ਬਾਰ ਐਸੋਸੀਏਸ਼ਨ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਾਵਾਂਗਾ – ਤਰਨਜੀਤ ਸਿੰਘ ਸੰਧੂ।
ਸੰਧੂ ਨੇ ਸਤਿਕਾਰ ਅਤੇ ਸਮਰਥਨ ਦੇਣ ਲਈ ਸਮੂਹ ਵਕੀਲ ਸਾਹਿਬਾਨ ਦਾ ਧੰਨਵਾਦ ਕੀਤਾ।
ਅੰਮ੍ਰਿਤਸਰ, 19 ਅਪ੍ਰੈਲ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ’ਚ ਭਾਰਤ ਦੇ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਅੰਮ੍ਰਿਤਸਰ ਅਤੇ ਬਾਰ ਐਸੋਸੀਏਸ਼ਨ ਦੇ ਮੁੱਦਿਆਂ ਉੱਤੇ ਚਰਚਾ ਕੀਤੀ। ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਸੱਦੇ ’ਤੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਸੰਧੂ ਨੇ ਕਿਹਾ ਕਿ ਸਮਾਜ ਨੂੰ ਸਹੀ ਦਿਸ਼ਾ ਵਿਚ ਚਲਾਉਣ ’ਚ ਵਕੀਲਾਂ ਦੀ ਬਹੁਤ ਵੱਡੀ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਮੈਂ ਜਾਣਦਾ ਹਾਂ ਵਕੀਲਾਂ ਅਤੇ ਉਨ੍ਹਾਂ ਦੇ ਮੁਨਸ਼ੀਆਂ ਨੂੰ ਕਈ ਚੁਨੌਤੀਆਂ ਹਨ। ਉਨ੍ਹਾਂ ਦੀ ਹੀ ਨਹੀਂ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਇਕ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਹਰੇਕ ਵਕੀਲ ਨੂੰ ਨਵੀਨਤਮ ਕਾਨੂੰਨ ਦੀਆਂ ਬਾਰੀਕੀਆਂ ਨਾਲ ਅੱਪਡੇਟ ਰਹਿਣਾ ਜ਼ਰੂਰੀ ਹੈ। ਉਨ੍ਹਾਂ ਐਸੋਸੀਏਸ਼ਨ ਦੀ ਮੰਗ ’ਤੇ ਕਿਹਾ ਕਿ ਉਹ ਕੇਂਦਰੀ ਲਾਅ ਮਨਿਸਟਰੀ ਨਾਲ ਇਸ ਬਾਰੇ ਗਲ ਕਰਨਗੇ ਕਿ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਅਤੇ ਲਾਇਬ੍ਰੇਰੀ ਨੂੰ ਉਹ ਲੋੜੀਂਦੀਆਂ ਸਹੂਲਤਾਂ ਦੇਣ ਜਿਸ ਵਿਚ ਨਵੀਨਤਮ ਕਾਨੂੰਨ ਦੀਆਂ ਕਿਤਾਬਾਂ ਅਤੇ ਰਸਾਲੇ ਸ਼ਾਮਿਲ ਹੋਣ ਤਾਂ ਜੋ ਵਕੀਲ ਆਪਣੇ ਆਪ ਨੂੰ ਨਵੀਨਤਮ ਕਾਨੂੰਨਾਂ ਨਾਲ ਅੱਪਡੇਟ ਕਰ ਸਕਣ।
ਉਨ੍ਹਾਂ ਡਿਜੀਟਲ ਲਾਇਬ੍ਰੇਰੀਆਂ ਦੀ ਅਹਿਮੀਅਤ ਬਾਰੇ ਕਿਹਾ ਕਿ ਬਾਰ ਦੇ ਕੰਮਾਂ ਨੂੰ ਡਿਜੀਟਲ ਨਾਲ ਜੋੜਦਿਆਂ ਕੰਪਿਊਟਰਾਂ ਅਤੇ ਪ੍ਰਿੰਟਰਾਂ ਨਾਲ ਮੁਕੰਮਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਨਵੀਨਤਮ ਫ਼ੈਸਲਿਆਂ ਨੂੰ ਹਵਾਲਿਆਂ ਲਈ ਵਰਤੇ ਜਾ ਸਕਣ। ਸ. ਸੰਧੂ ਨੇ ਐਡਵੋਕੇਟ ਅਤੇ ਉਨ੍ਹਾਂ ਦੇ ਕਲਰਕ ਮੁਨਸ਼ੀਆਂ ਨੂੰ ਬੀਮਾ ਯੋਜਨਾ ਅਧੀਨ ਲਿਆਉਣ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਬੀਮਾ ਯੋਜਨਾ ਨਾਲ ਬੀਮਾ ਕਰਵਾਉਂਦੇ ਹਨ ਤਾਂ ਕਿਸੇ ਵੀ ਦੁਰਘਟਨਾ ਦੇ ਮਾਮਲੇ ਵਿੱਚ ਉਨ੍ਹਾਂ ਦੇ ਪਰਿਵਾਰਾਂ ਨੂੰ ਕਵਰ ਮਿਲ ਸਕਦਾ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਕੁਮਾਰ ਸੈਣੀ ਨੇ ਵਕੀਲਾਂ ਲਈ ਮਲਟੀ-ਲੈਵਲ ਪਾਰਕਿੰਗ ਦਾ ਮੁੱਦਾ ਉਠਾਇਆ ਕਿ ਵਕੀਲਾਂ ਅਤੇ ਗਾਹਕਾਂ ਲਈ ਅਦਾਲਤ ਦੇ ਆਲ਼ੇ-ਦੁਆਲੇ ਕਿਸੇ ਵੀ ਟਰੈਫ਼ਿਕ ਜਾਮ ਤੋਂ ਬਚਣ ਲਈ ਮਲਟੀ ਲੈਵਲ ਪਾਰਕਿੰਗ ਦੀ ਸੁਵਿਧਾ ਹੋਣੀ ਚਾਹੀਦੀ ਹੈ। ਉਨ੍ਹਾਂ ਵਕੀਲਾਂ ਲਈ ਗੈਂਗਸਟਰਾਂ ਅਤੇ ਹੋਰ ਅਪਰਾਧੀਆਂ ਤੋਂ ਸੁਰੱਖਿਆ ਪ੍ਰਬੰਧ ਦਾ ਮੁੱਦਾ ਵੀ ਉਠਾਇਆ ਅਤੇ ਕਿਹਾ ਕਿ ਜਦੋਂ ਉਹ ਆਪਣੇ ਮੁਕੱਦਮੇ ਲਈ ਅਦਾਲਤੀ ਕੰਪਲੈਕਸ ਵਿੱਚ ਪਹੁੰਚਦੇ ਹਨ , ਉਸ ਵਕਤ ਕੋਰਟ ਕੰਪਲੈਕਸ ਸੁਰੱਖਿਅਤ ਹੋਣਾ ਚਾਹੀਦਾ ਹੈ। ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਦੇ ਕੁਝ ਮਸਲੇ ਤਾਂ ਉਹ ਐੱਮ ਪੀ ਬਣੇ ਖ਼ੁਦ ਹੱਲ ਕਰਨਗੇ ਅਤੇ ਬਾਕੀ ਦੇ ਮਸਲਿਆਂ ਨੂੰ ਉਹ ਕੇਂਦਰੀ ਲਾਅ ਮੰਤਰੀ ਤੋਂ ਹੱਲ ਕਰਵਾਉਣਗੇ। ਅਖੀਰ ’ਚ ਸ. ਸੰਧੂ ਨੇ ਉਨ੍ਹਾਂ ਨੂੰ ਸਤਿਕਾਰ ਅਤੇ ਸਮਰਥਨ ਦੇਣ ਲਈ ਸਮੂਹ ਵਕੀਲ ਸਾਹਿਬਾਨ ਦਾ ਧੰਨਵਾਦ ਕੀਤਾ ਅਤੇ ਵਾਅਦਾ ਕੀਤਾ ਕਿ ਬਾਰ ਐਸੋਸੀਏਸ਼ਨ ਨੇ ਅੱਜ ਜੋ ਵੀ ਮਸਲੇ ਉਠਾਏ ਹਨ ਉਨ੍ਹਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਕਰਾਵਾਂਗਾ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਕੁਮਾਰ ਸੈਣੀ, ਉਪ ਪ੍ਰਧਾਨ ਮਨੀਸ਼ ਦੇਵਗਨ, ਸਕੱਤਰ ਸਨਪ੍ਰੀਤ ਮਾਨ, ਸੰਯੁਕਤ ਸਕੱਤਰ ਰਾਹੁਲ ਸੇਠੀ ਕਾਰਜਕਾਰੀ ਮੈਂਬਰ ਸਟੇਟ ਲੀਗਲ ਸੈੱਲ ਭਾਜਪਾ ਅਤੇ ਐਡਵੋਕੇਟ ਪੀਯੂਸ਼ ਭਾਟੀਆ ਸਮੇਤ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੀ ਸਾਰੀ ਕਾਰਜਕਾਰਨੀ ਮੌਜੂਦ ਸੀ।

