਮਲਿਆਂ ’ਤੇ ਵਿਚਾਰ ਚਰਚਾ ਕੀਤੀ। ਇਸ ਮੌਕੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਟਾਹਲਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਵੀ ਮੌਜੂਦ ਸਨ। ਬਾਬਾ ਜੋਗਾ ਸਿੰਘ ਨੇ ਕਿਹਾ ਕਿ ਸਰਦਾਰ ਤਰਨਜੀਤ ਸਿੰਘ ਸੰਧੂ ਦੇ ਦਾਦਾ ਸਰਦਾਰ ਤੇਜਾ ਸਿੰਘ ਸਮੁੰਦਰੀ ਦੀਆਂ ਗੁਰੂਘਰ ਅਤੇ ਸਿੱਖ ਕੌਮ ਲਈ ਵੱਡੀਆਂ ਘਾਲਣਾਵਾਂ ਰਹੀਆਂ ਹਨ। ਜਿਸ ਨੂੰ ਕੋਈ ਵੀ ਸੱਚਾ ਸਿੱਖ ਭੁਲਾ ਨਹੀਂ ਸਕਦਾ। ਉਨ੍ਹਾਂ ਸਰਦਾਰ ਸੰਧੂ ਦੇ ਪਿਤਾ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਦੀ ਧਾਰਮਿਕ ਸ਼ਖ਼ਸੀਅਤ ਅਤੇ ਉਨ੍ਹਾਂ ਵੱਲੋਂ ਵੀ ਵਿੱਦਿਆ ਦੇ ਖੇਤਰ ’ਚ ਪਾਏ ਗਏ ਯੋਗਦਾਨ ਨੂੰ ਵੀ ਯਾਦ ਕੀਤਾ। ਬਾਬਾ ਜੋਗਾ ਸਿੰਘ ਨੇ ਸਰਦਾਰ ਸੰਧੂ ਨੂੰ ਸਮਾਜ ਸੇਵਾ ਅਤੇ ਗੁਰੂ ਨਗਰੀ ਅੰਮ੍ਰਿਤਸਰ ਦੀ ਸ਼ੇਵਾ ਪ੍ਰਤੀ ਤਤਪਰ ਰਹਿਣ ਦੀ ਸਹਾਰਨਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਦੀ ਸੇਵਾ ਕਰਨ ਵਾਲਿਆਂ ਨੂੰ ਕਿਸੇ ਗੱਲੋਂ ਥੁੜ ਨਹੀਂ ਆਵੇਗੀ।
ਇਸ ਮੌਕੇ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਧਾਰਮਿਕ ਸਮਾਗਮ ਵਿਚ ਸ਼ਿਰਕਤ ਕਰਦਿਆਂ ਗੁਰੂ ਸਾਹਿਬ ਦੇ ਸਨਮੁਖ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਉਹਨਾਂ ਕਿਹਾ ਕਿ ਸੰਤ ਮਹਾਂਪੁਰਸ਼ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਵਰਜ ਕੇ ਸਮਾਜ ਭਲਾਈ ਦੇ ਕੰਮਾਂ ਵਲ ਪ੍ਰੇਰਿਤ ਕਰ ਰਹੇ ਹਨ, ਜੋ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਭਾਰਤੀ ਵਿਦੇਸ਼ ਸ਼ੇਵਾ ਦੌਰਾਨ ਜਦੋਂ ਉਹ ਰੂਸ, ਸ਼੍ਰੀ ਲੰਕਾ ਅਤੇ ਅਮਰੀਕਾ ਵਿਚ ਭਾਰਤ ਦੀ ਸੇਵਾ ਕਰ ਰਹੇ ਸਨ ਤਦ ਵੀ ਅੰਮ੍ਰਿਤਸਰ ਮੇਰੇ ਵੀ ਦਿਲ ਵਿਚ ਰਿਹਾ। ਅੱਜ ਅੰਮ੍ਰਿਤਸਰ ਦੀ ਸੇਵਾ ਮੌਕਾ ਕਰਨ ਦਾ ਮੌਕਾ ਮਿਲਿਆ ਹੈ। ਹੁਣ ਗੁਰੂ ਨਗਰੀ ਅੰਮ੍ਰਿਤਸਰ ਦਾ ਵਿਕਾਸ ਹੀ ਮੇਰਾ ਪ੍ਰਮੁੱਖ ਮੰਤਵ ਹੈ। ਉਸ ਨੂੰ ਮੌਕਾ ਮਿਲੇ ਨਾ ਮਿਲੇ ਅੰਮ੍ਰਿਤਸਰ ਦੇ ਵਿਕਾਸ, ਇਸ ਨੂੰ ਇੰਦੌਰ ਦੀ ਤਰਾਂ ਸਾਫ਼, ਸਵੱਛ ਤੇ ਸੁੰਦਰ ਬਣਾਉਣ ਵਿਚ ਕੋਈ ਕਸਰ ਨਹੀਂ ਛੱਡਾਂਗਾ ਅਤੇ 2017 ਤਕ ਜਦੋਂ ਅੰਮ੍ਰਿਤਸਰ ਦੀ 450 ਵੀਂ ਸਥਾਪਨਾ ਦਿਵਸ ਮਨਾ ਰਹੇ ਹੋਵਾਂਗੇ ਉਸ ਵਕਤ ਇਸ ਨਗਰੀ ਦੀ ਤਸਵੀਰ ਬਦਲੀ ਹੋਈ ਹੋਵੇਗੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਸਰਵਪੱਖੀ ਵਿਕਾਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ। ਸਰਦਾਰ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸਿੱਖਾਂ ਨੂੰ ਪਿਆਰ ਕਰਨ ਵਾਲੇ ਹਨ। ਉਨ੍ਹਾਂ ਕਰਤਾਰਪੁਰ ਲਾਂਘਾ ਉਸਾਰ ਕੇ 70 ਸਾਲਾਂ ਤੋਂ ਵਿੱਛੜੇ ਗੁਰਦੁਆਰਾ ਕਰਤਾਰਪੁਰ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਨੂੰ ਸੰਭਵ ਬਣਾਇਆ। ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ ਨੂੰ ਦੇਸ਼ ਵਿਦੇਸ਼ ਵਿਚ ਪੂਰੇ ਉਤਸ਼ਾਹ ਨਾਲ ਮਨਾਇਆ, ਹਰੇਕ ਸ਼ਾਲ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪੂਰੇ ਦੇਸ਼ ਵਿਚ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਸ਼ਖ਼ਸ ਅੰਮ੍ਰਿਤਸਰ ਨੂੰ ਪਿਆਰ ਕਰਦਾ ਹੈ ਉਹ ਜ਼ਰੂਰ ਸਾਥ ਦੇਣ। ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਉਸ ਕੋਲ ਅੰਮ੍ਰਿਤਸਰ ਦੇ ਵਿਕਾਸ ਲਈ ਯੋਜਨਾਵਾਂ ਹਨ। ਉਨ੍ਹਾਂ ਸ਼ਹਿਰ ਦੇ ਵਿਕਾਸ ਲਈ ਭਾਜਪਾ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਕ ਉਸਾਰੂ ਰਾਜਨੀਤੀ ਦਾ ਸਾਥ ਦੇਣ ਲਈ ਹਰੇਕ ਨੂੰ ਅੱਗੇ ਆਉਣ ਦਾ ਸਦਾ ਦਿੱਤਾ ।

