4 ਜੂਨ ਤੋਂ ਬਾਅਦ ਅੱਥਰੂ ਸਾਡੇ ਨਹੀਂ ਨਸ਼ੇ ਦੇ ਧੰਦੇਬਾਜਾਂ ਅਤੇ ਸਾਥ ਦੇਣ ਵਾਲਿਆਂ ਦੇ ਨਿਕਲਣਗੇ। – ਤਰਨਜੀਤ ਸੰਧੂ ਸਮੁੰਦਰੀ।
ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਦਿਹਾਤੀ ਖੇਤਰ ਨਾਲ ਸੰਬੰਧਿਤ ਗ਼ਰੀਬ ਪਰਿਵਾਰਾਂ ਦੀਆਂ ਔਰਤਾਂ ਦੀ ਇਕ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕੀਤਾ।
ਅੰਮ੍ਰਿਤਸਰ 5 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਦਿਹਾਤੀ ਖੇਤਰ ਨਾਲ ਸੰਬੰਧਿਤ ਗ਼ਰੀਬ ਪਰਿਵਾਰਾਂ ਦੀਆਂ ਔਰਤਾਂ ਦੀ ਇਕ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਪੂਰੀ ਦ੍ਰਿੜ੍ਹਤਾ ਅਤੇ ਗੰਭੀਰਤਾ ਨਾਲ ਕਿਹਾ ਕਿ 4 ਜੂਨ ਤੋਂ ਬਾਅਦ ਅੱਥਰੂ ਸਾਡੇ ਨਹੀਂ ਉਨ੍ਹਾਂ ਸਮਾਜ ਵਿਰੋਧੀ ਨਸ਼ੇ ਦੇ ਸੌਦਾਗਰਾਂ ਅਤੇ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਦੇ ਨਿਕਲਣਗੇ। ਇਸ ਦਾ ਪ੍ਰਗਟਾਵਾ ਸੰਧੂ ਸਮੁੰਦਰੀ ਨੇ ਉਸ ਵਕਤ ਕੀਤਾ ਜਦੋਂ ਪੇਂਡੂ ਔਰਤਾਂ ਵੱਲੋਂ ਨਸ਼ੇ ਨੂੰ ਲੈ ਕੇ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਬਾਰੇ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਅੱਜ ਘਰਾਂ ਦੇ ਘਰ ਨਸ਼ਿਆਂ ਕਾਰਨ ਬਰਬਾਦ ਹੋ ਰਹੇ ਹਨ।ਨਸ਼ੇੜੀ ਮਰਦ ਅਤੇ ਬਚਿਆਂ ਨੂੰ ਦੇਖ ਕੇ ਬੜਾ ਦੁਖ ਹੁੰਦਾ ਹੈ। ਇਸ ਮੌਕੇ ਸੰਧੂ ਸਮੁੰਦਰੀ ਨੇ ਕਿਹਾ ਕਿ ਸਨਮਾਨ ਤੁਹਾਡਾ ਹੱਕ ਹੈ। ਹਰੇਕ ਦੀ ਜ਼ਿੰਦਗੀ ’ਚ ਮਾਂਵਾਂ ਦੀ ਵੱਡੀ ਭੂਮਿਕਾ ਹੁੰਦੀ ਹੈ। ਮੇਰੀ ਮਾਂ ਵੀ ਦਿਹਾਤੀ ਤੋਂ ਆਉਂਦੀ ਸੀ। ਅਮਰੀਕਾ ਤੋਂ ਪੜ੍ਹ ਕੇ ਅੰਮ੍ਰਿਤਸਰ ’ਚ ਸੇਵਾ ਕੀਤੀ। ਉਸ ਨੇ ਹੀ ਮੈਨੂੰ ਪੜਾਇਆ ਅਤੇ ਮੈਂ ਦੇਸ਼ ਤੇ ਸਮਾਜ ਲਈ ਕੁਝ ਕਰ ਸਕਿਆ। ਉਨ੍ਹਾਂ ਔਰਤਾਂ ਨੂੰ ਆਪਣੇ ਬਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅਮਰੀਕੀ ਭਾਰਤੀ ਪ੍ਰਵਾਸੀਆਂ ਨੇ 830 ਕਰੋੜ ਦਾ ਪ੍ਰਬੰਧ ਕੀਤਾ ਹੈ,
ਜਿਸ ਨਾਲ ਸਾਡੇ ਨੌਜਵਾਨਾਂ ਨੂੰ ਅਤੇ ਔਰਤਾਂ ਨੂੰ ਸਵੈ ਰੁਜ਼ਗਾਰ ਦੇਣ ਵਿਚ ਮਦਦ ਮਿਲੇਗੀ। ਤੁਸੀਂ ਸੁਸਾਇਟੀ ਬਣਾਓ, ਘਰੇਲੂ ਵਸਤਾਂ, ਪਾਪੜ ਵੜੀਆਂ, ਤੇ ਹੋਰ ਸਮਾਨ ਤਿਆਰ ਕਰੋ, ਲਾਗਤ ਦਾ ਪ੍ਰਬੰਧ ਅਸੀਂ ਕਰਾਂਗੇ। ਆਮਦਨੀ ਤੁਹਾਡੀ ਵਧੇਗੀ। ਇਸ ਤੋਂ ਇਲਾਵਾ ਕੇਂਦਰੀ ਸਕੀਮਾਂ ਅਤੇ ਪੈਸਾ ਤੁਹਾਡੇ ਕੋਲ ਸਿਧਾ ਪਹੁੰਚਾਇਆ ਜਾਵੇਗਾ। ਨੀਲੇ ਕਾਰਡ ਹੋਣ ਜਾਂ ਬੀਮਾ ਯੋਜਨਾ ਕਿਸੇ ਤਰਾਂ ਦੀ ਮੁਸ਼ਕਲ ਨਹੀਂ ਆਉਣ ਦਿਆਂਗਾ। ਮੇਰੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾਂ ਖੁੱਲ੍ਹੇ ਹਨ। ਤੁਹਾਡੇ ਅਧਿਕਾਰ ਹਨ, ਕਿਸੇ ਨੂੰ ਫ਼ਿਕਰ ਕਰਨ ਦੀ ਲੋੜ ਨਹੀਂ। ਮੈ ਤੁਹਾਡੇ ਨਾਲ ਖੜ੍ਹਾ ਹਾਂ। ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀਆਂ ਚੋਣਾਂ ਤੋਂ ਬਾਅਦ ਸਰਗਰਮ ਹੋਣਗੀਆਂ। ਜੋ ਠੇਕੇਦਾਰ ਬਣੇ ਫਿਰਦੇ ਹਨ ਸਭ ਨੂੰ ਕਾਨੂੰਨ ਅਨੁਸਾਰ ਅੰਦਰ ਕੀਤੇ ਜਾਣਗੇ। ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੱਗੇ ਕਿਹਾ ਕਿ ਭਾਵੇਂ ਕਿ ਅੰਮ੍ਰਿਤਸਰ ਅਤੇ ਸਰਹੱਦੀ ਖੇਤਰ ਦਾ ਵਿਕਾਸ ਮੇਰੇ ਲਈ ਪ੍ਰਮੁੱਖ ਚੋਣ ਏਜੰਡਾ ਹੈ। ਪਰ ਨਸ਼ਿਆਂ ਦੀ ਕੋਹੜ ਨੂੰ ਜੜ੍ਹੋਂ ਖ਼ਤਮ ਕਰਨ ਦਾ ਟੀਚਾ ਵੀ ਮਿੱਥ ਚੁੱਕਿਆ ਹਾਂ। ਜ਼ੀਰੋ ਟਾਲਰੈਸ ਅਪਣਾਉਂਦਿਆਂ ਨਸ਼ਿਆਂ ਵਿਰੁੱਧ ਵਿਆਪਕ ਜੰਗ ਕਰਾਂਗਾ। ਅੰਮ੍ਰਿਤਸਰ ਨੂੰ ਨਸ਼ਾ ਮੁਕਤ ਬਣਾਉਣ ਲਈ ਮਿਲ ਕੇ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਲੱਗੀ ਨਸ਼ਿਆਂ ਦੀ ਲਤ ਛਡਵਾਉਣ ਲਈ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਦੇ ਨਾਲ ਅਸਰਦਾਇਕ ਵਿਦੇਸ਼ੀ ਦਵਾਈਆਂ ਦੀ ਵਰਤੋਂ ਕੀਤੀ ਜਾਵੇਗੀ। ਨਸ਼ਿਆਂ ਦੇ ਪ੍ਰਭਾਵ ਤੋਂ ਨੌਜਵਾਨਾਂ ਨੂੰ ਮੁਕਤ ਕਰਦਿਆਂ ਉਨ੍ਹਾਂ ਨੂੰ ਸਮਾਜ ’ਚ ਸਨਮਾਨਜਨਕ ਜੀਵਨ ਪ੍ਰਦਾਨ ਕਰਨ ਲਈ ਚੰਗੀ ਪੜਾਈ, ਚੰਗੀਆਂ ਨੌਕਰੀਆਂ ਅਤੇ ਰੁਜ਼ਗਾਰ ਮੁਹੱਈਆ ਕਰਾਉਣ ਦਾ ਵੀ ਵਾਅਦਾ ਕੀਤਾ ਹੈ। ਉੱਥੇ ਹੀ ਨਸ਼ੇ ਦੇ ਧੰਦੇ ’ਚ ਲੱਗੇ ਅਨਸਰਾਂ ਖਿਲਾਫ ਸਖ਼ਤ ਕਾਰਵਾਈ ਨੂੰ ਅੰਜਾਮ ਦੇਣ ਦਾ ਵੀ ਭਰੋਸਾ ਦਿੱਤਾ।
ਸੰਧੂ ਸਮੁੰਦਰੀ ਨੇ ਕਿਹਾ ਕਿ ਬਹੁਤ ਸਾਰੇ ਅਜਿਹੇ ਤਰੀਕੇ ਹਨ ਜਿਨ੍ਹਾਂ ਨਾਲ ਅਸੀਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਸਕਦੇ ਹਾਂ। ਜਿਹੜੀਆਂ ਦਵਾਈਆਂ ਉਨ੍ਹਾਂ ਨੂੰ ਇਸ ਵੇਲੇ ਦਿੱਤੀਆਂ ਜਾਂਦੀਆਂ ਹਨ, ਉਹ ਬਲੈਕ ਵਿੱਚ ਵਿਕਦੀਆਂ ਹਨ । ਜੋ ਦਵਾਈਆਂ ਉਹ ਲੈਂਦੇ ਹਨ, ਉਨ੍ਹਾਂ ਨਾਲ ਉਨ੍ਹਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੁੰਦਾ, ਸਗੋਂ ਵਿਗੜ ਜਾਂਦਾ ਹੈ। ਉਨ੍ਹਾਂ ਇਸ ਮਾਮਲੇ ’ਚ ਬਾਹਰਲੇ ਦੇਸ਼ਾਂ ਵੱਲੋਂ ਵਰਤਮਾਨ ਵਿੱਚ ਵਰਤੀਆਂ ਜਾ ਰਹੀਆਂ ਦਵਾਈਆਂ ਵਲ ਧਿਆਨ ਦਿਵਾਇਆ। ਅਮਰੀਕਾ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਉੱਥੇ ਜਿਹੜਾ ਸਭ ਤੋਂ ਵਧੀਆ ਡਾਕਟਰ ਰਾਹੁਲ ਗੁਪਤਾ ਹੈ ਉਹ ਸਾਡੇ ਪੰਜਾਬ ਤੋਂ ਹਨ ਅਤੇ ਉਹ ਇਸ ਮਾਮਲੇ ’ਚ ਡਟ ਕੇ ਸਾਡੀ ਮਦਦ ਲਈ ਤਿਆਰ ਹਨ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੇ ਇਲਾਜ ਲਈ ਅਮਰੀਕਾ ’ਚ ਦੋ ਤਰਾਂ ਦੀਆਂ ਦਵਾਈਆਂ ਹਨ, ਇੱਕ ਨੱਕ ਵਿੱਚ ਪਾਈ ਜਾਂਦੀ ਹੈ ਅਤੇ ਦੂਜੀ ਦਵਾਈ ਦਾ ਟੀਕਾ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਮੈਂ ਦੋਵੇਂ ਦਵਾਈਆਂ ਅੰਮ੍ਰਿਤਸਰ ਲਿਆਵਾਂਗਾ ਅਤੇ ਮੁਫ਼ਤ ਵੰਡਾਂਗਾ। ਉਨ੍ਹਾਂ ਕਿਹਾ, ਮੈਂ ਅੰਮ੍ਰਿਤਸਰ ਦੇ ਲੋਕਾਂ ਨਾਲ ਵਾਅਦਾ ਕਰਦਾ ਹਾਂ ਕਿ ਭਾਰਤ ਸਰਕਾਰ ਅਤੇ ਏਜੰਸੀਆਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਇਸ ਦੀ ਜੜ੍ਹ ਤੱਕ ਜਾਣਗੀਆਂ । ਜੋ ਕੋਈ ਵੀ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਨਾਲ ਜੁੜਿਆ ਹੈ ਜਾਂ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਕਰ ਰਹੇ ਹਨ, ਉਨ੍ਹਾਂ ਲੋਕਾਂ ਨੂੰ ਫੜ ਕੇ ਅੰਦਰ ਦਿਆਂਗੇ। ਉਨ੍ਹਾਂ ਕਿਹਾ ਕਿ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਲੋਕ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕਰ ਰਹੇ ਹਨ, ਸਾਡੀਆਂ ਭੈਣਾਂ ਅਤੇ ਮਾਵਾਂ ਨੂੰ ਇਸ ਨੂੰ ਲੈ ਕੇ ਘਰ ਵਿੱਚ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ।
ਸੰਧੂ ਸਮੁੰਦਰੀ ਨੇ ਕਿਹਾ ਕਿ ਤਕਨਾਲੋਜੀ ਦੀ ਵਰਤੋਂ ਨਾਲ ਸਰਹੱਦ ‘ਤੇ ਡਰੋਨ ਰਾਹੀਂ ਹੋ ਨਸ਼ਿਆਂ ਦੀ ਤਸਕਰੀ ਨੂੰ ਰੋਕਿਆ ਜਾਵੇਗਾ। ਉਨ੍ਹਾਂ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਜਿੰਨੀਆਂ ਵੀ ਸਰਕਾਰਾਂ ਆਈਆਂ, ਉਨ੍ਹਾਂ ਨੇ ਝੂਠੇ ਵਾਅਦੇ ਕੀਤੇ, ਸਾਡੀਆਂ ਪ੍ਰੇਸ਼ਾਨੀਆਂ ਘਟੀਆਂ ਨਹੀਂ। ਉਨ੍ਹਾਂ ਭਾਵਕ ਹੁੰਦਿਆਂ ਕਿਹਾ ਕਿ ਮੈਨੂੰ ਬਹੁਤ ਦੁਖ ਹੁੰਦਾ ਜਦੋਂ ਮੈ ਆਪਣੀਆਂ ਮਾਂਵਾਂ-ਭੈਣਾਂ ਨੂੰ ਮਿਲਦਾ ਹਾਂ, ਉਹ ਦੱਸਦੀਆਂ ਹਨ ਕਿ ਉਨ੍ਹਾਂ ਦੇ ਛੋਟੇ ਛੋਟੇ ਬੱਚੇ ਹਨ ਅਤੇ ਉਨ੍ਹਾਂ ਦੇ ਪਤੀ ਨਸ਼ਿਆਂ ਕਾਰਨ ਮੌਤ ਹੋ ਚੁੱਕੀ ਹੈ। ਉਹ ਆਪਣੇ ਬਚਿਆਂ ਲਈ ਵੀ ਚਿੰਤਤ ਹਨ। ਕਈ ਮਾਪੇ ਤਾਂ ਇਸ ਕਰਕੇ ਆਪਣੇ ਬਚਿਆਂ ਨੂੰ ਆਪਣੇ ਤੋਂ ਦੂਰ ਵਿਦੇਸ਼ ਭੇਜ ਰਹੇ ਹਨ ਤਾਂ ਕਿ ਉਹਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਇਸ ਲਈ ਮੈਂ ਨਸ਼ਿਆਂ ਵਿਰੁੱਧ ਜੰਗ ਦਾ ਐਲਾਨ ਕਰਦਾ ਹਾਂ। ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਸਭ ਤੋਂ ਪਹਿਲਾਂ ਅਸੀਂ ਸਰਹੱਦ ਤੋਂ ਹੋ ਰਹੀ ਤਸਕਰੀ ਨੂੰ ਕਈ ਤਰੀਕਿਆਂ ਨਾਲ ਰੋਕਾਂਗੇ, ਅਜਿਹੀਆਂ ਗਤੀਵਿਧੀਆਂ ਵਿੱਚ ਮਦਦ ਕਰਨ ਵਾਲਿਆਂ ਨੂੰ ਫੜਾਂਗੇ ਅਤੇ ਤੀਜਾ, ਅਸੀਂ ਸਹੀ ਇਲਾਜ ਲਈ ਵਿਦੇਸ਼ ਤੋਂ ਦਵਾਈਆਂ ਲਿਆ ਕੇ ਇੱਥੇ ਮੁਫ਼ਤ ਵੰਡਾਂਗੇ। ਇਸ ਤੋਂ ਬਾਅਦ ’ਮੇਕ ਇਨ ਇੰਡੀਆ’ ਤਹਿਤ ਇਹ ਦਵਾਈਆਂ ਅੰਮ੍ਰਿਤਸਰ ਵਿਚ ਵੀ ਤਿਆਰ ਕਰਾਂਗੇ । ਇਸ ਕੰਮ ਵਿਚ ਸਾਡੇ ਭਾਈਚਾਰੇ ਦੇ ਬਹੁਤ ਸਾਰੇ ਲੋਕ ਜੋ ਅਮਰੀਕਾ ਬੈਠੇ ਹਨ, ਉਹ ਡਾਕਟਰ ਸਾਡੀ ਮਦਦ ਕਰਨ ਲਈ ਤਿਆਰ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਨਸ਼ਾ ਕਰਨ ਵਾਲੇ ਬੱਚਿਆਂ ਨੂੰ ਸਮਾਜ ਵਿੱਚੋਂ ਬਾਹਰ ਨਹੀਂ ਕੱਢਾਂਗੇ। ਅਸੀਂ ਉਨ੍ਹਾਂ ਲਈ ਨੌਕਰੀਆਂ ਦਾ ਪ੍ਰਬੰਧ ਕਰਾਂਗੇ ਜੋ ਆਪਣਾ ਸਟਾਰਟ-ਅੱਪ ਖੋਲ੍ਹਣਾ ਚਾਹੁੰਦੇ ਹਨ ਉਨ੍ਹਾਂ ਨੂੰ ਪੈਸਾ ਲਿਆ ਕੇ ਦਿਆਂਗੇ। ਸਾਡੀ ਕੋਸ਼ਿਸ਼ ਰਹੇਗੀ ਕਿ ਇਨ੍ਹਾਂ ਬੱਚਿਆਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸਨਮਾਨ ਜਨਕ ਜੀਵਨ ਦਾ ਮੁੜ ਅਵਸਰ ਮਿਲੇ। ਉਨ੍ਹਾਂ ਦੀ ਸਿੱਖਿਆ ਵਧੀਆ ਕਾਲਜਾਂ, ਵਧੀਆ ਯੂਨੀਵਰਸਿਟੀਆਂ ਵਿੱਚ ਹੋਣੀ ਚਾਹੀਦੀ ਹੈ। ਜਿਨ੍ਹਾਂ ਬਚਿਆਂ ਨੇ ਡਿਗਰੀ ਲੈਣ ਲਈ ਵਿਦੇਸ਼ ਜਾਣਾ ਹੈ, ਉਨ੍ਹਾਂ ਨੂੰ ਉਹ ਹੀ ਡਿੱਗਰੀਆਂ ਇੱਥੇ ਹੀ ਮਿਲਣ। ਅਸੀਂ ਬੱਚਿਆਂ ਨੂੰ ਵਜ਼ੀਫ਼ੇ ਵੀ ਦਿਵਾਵਾਂਗੇ। ਅਖੀਰ ਚ ਸੰਧੂ ਸਮੁੰਦਰੀ ਨੇ ਕਹਾ ਕਿ ਨਸ਼ਿਆਂ ਨਾਲ ਉੱਜੜੇ ਪਰਿਵਾਰਾਂ ਦੇ ਦਰਦ ਨੂੰ ਮੈਂ ਮਹਿਸੂਸ ਕਰ ਦਾ ਹਾਂ। ਇਲਾਜ ਨਸ਼ਿਆਂ ਦਾ ਖ਼ਾਤਮਾ ਹੈ। ਅਸੀਂ ਦ੍ਰਿੜ੍ਹਤਾ ਅਤੇ ਇੱਕਜੁੱਟਤਾ ਦੇ ਨਾਲ ਨਸ਼ਿਆਂ ਖਿਲਾਫ ਵਿਆਪਕ ਜੰਗ ਲੜਾਂਗੇ। ਜਿਸ ਵਿੱਚ ਅਸੀਂ ਸਾਰੇ ਬਿਨਾਂ ਸ਼ੱਕ ਜਿੱਤ ਕੇ ਰਹਾਂਗੇ। ਇਸ ਮੌਕੇ ਬਾਊ ਰਾਮ ਸ਼ਰਨ ਅਤੇ ਪ੍ਰਮੋਦ ਦੇਵਗਨ ਵੀ ਮੌਜੂਦ ਸਨ।

