ਔਜਲਾ ਨੇ ਚੋਣਾਂ ਤੋਂ ਸਮਾਂ ਕੱਢ ਕੇ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ।
ਅਖਾੜੇ ਵਿੱਚ ਜ਼ੋਰ ਅਜ਼ਮਾਈ ਕਰਦਿਆਂ ਕਿਹਾ ਇਹ ਹੈ ਅਸਲੀ ਪੰਜਾਬ
ਅੰਮਿ੍ਤਸਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਅੱਜ ਸਵੇਰੇ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਅਚਾਨਕ ਪਹਿਲਵਾਨਾਂ ਦੇ ਅਖਾੜੇ ਵਿੱਚ ਪਹੁੰਚ ਗਏ। ਉਨ੍ਹਾਂ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦਿਆਂ ਅਖਾੜੇ ਵਿੱਚ ਆਪਣੀ ਤਾਕਤ ਦੀ ਪਰਖ ਵੀ ਕੀਤੀ ਅਤੇ ਪਹਿਲਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹੀ ਅਸਲੀ ਪੰਜਾਬ ਦੀ ਜਵਾਨੀ ਹੈ ਜਿਹੜੀ ਹਰ ਕਿਸੇ ਨੂੰ ਮਾਤ ਦੇਂਦੀ ਹੈ। ਗੁਰਜੀਤ ਸਿੰਘ ਔਜਲਾ ਨੇ ਲਾਰੈਂਸ ਰੋਡ ’ਤੇ ਸਥਿਤ ਬਿਜਲੀ ਪਹਿਲਵਾਨ ਦੇ ਅਖਾੜੇ ’ਚ ਪਹਿਲਵਾਨਾਂ ਨਾਲ ਫੁਰਸਤ ਦਾ ਸਮਾਂ ਬਿਤਾਇਆ। ਉਨ੍ਹਾਂ ਨਾਲ ਹਲਕੀ ਜਿਹੀ ਕੁਸ਼ਤੀ ਵੀ ਕੀਤੀ।
ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਇਸ ਸਮੇਂ ਨਸ਼ਿਆਂ ਦੀ ਮਾਰ ਹੇਠ ਹੈ ਪਰ ਅੱਜ ਅਖਾੜੇ ਵਿੱਚ ਆਉਣ ਤੋਂ ਬਾਅਦ ਉਹ ਮਹਿਸੂਸ ਕਰ ਰਿਹਾ ਹੈ ਕਿ ਨੌਜਵਾਨ ਅੱਜ ਵੀ ਤਰੱਕੀ ਚਾਹੁੰਦੇ ਹਨ ਅਤੇ ਨਸ਼ਿਆਂ ਦੀ ਗ੍ਰਿਫ਼ਤ ਤੋਂ ਬਚਣਾ ਚਾਹੁੰਦੇ ਹਨ ਅਤੇ ਇਸ ਲਈ ਉਹ ਖੁਦ ਕੋਸ਼ਿਸ਼ ਕਰ ਰਹੇ ਹਨ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪਹਿਲਾਂ ਵੀ ਉਹ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕੋਲ ਨਸ਼ਿਆਂ ਦਾ ਮੁੱਦਾ ਉਠਾਉਂਦੇ ਰਹੇ ਹਨ ਪਰ ਇਸ ਵਾਰ ਕੇਂਦਰ ਵਿੱਚ ਵੀ ਕਾਂਗਰਸ ਦੀ ਸਰਕਾਰ ਬਣਨ ਕਾਰਨ ਉਹ ਇਸ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਨਗੇ ਅਤੇ ਉਪਰਾਲੇ ਵੀ ਕਰਨਗੇ। ਤਾਂ ਜੋ ਪੰਜਾਬ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਸਕੇ।
ਹੁਨਰ ਵਿਕਾਸ ਕੇਂਦਰ ਖੋਲ੍ਹੇ ਜਾਣਗੇ
ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੇ ਪੜਾਅ ਵਿੱਚ ਵਿਦਿਅਕ ਅਦਾਰਿਆਂ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਪ੍ਰਾਜੈਕਟ ਸ਼ੁਰੂ ਕੀਤੇ ਹਨ ਅਤੇ ਹੁਣ ਹੁਨਰ ਵਿਕਾਸ ਕੇਂਦਰ ਖੋਲ੍ਹ ਕੇ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਸ਼ਹਿਰ ਦੇ ਨੌਜਵਾਨ ਵਿਦੇਸ਼ ਜਾਣ ਦੀ ਬਜਾਏ ਆਪਣੇ ਦੇਸ਼ ਅਤੇ ਸੂਬੇ ਵਿੱਚ ਕੰਮ ਕਰਨ ਅਤੇ ਆਪਣੇ ਨਾਲ-ਨਾਲ ਸ਼ਹਿਰ ਦਾ ਵਿਕਾਸ ਕਰਨ।

