ਗੁਰਜੀਤ ਔਜਲਾ ਨੇ ਵਕੀਲਾਂ ਨਾਲ ਕੀਤੀ ਮੁਲਾਕਾਤ
ਅੰਮ੍ਰਿਤਸਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਔਜਲਾ ਨੇ ਅੱਜ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਇਹ ਮੀਟਿੰਗ ਚੇਅਰਮੈਨ ਸ਼੍ਰੀ ਪ੍ਰਦੀਪ ਸੈਣੀ ਦੀ ਅਗਵਾਈ ਹੇਠ ਹੋਈ। ਵਕੀਲਾਂ ਨਾਲ ਬਾਰ ਕੌਂਸਲ ਵਿਖੇ ਹੋਈ ਇਸ ਮੀਟਿੰਗ ਦੌਰਾਨ ਲੋਕ ਸਭਾ ਚੋਣਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ। ਇਸ ਸਮੇਂ ਯੂਨੀਅਨ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਸ਼੍ਰੀ ਗੁਰਜੀਤ ਔਜਲਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।
ਬਾਰ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਉਹ ਸ੍ਰੀ ਔਜਲਾ ਦੀ ਭਾਰੀ ਬਹੁਮਤ ਨਾਲ ਜਿੱਤ ਯਕੀਨੀ ਬਣਾਉਣਗੇ। ਗੁਰਜੀਤ ਸਿੰਘ ਔਜਲਾ ਨੇ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੀ ਕੋਸ਼ਿਸ਼ ਕਰਨਗੇ | ਉਹ ਪਹਿਲਾਂ ਵੀ ਅੰਮ੍ਰਿਤਸਰ ਦੇ ਸਰਬਪੱਖੀ ਵਿਕਾਸ ਲਈ ਕੰਮ ਕਰਦੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਬਾਰ ਐਸੋਸੀਏਸ਼ਨ ਦੇ ਹਰ ਮੈਂਬਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਪਹਿਲਾਂ ਵੀ ਉਨ੍ਹਾਂ ਨੂੰ ਪਿਆਰ ਦਿੱਤਾ ਅਤੇ ਉਨ੍ਹਾਂ ਦੀ ਜਿੱਤ ਲਈ ਮਦਦ ਕੀਤੀ ਅਤੇ ਹੁਣ ਵੀ ਉਨ੍ਹਾਂ ਦਾ ਸਾਥ ਦੇ ਰਹੇ ਹਨ। ਇਸ ਦੌਰਾਣ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਦੀ ਅੰਮ੍ਰਿਤਸਰ ਫੇਰੀ ਤੇ ਤੰਜ ਕਸਦਿਆਂ ਕਿਹਾ ਕਿ ਉਹਨਾਂ ਵੱਲੋਂ ਜੋ ਰੋਡ ਸ਼ੋ ਕੀਤਾ ਜਾ ਰਿਹਾ ਹੈ ਉਹ ਰੋਡ ਸ਼ੋ ਨਹੀਂ ਹੈ ਬਲਕਿ ਸਟ੍ਰੀਟ ਸ਼ੋ ਹੈ। ਰੋਡ ਸ਼ੋ ਬਾਹਰ ਹੁੰਦਾ ਨਾ ਕਿ ਸ਼ਹਿਰ ਦੀਆਂ ਭੀੜੀਆਂ ਗਲਿਆਂ ਵਿੱਚ। ਉਹਨਾਂ ਨੇ ਕਿਹਾ ਕਿ ਲੋਕਾਂ ਵਿੱਚ ਆਮ ਆਦਮੀ ਪਾਰਟੀ ਨੂੰ ਲੈਕੇ ਬੇਹੱਦ ਗੁੱਸਾ ਹੈ ਤੇ ਲੋਕ ਉਹਨਾਂ ਦੇ ਨਾਲ ਨਹੀਂ ਤੁਰਹਾ ਚਾਹੁੰਦੇ ਇਸੇਲਈ ਰੋਡ ਸ਼ੋ ਬੇਹਦ ਤੰਗ ਗਲਿਆਂ ਵਿੱਚ ਰੱਖਿਆ ਗਿਆ ਹੈ। ਇਸ ਮੌਕੇ ਗਗਨ ਭਾਟੀਆ, ਪ੍ਰਧਾਨ ਪ੍ਰਦੀਪ ਸੈਣੀ, ਸਕੱਤਰ ਸਨਪ੍ਰੀਤ ਸਿੰਘ ਮਾਨ, ਕਵਰ ਰਜਿੰਦਰ ਸਿੰਘ, ਐਮ.ਐਸ. ਵੇਰਕਾ, ਕਰਨਵੀਰ ਸਿੰਘ ਉਸਮਾਨ, ਮਨੀਸ਼ ਦੇਵਗਨ ਅਤੇ ਲਵਦੀਪ ਭਾਰਤਵਾਜ ਹਾਜ਼ਰ ਸਨ।

