ਕਿਸਾਨ ਜਥੇਬੰਦੀਆਂ ਨੇ ਬੀ ਜੇ ਪੀ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਦੇ ਘਰ ਅੱਗੇ ਦਿੱਤਾ ਧਰਨਾਃ
ਪਟਿਆਲ਼ਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕੇ ਐਮ ਗੈਰਰਾਜਨੀਤਕ ਦੇ ਦਿੱਤੇ ਸੱਦੇ ਮੁਤਾਬਕ ਅੱਜ ਪਟਿਆਲ਼ਾ ਵਿਖੇ ਬੀਜੇਪੀ ਉਮੀਦਵਾਰ ਸ੍ਰੀਮਤੀ ਪਰਨੀਤ ਕੌਰ ਦੇ ਘਰ ਅੱਗੇ ਹਜਾਰਾਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਨੇ ਦੋਵੇ ਫੋਰਮਾਂ ਦੀ ਅਗਵਾਈ ਹੇਠ ਰੋਸ ਧਰਨਾਂ ਦੇ ਕੇ ਕੇਂਦਰ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਰਣਜੀਤ ਸਿੰਘ ਸਵਾਜਪੁਰ,ਪਰਮਿੰਦਰ ਸਿੰਘ ਬਾਬਰਪੁਰ, ਜੰਗ ਸਿੰਘ ਭਟੇੜੀ ਅਤੇ ਟਹਿਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ,ਮਜ਼ਦੂਰ, ਮੁਲਾਜ਼ਮ ਤੇ ਛੋਟੇ ਵਪਾਰੀਆਂ ਵਿਰੋਧੀ ਸਰਕਾਰ ਹੈ। ਕਾਰਪੋਰੇਟ ਘਰਾਣਿਆਂ ਦੇ ਹਿੱਤ ਤੇ ਸੁਪਰ ਮੁਨਾਫੇ ਸੁਰੱਖਿਅਤ ਕਰਨ ਲਈ ਲੋਕ ਤੰਤਰ ਦਾ ਘਾਂਣ ਕਰਦਿਆਂ ਜਮਹੂਰੀਅਤ ਦਾ ਗਲਾ ਘੁੱਟ ਰਹੀ ਹੈ। ਇਸੇ ਕਾਰਨ ਸੰਘਰਸ਼ ਦੀ ਅਗਵਾਈ ਕਰਨ ਵਾਲੇ ਨੌਜਵਾਨ ਆਗੂਆਂ ਨੂੰ ਬਿਨਾਂ ਕਸੂਰ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਨਵਦੀਪ ਜਲਵੇੜਾ ਤੇ ਗੁਰਕੀਰਤ ਸ਼ਾਹਪੁਰ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਕਿਸਾਨਾਂ ਨੂੰ ਦਿੱਲੀ ਜਾਣ ਲਈ ਸੜਕਾਂ ਖੋਲ ਕੇ ਰੋਸ ਕਰਨ ਦਾ ਹੱਕ ਬਹਾਲ ਕੀਤਾ ਜਾਵੇ। ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁੱਕਤ ਕੀਤਾ ਜਾਵੇ।
ਐਮ ਐਸ ਪੀ ਤੇ ਖ੍ਰੀਦ ਦੀ ਗਰੰਟੀ ਦਾ ਕਨੂੰਨ ਲਾਗੂ ਕੀਤਾ ਜਾਵੇ, ਮਜ਼ਦੂਰਾਂ ਨੂੰ ਮਨਰੇਗਾ ਸਕੀਮ ਤਹਿਤ ਰੁਜ਼ਗਾਰ 200 ਦਿਨ ਕੀਤਾ ਜਾਵੇ।60 ਸਾਲ ਦੀ ਉਮਰ ਤੋ ਬਾਅਦ ਘੱਟੋ ਘੱਟ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਸਾਰੀਆਂ ਫ਼ਸਲਾਂ ਦੇ ਭਾਅ c2+50% ਫਾਰਮੂਲੇ ਤਹਿਤ ਦਿੱਤੇ ਜਾਣ।ਫਸਲੀ ਬੀਮਾ ਯੋਜਨਾ ਸਰਕਾਰੀ ਪੱਧਰ ਤੇ ਲਾਗੂ ਕੀਤੀ ਜਾਵੇ। ਜਨਤਕ ਖੇਤਰ ਦੇ ਸਾਰੇ ਅਦਾਰਿਆਂ ਦਾ ਨਿੱਜੀਕਰਨ ਕਰਨਾਂ ਬੰਦ ਕੀਤਾ ਜਾਵੇ। ਲਖੀਮਪੁਰ ਖੀਰੀ ਦੇ ਦੇਸੀਆਂ ਨੂੰ ਜੇਲ੍ਹ ਭੇਜਿਆ ਜਾਵੇ। ਕਿਸਾਨ ਸੰਘਰਸ਼ 1 ਅਤੇ 2 ਵਿੱਚ ਜਾਨਾਂ ਕੁਰਬਾਨ ਕਰ ਚੁੱਕੇ ਪਰਿਵਾਰਾਂ ਨੂੰ ਮੁਆਵਜ਼ੇ, ਸਰਕਾਰੀ ਨੌਕਰੀਆਂ ਤੇ ਸਮੁੱਚਾ ਕਰਜਾ ਖਤਮ ਕਰਨ ਵਾਲੀ ਮੰਨੀ ਮੰਗ ਤੁਰੰਤ ਲਾਗੂ ਕੀਤੀ ਜਾਵੇ। ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਜੇਲ ਵਿੱਚ ਬੰਦ ਕੀਤਾ ਜਾਵੇ ਤੇ ਬੇਕਸੂਰ ਕਿਸਾਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ।ਕਿਸਾਨ ਆਗੂਆਂ ਨੇ ਕਿਹਾ ਕਿ ਵੋਟਾਂ ਦੇ ਦੌਰ ਵਿੱਚ ਲੋਕ ਯਾਦ ਰੱਖਣ ਕਿ ਮੋਦੀ ਸਰਕਾਰ ਨੇ ਨੈਸਨਲ ਹਾਈਵੇਆਂ ਤੇ ਕੰਧਾਂ ਕਿਉਂ ਕੱਢੀਆਂ ਹਨ? ਸ਼ਹੀਦ ਸੁਭਕਰਨ ਦੇ ਕਸੂਰ ਕੀ ਸੀ ? ਕਿਸਾਨਾਂ ਤੇ ਗੋਲੀਆਂ ਕਿਉ ਚਲਾਈਆਂ ਕਿਸਾਨਾਂ ਨੂੰ ਰਾਜਧਾਨੀ ਵਿੱਚ ਜਾਣ ਤੋਂ ਕਿਉਂ ਰੋਕਿਆ ? ਬੀਜੇਪੀ ਸਰਕਾਰ ਕਿਰਤੀ ਲੋਕਾਂ ਦੀ ਕਾਤਲ ਤੇ ਕਾਰਪੋਰੇਟ ਘਰਾਣਿਆਂ ਦੀ ਚਹੇਤੀ ਸਰਕਾਰ ਹੈ।ਰੋਸ ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਡਾ ਜਰਨੈਲ ਸਿੰਘ ਕਾਲੇਕੇ, ਮਨਜੀਤ ਸਿੰਘ ਘੁਮਾਣਾਂ, ਗੁਰਧਿਆਨ ਸਿੰਘ ਸਿਓਣਾ, ਯਾਦਵਿੰਦਰ ਸਿੰਘ ਬੂਰੜ ,ਮਨਪ੍ਰੀਤ ਸਿੰਘ ਲੀਲਪੁਰ, ਜਸਬੀਰ ਸਿੰਘ ਚੰਦਵਾਂ, ਬਹਾਦਰ ਸਿੰਘ ਦਦਹੇੜਾ, ਬੀਬੀ ਰਵਿੰਦਰ ਕੌਰ, yਤੇਜਿੰਦਰ ਸਿੰਘ ਰਾਜਗੜ, ਮਾਨ ਸਿੰਘ ਰਾਜਪੁਰਾ, ਗੁਰਨਾਮ ਸਿੰਘ ਢੈਠਲ, ਗੋਬਿੰਦਰ ਸਿੰਘ ਰਾਜਪੁਰਾ, ਪਰਮਜੀਤ ਸਿੰਘ ਅਤੇ ਹਰਨੇਕ ਸਿੰਘ ਸਿਧੂਵਾਲ ਆਦਿ ਨੇ ਵੀ ਸੰਬੋਧਨ ਕੀਤਾ।

