ਪੰਜਾਬ ਨੂੰ ਗੁੰਡਾ ਸਟੇਟ ਬਨਾਉਣਾ ਚਾਹੁੰਦੇ ਹਨ ਅਕਾਲੀ ਅਤੇ ਆਪ ਆਗੂ : ਮੰਨਾ
ਸ਼ਕਤੀ ਪ੍ਰਦਰਸ਼ਨ ਕਰ ਦੋਹਾਂ ਪਾਰਟੀਆਂ ਨੇ ਸਾਬਤ ਕਰ ਦਿੱਤਾ ਕਿ ਇੰਨ੍ਹਾਂ ਦੇ ਹੱਥਾਂ ‘ਚ ਸੂਬਾ ਨਹੀਂ ਰਹਿ ਸਕਦਾ ਸੁਰਖਿਅਤ
ਅੰਮ੍ਰਿਤਸਰ, 30 ਜੁਲਾਈ (ਮਧੂਸਾਰ ਬਿਊਰੋ)
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਅੰਮ੍ਰਿਤਸਰ ‘ਚ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਅਤੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ ਜੋ ਸ਼ਕਤੀ ਪ੍ਰਦਰਸ਼ਨ ਕੀਤਾ ਉਸ ਤੋਂ ਸਾਬਤ ਹੁੰਦਾ ਹੈ ਕਿ ਦੋਹਾਂ ਪਾਰਟੀਆਂ ਪੰਜਾਬ ਨੂੰ ਗੁੰਡਾ ਸਟੇਟ ਬਨਾਉਣਾ ਚਾਹੁੰਦੀਆਂ ਹਨ ਪਰ ਪੰਜਾਬ ਦੇ ਲੋਕ ਹੁਣ ਸੂਬੇ ਅਤੇ ਆਪਣੇ ਭਵਿੱਖ ਦੇ ਨਾਲ ਇੰਨ੍ਹਾਂ ਨੂੰ ਹੋਰ ਖਿਲਵਾੜ ਨਹੀਂ ਕਰਨ ਦੇਣਗੇ। ਮੰਨਾ ਦੋਹਾਂ ਪਾਰਟੀਆਂ ਵੱਲੋਂ ਕਾਨੂੰਨੀ ਇਨਸਾਫ ਲੈਣ ਦੇ ਨਾਂ ‘ਤੇ ਕੀਤੇ ਗੁੰਡਾ ਪ੍ਰਦਰਸ਼ਨ ‘ਤੇ ਪ੍ਰਤਿਕ੍ਰਿਆ ਪ੍ਰਗਟ ਕਰ ਰਹੇ ਸਨ।
ਮੰਨਾ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੇ ਆਪਣੀਆਂ ਮੁੱਛਾਂ ਨੂੰ ਤਾਵ ਦੇ ਕੇ ਅਤੇ ਬਾਹਾਂ ਦੇ ਮਸਲ ਦਿਖਾ ਕੇ ਜੋ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਸੰਕੇਤਾਂ ਨੂੰ ਪੰਜਾਬ ਦੀ ਜਨਤਾ ਪੂਰੀ ਤਰ੍ਹਾਂ ਸਮਝ ਚੁਕੀ ਹੈ। ਮਜੀਠੀਆ ਦੇ ਸ਼ੁੱਕਰਵਾਰ ਦੇ ਸੰਕੇਤਾਂ ਨੇ ਪੰਜਾਬੀਆਂ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਦਾ ਭਵਿੱਖ ਕਿਸ ਪਾਸੇ ਜਾ ਰਿਹਾ ਹੈ ਜੇਕਰ ਸੂਬੇ ‘ਚ ਦੁਬਾਰਾ ਅਕਾਲੀ ਸੱਤਾ ‘ਚ ਆ ਜਾਂਦੇ ਹਨ ਤਾਂ। ਇਸੇ ਤਰ੍ਹਾਂ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਨਸਾਫ ਦੇ ਸਾਮ੍ਹਣੇ ਨਤਮਸਤਕ ਹੋਣ ਦੇ ਨਾਂ ‘ਤ ੇਜਿਸ ਤਰ੍ਹਾਂ ਦਾ ਸ਼ਕਤੀ ਪ੍ਰਦਰਸ਼ਨ ਕਰਦਿਆਂ ਬਿਆਨਬਾਜੀ ਕੀਤੀ ਹੈ ਉਸ ਤੋਂ ਸਪਸ਼ਟ ਹੋ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਹੱਥਾਂ ‘ਚ ਵੀ ਪੰਜਾਬ ਦਾ ਭਵਿੱਖ ਸੁਰਖਿਅਤ ਨਹੀਂ ਰਹਿ ਸਕਦਾ। ਦੋਵੇਂ ਪਾਰਟੀਆਂ ਪੰਜਾਬ ਦੇ ਲੋਕਾਂ ਦੇ ਭਵਿੱਖ ਦੀ ਭਲਾਈ ਸੋਚਣ ਦੀ ਜਗ੍ਹਾ ਆਪਣੇ ਭਵਿੱਖ ਨੂੰ ਦੇਖਦੇ ਹੋਏ ਪੰਜਾਬ ਨੂੰ ਖਾਨਾਜੰਗੀ ਦੇ ਰਸਤੇ ‘ਤੇ ਲਿਜਾਣ ਦੀਆਂ ਤਿਆਰੀਆਂ ਕਰ ਰਹੀਆਂ ਹਨ।
ਮੰਨਾ ਨੇ ਕਿਹਾ ਕਿ ਜੇਕਰ ਇੰਨ੍ਹਾਂ ਆਗੂਆਂ ਨੇ ਮੁੱਛਾਂ ‘ਤੇ ਤਾਵ ਦੇਣਾ ਹੀ ਸੀ ਜਾਂ ਫਿਰ ਸ਼ਕਤੀ ਪ੍ਰਦਰਸ਼ਨ ਕਰਨੇ ਹੀ ਸਨ ਤਾਂ ਇਹ ਪ੍ਰਦਰਸ਼ਨ ਉਨ੍ਹਾਂ ਨੂੰ ਚੰਗੇ ਕੰਮਾਂ ਅਤੇ ਲੋਕ ਭਲਾਈ ਦੇ ਮੁੱਦਿਆਂ ‘ਤੇ ਕਰਨੇ ਚਾਹੀਦੇ ਸਨ ਨਾ ਕਿ ਨਸ਼ੇ ਦੇ ਮੁੱਦੇ ‘ਤੇ ਜਿਸ ਨੇ ਪੰਜਾਬ ਦੇ ਹਜ਼ਾਰਾਂ ਘਰਾਂ ‘ਚ ਨੌਜਵਾਨਾਂ ਨੂੰ ਮੌਤ ਦੇ ਮੂੰਹ ‘ਚ ਧੱਕ ਦਿੱਤਾ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਜਦੋਂ ਕਾਂਗਰਸ ਸੂਬੇ ‘ਚ ਨਸ਼ਾ ਹੋਣ ਦੀ ਗੱਲ ਕਰਦੀ ਹੈ ਤਾਂ ਇਹ ਦੋਹਾਂ ਪਾਰਟੀਆਂ ਦੇ ਆਗੂ ਕਾਂਗਰਸ ‘ਤੇ ਸੂਬੇ ਨੂੰ ਬਦਨਾਮ ਕਰਨ ਦੇ ਬੇਬੁਨਿਆਦ ਦੋਸ਼ ਲਗਾਉਂਦੇ ਹਨ ਪਰ ਸ਼ੁੱਕਰਵਾਰ ਨੂੰ ਫੂਹੜ ਕਿਸਮ ਦਾ ਸ਼ਕਤੀ ਪ੍ਰਦਰਸ਼ਨ ਕਰਕੇ ਇੰਨ੍ਹਾਂ ਆਗੂਆਂ ਨੇ ਦੁਨੀਆ ਦੇ ਨਕਸ਼ੇ ‘ਤੇ ਪੰਜਾਬ ਦਾ ਕਿਹੜਾ ਅਕਸ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤਾਂ ਹੈ ਸੂਬੇ ‘ਚ ਨਸ਼ੇ ਦੀ ਜਨਮ ਦੇਣ ਵਾਲੀ ਪਾਰਟੀ ਹੈ ਜਦਕਿ ਕੇਜਰੀਵਾਲ ਵੀ ਵਾਈਟ ਪੇਪਰ ਜਾਰੀ ਕਰਨ ਲਈ ਤਿਆਰ ਨਹੀਂ ਹੈ ਕਿ ਉਸਨੇ ਦਿੱਲੀ ‘ਚ ਰਾਜ ਸੰਭਾਲਣ ਤੋਂ ਉਥੋਂ ਕਿੰਨਾ ਨਸ਼ਾ ਖਤਮ ਕੀਤਾ ਹੈ। ਨਸ਼ਾ ਖਤਮ ਕਰਨ ਦੀ ਜਗ੍ਹਾ ਕੇਜਰੀਵਾਲ ਨੇ ਦਿੱਲੀ ‘ਚ ਔਰਤਾਂ ਲਈ ਹੀ ਪਿੰਕ ਬਾਰ ਅਤੇ ਠੇਕੇ ਖੋਲਣ ਦੀ ਮਨਜੂਰੀ ਦਿੱਤੀ ਹੈ ਜਿਥੋਂ ਔਰਤਾਂ ਸ਼ਰਾਬ ਖਰੀਦ ਸਕਣਗੀਆਂ, ਔਰਤਾਂ ਹੀ ਉਥੇ ਸ਼ਰਾਬ ਵੇਚਣਗੀਆਂ ਅਤੇ ਔਰਤਾਂ ਹੀ ਉਥੇ ਜਾ ਕੇ ਸ਼ਰਾਬ ਦਾ ਸੇਵਨ ਕਰ ਸਕਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਨਸ਼ਾ ਨਾ ਹੋਣ ਦੀ ਦੁਹਾਈ ਦੇਣ ਵਾਲਾ ਅਕਾਲੀ ਦਲ ਅੱਜ ਤਕ ਇਹ ਜਵਾਬ ਨਹੀਂ ਦੇ ਸਕਿਆ ਕਿ ਜੇਕਰ ਸੂਬੇ ‘ਚ ਨਸ਼ਾ ਨਹੀਂ ਤਾਂ ਹਰ ਜ਼ਿਲ੍ਹੇ ‘ਚ ਨਸ਼ਾ ਛੁਡਾਊ ਕੇਂਦਰ ਖੋਲਣ ਦੀ ਕੀ ਲੋੜ ਪੈ ਗਈ ਸੀ ਇਥੋਂ ਤਕ ਕਿ ਔਰਤਾਂ ਲਈ ਵੀ ਨਸ਼ਾ ਛੁਡਾਊ ਕੇਂਦਰ ਕਿਉਂ ਖੋਲਣੇ ਪਏ। ਨਸ਼ੇ ਦੇ ਸੰਵੇਦਨਸ਼ੀਲ ਮੁੱਦੇ ਨੂੰ ਦੋਹਾਂ ਪਾਰਟੀਆਂ ਨੇ ਹੀ ਆਪਣੀਆਂ ਸਿਆਸੀ ਰੋਟੀਆਂ ਸੇਕਣ ਦਾ ਜ਼ਰੀਆ ਬਣਾ ਲਿਆ। ਜਦਕਿ ਸਮੇਂ ਦੀ ਲੋੜ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ੇ ਤੋਂ ਕੱਢ ਕੇ ਰੋਜਗਾਰ ਵੱਲ ਕਿਵੇਂ ਲੈ ਕੇ ਜਾਂਦੇ ਹੋਏ ਉਨ੍ਹਾਂ ਦਾ ਭਵਿੱਖ ਸੁਰਖਿਅਤ ਕਰਨਾ ਹੈ ਇਸ ‘ਤੇ ਸੋਚਣ ਦੀ ਲੋੜ ਸੀ। ਦੋਵੇਂ ਪਾਰਟੀਆਂ ਅਕਾਲੀ-ਭਾਜਪਾ ਗਠਜੋੜ ਅਤੇ ਆਮ ਆਦਮੀ ਪਾਰਟੀ ਦੇ ਕੋਲ ਨਸ਼ਾ ਪੀੜਤਾਂ ਦੇ ਕਲਿਆਣ ਲਈ ਕੋਈ ਪ੍ਰੋਗਰਾਮ ਨਹੀਂ ਹੈ। ਉਨ੍ਹਾਂ ਕਿਹਾ ਕਿ ਦੋਵੇਂ ਹੀ ਪਾਰਟੀਆਂ ਪੰਜਾਬ ਨੂੰ ਲੁੱਟਣਾ ਅਤੇ ਤਬਾਹ ਕਰਨਾ ਚਾਹੁੰਦੀਆਂ ਹਨ ਅਤੇ ਇਸ ਲਈ ਇੰਨ੍ਹਾਂ ਦੇ ਆਗੂਆਂ ਦੀਆਂ ਸਾਜਿਸ਼ਾਂ ਸ਼ਿਕਾਰ ਨਹੀਂ ਹੋਣਾ ਚਾਹੀਦਾ।

