ਬੁੱਢਾ ਦਰਿਆ ਦੀ ਚੋਣਾਂ ਵਿੱਚ ਹੋਣ ਲੱਗੀ ਚਰਚਾ
ਸੰਤ ਸੀਚੇਵਾਲ ਤੇ ਬਾਬਾ ਭਗਤ ਸਿੰਘ ਨੇ ਲਾਏ ਬੂਟੇ
ਜਲਵਾਯੂ ਤਬਦੀਲੀ ਦਾ ਟਾਕਰਾ ਵੱਡੀ ਗਿਣਤੀ ਰੱੁਖ ਲਗਾਉਣ ਨਾਲ ਹੀ ਕੀਤਾ ਜਾ ਸਕਦਾ ਹੈ : ਸੰਤ ਸੀਚੇਵਾਲ
ਸੁਲਤਾਨਪੁਰ ਲੋਧੀ, 06 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਲੋਕ ਸਭਾ ਚੋਣਾਂ ਦਾ ਪ੍ਰਚਾਰ ਹੁਣ ਜਦੋਂ ਭਖਦਾ ਜਾ ਰਿਹਾ ਹੈ ਤਾਂ ਉਸ ਵਿੱਚ ਬੁੱਢੇ ਦਰਿਆ ਦੀ ਚਰਚਾ ਵੀ ਹੋਣ ਲੱਗ ਪਈ ਹੈ। ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ 2 ਫਰਵਰੀ ਤੋਂ ਬੁੱਢੇ ਦਰਿਆ ਦੀ ਕਾਰਸੇਵਾ ਚੱਲ ਰਹੀ ਹੈ ਇਸਦੇ ਪਹਿਲੇ ਪੜਾਅ ਦੌਰਾਨ ਬੁੱਢੇ ਦਰਿਆ ਦੇ ਕਿਨਾਰਿਆਂ ਤੇ ਬੂਟੇ ਲਾਏ ਜਾ ਰਹੇ ਹਨ। ਹੁਣ ਤੱਕ 3100 ਬੂਟੇ ਸੀਚੇਵਾਲ ਦੀਆਂ ਨਰਸਰੀਆਂ ਤੋਂ ਲਾਏ ਜਾ ਚੁਕੇ ਹਨ। ਲੁਧਿਆਣੇ ਦੇ ਉਦਯੋਗਪਤੀ ਵੀ ਬੂਟੇ ਲਾਉਣ ਦੀ ਮੁਹਿੰਮ ਵਿੱਚ ਹੱਥ ਵਟਾ ਰਹੇ ਹਨ। ਉਹਨਾਂ ਵੱਲੋਂ 500 ਦੇ ਕਰੀਬ ਵੱਡੇ ਬੂਟੇ ਇੱਕ ਹਫਤੇ ਪਹਿਲਾਂ ਲਾਏ ਗਏ ਸਨ ਤੇ ਹੁਣ ਫਿਰ ਦੁਬਾਰਾ 500 ਬੂਟੇ ਲਾਉਣ ਦੀ ਸ਼ੁਰੂਆਤ ਖਾਸੀ ਪਿੰਡ ਦੇ ਗੁਰਦੁਆਰਾ ਡੱਕੀ ਸਾਹਿਬ ਤੋਂ ਮਹਾਂਪੁਰਸ਼ ਬਾਬਾ ਭਗਤ ਸਿੰਘ ਦੀ ਅਗਵਾਈ ਵਿੱਚ ਕੀਤੀ ਹੋਈ ਹੈ।
ਇਸ ਮੌਕੇ ਬਾਬਾ ਭਗਤ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਬੁੱਢੇ ਦਰਿਆ ਆਲੇ ਦੁਆਲੇ ਦੇ ਲੋਕਾਂ ਨੂੰ ਅਪੀਲ ਕੀਤੀ ਸੰਤ ਸੀਚੇਵਾਲ ਜੀ ਵੱਲੋਂ ਬੁੱਢੇ ਦਰਿਆ ਨੂੰ ਮੁੜ ਤੋਂ ਪਵਿੱਤਰ ਬੁੱਢਾ ਦਰਿਆ ਬਣਾੳੇੁਣ ਦਾ ਜੋ ਜੰਗੀ ਪੱਧਰ ਤੇ ਕਾਰਜ਼ ਆਰੰਭਿਆ ਗਿਆ ਹੈ। ਉਸ ਵਿੱਚ ਵੱਧ ਚੜ੍ਹ ਕਿ ਹਿੱਸਾ ਪਾਉਣ। ਉਹਨਾਂ ਸੰਤ ਸੀਚੇਵਾਲ ਨੂੰ ਭਰੋਸਾ ਦਿੱਤਾ ਕਿ ਉਹਨਾਂ ਵੱਲੋਂ ਜੋ ਬੂਟੇ ਲਾਏ ਗਏ ਹਨ ਉਹਨਾਂ ਦੀ ਸਾਂਭ ਸੰਭਾਲ ਉਹਨਾਂ ਵੱਲੋਂ ਕੀਤੀ ਜਾਵੇਗੀ ਤੇ ਬੁੱਢੇ ਦਰਿਆ ਦੀ ਸਫਾਈ ਵਿੱਚ ਉਹਨਾਂ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਇਸ ਕਾਰਸੇਵਾ ਵਿੱਚ ਮਨਰੇਗਾ ਵਰਕਰ ਵੀ ਵੱਧ ਚੜ੍ਹ ਕਿ ਸਹਿਯੋਗ ਦੇ ਰਹੇ ਹਨ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਕਿਹਾ ਕਿ ਜਲਵਾਯੂ ਦੀ ਤਬਦੀਲੀ ਦੀ ਮਾਰ ਹੇਠ ਜਿਹੜੇ ਜ਼ਿਲ੍ਹੇ ਆਏ ਹੋਏ ਹਨ ਉਹਨਾਂ ਵਿੱਚ ਲੁਧਿਆਣਾ ਵੀ ਸ਼ਾਮਿਲ ਹੈ। ਜਲਵਾਯੂ ਤਬਦੀਲੀ ਦਾ ਟਾਕਰਾ ਵੱਡੀ ਗਿਣਤੀ ਰੱੁਖ ਲਗਾਉਣ ਨਾਲ ਹੀ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਚੋਣਾਂ ਦੌਰਾਨ ਬੁੱਢੇ ਦਰਿਆ ਦੀ ਚਰਚਾ ਹੋਣੀ ਇੱਕ ਚੰਗੀ ਸ਼ੁਰੂਆਤ ਹੈ। ਯਾਦ ਰਹੇ ਕਿ ਸੰਤ ਸੀਚੇਵਾਲ ਨੇ ਪੰਜਾਬ ਵਿਧਾਨ ਸਭਾ ਦੀ ਬੁੱਢੇ ਦਰਿਆ ਬਾਰੇ ਬਣੀ ਕਮੇਟੀ ਦੀਆਂ ਮੀਟਿੰਗਾਂ ਵਿੱਚ ਇਸ ਗੱਲ ਦਾ ਉਚੇਚੇ ਜ਼ਿਕਰ ਕੀਤਾ ਸੀ ਕਿ ਬੁੱਢੇ ਦਰਿਆ ਇਸ ਕਦਰ ਸਾਫ ਹੋ ਜਾਵੇਗਾ। ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੂੰ ਇਸ਼ਨਾਨ ਕਰਵਾਇਆ ਜਾਵੇਗਾ।

