ਮੋਰਚਾ ਗੁਰੂ ਕਾ ਬਾਗ ਨੂੰ ਸਮਰਪਿਤ ਰਿਹਾ ਗੁਰਦੁਆਰਾ ਸ੍ਰੀ ਦੂਖਨਿਵਾਰਨ ਵਿਖੇ ਪੰਚਮੀ ਦਾ ਪਵਿੱਤਰ ਦਿਹਾੜਾ
ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ, ਪਵਿੱਤਰ ਸਰੋਵਰ ’ਚ ਕੀਤਾ ਇਸ਼ਨਾਨ

ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਢਾਡੀ ਕਵੀਸ਼ਰੀ ਜੱਥਿਆਂ ਨੇ ਸੁਣਾਇਆ ਇਹਿਾਸ
ਪਟਿਆਲਾ 9 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਦਾ ਦਿਹਾੜਾ ਮੋਰਚਾ ਗੁਰੂ ਕਾ ਬਾਗ ਨੂੰ ਸਮਰਪਿਤ ਕੀਤਾ ਗਿਆ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਯੋਗ ਅਗਵਾਈ ’ਚ ਸਤੰਬਰ ਦੇ ਮਹੀਨੇ ਗੁਰੂ ਸਾਹਿਬਾਨ ਨਾਲ ਸਬੰਧਤ ਸ਼ਤਾਬਦੀ ਦੇ ਚੱਲਦਿਆਂ ਇਨ੍ਹਾਂ ਪਵਿੱਤਰ ਦਿਹਾੜਿਆਂ ’ਤੇ ਧਾਰਮਕ ਸਮਾਗਮ ਆਯੋਜਿਤ ਰਹਿਣਗੇ, ਜਿਸ ਤਹਿਤ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਦੀਵਾਨ ਹਾਲ ਵਿਖੇ ਗੁਰੂ ਕਾ ਬਾਗ ਮੋਰਚੇ ਨੂੰ ਸਮਰਪਿਤ ਢਾਡੀ ਕਵੀਸ਼ਰੀ ਜੱਥਿਆਂ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਬਾਰੇ ਜਾਣੂੰ ਕਰਵਾਇਆ। ਇਸ ਦੌਰਾਨ ਉਚੇਚੇ ਤੌਰ ’ਤੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ, ਜਥੇਦਾਰ ਸੁਰਜੀਤ ਸਿੰਘ ਗੜ੍ਹੀ ਪੁੱਜੇ ਹੋਏ ਸਨ। ਤੜਕਸਵੇਰੇ ਕਵਾੜ੍ਹ ਖੁੱਲ੍ਹਣ ਮਗਰੋਂ ਗੁਰੂ ਮਹਾਰਾਜ ਦੇ ਦਰਬਾਰ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਮੱਥਾ ਟੇਕਿਆ ਅਤੇ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ। ਗੁਰਦੁਆਰਾ ਪ੍ਰਬੰਧਕ ਮੈਨੇਜਰ ਨਿਸ਼ਾਨ ਸਿੰਘ ਵੱਲੋਂ ਨਿਰੰਤਰ ਲੰਗਰ ਪ੍ਰਬੰਧ ਤੋਂ ਇਲਾਵਾ ਵੱਖ ਵੱਖ ਪ੍ਰਬੰਧਾਂ ਸੁਚਾਰੂ ਤਰੀਕੇ ਨਾਲ ਚਲਾਇਆ ਗਿਆ।
ਇਸ ਦੌਰਾਨ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਪ੍ਰਧਾਨ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗੁਰੂ ਕਾ ਬਾਗ ਮੋਰਚੇ ਦੇ ਸਬੰਧ ਵਿਚ ਸੰਗਤਾਂ ਨੂੰ ਜਾਣੂੰ ਕਰਵਾਇਆ ਕਿ ਸਿੱਖ ਇਤਿਹਾਸ ਅੰਦਰ ਗੁਰੂ ਕਾ ਬਾਗ ਮੋਰਚਾ ਉਨ੍ਹਾਂ ਮਹੰਤਾਂ ਦੇ ਖਿਲਾਫ਼ ਲਗਾਇਆ ਗਿਆ, ਜਿਨ੍ਹਾਂ ਦੇ ਪਿੱਠ ਪਿੱਛੇ ਅੰਗਰੇਜ਼ ਸਨ, ਜਿਨਾਂ ਦੇ ਇਸ਼ਾਰਿਆਂ ’ਤੇ ਮਹੰਤਾਂ ਨੇ ਗੁਰਦੁਆਰਾ ਪ੍ਰਬੰਧ ਨੂੰ ਵਿਗਾੜਨ ’ਚ ਕੋਈ ਕਸਰ ਨਹੀਂ ਛੱਡੀ। ਪ੍ਰੋ. ਬਡੂੰਗਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਵਿਭਚਾਰੀ ਅਤੇ ਅੰਗਰੇਜ਼ਾਂ ਦੇ ਪਿੱਠੂ ਮਹੰਤ ਸੁੰਦਰ ਦਾਸ ਦੇ ਕਬਜ਼ੇ ਹੇਠੋਂ ਅਜ਼ਾਦ ਕਰਾਉਣ ਅਤੇ ਪੰਥਕ ਮਰਿਆਦਾ ਬਹਾਲ ਕਰਵਾਉਣ ਲਈ ਸਿੱਖ ਜਥੇਬੰਦੀਆਂ ਨੇ ਸੰਘਰਸ਼ ਕੀਤਾ ਅਤੇ ਅਨੇਕਾਂ ਹੀ ਨਿਹੱਥਾਂ ਸਿੰਘਾਂ ਨੂੰ ਅੰਗਰੇਜ਼ਾਂ ਦਾ ਸ਼ਿਕਾਰ ਹੋਣਾ ਪਿਆ ਅਤੇ ਅਜਿਹੇ ਜ਼ਬਰ ਜ਼ੁਲਮ ਦੇ ਖਿਲਾਫ਼ ਗੁਰੂ ਨੂੰ ਸਮਰਪਿਤ ਸਿੰਘਾਂ ਨੇ ਆਪਣਾ ਪਵਿੱਤਰ ਖੂਨ ਡੋਲ ਕੇ ਸੁਨਹਿਰੀ ਪੰਨਿਆਂ ਨੂੰ ਅਜਿਹਾ ਇਤਿਹਾਸ ਲਿਖਿਆ, ਜੋ ਜਬਰ ਜ਼ੁਲਮ ਦੇ ਖਿਲਾਫ਼ ਲੜਨ ਦੀ ਸਭ ਤੋਂ ਵੱਡੀ ਪ੍ਰੇਰਨਾ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਆਪਣੇ ਗੌਰਵਮਈ ਸਿਧਾਂਤ ਅਤੇ ਵਿਲੱਖਣ ਇਤਿਹਾਸ ਪ੍ਰਤੀ ਆਪਣੇ ਨੈਤਿਕ ਫਰਜ਼ਾਂ ਦੀ ਪਹਿਰੇਦਾਰੀ ਕਰੀਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ, ਮੀਤ ਮੈਨੇਜਰ ਭਾਗ ਸਿੰਘ ਚੌਹਾਨ, ਆਤਮ ਪ੍ਰਕਾਸ਼ ਸਿੰਘ ਬੇਦੀ, ਸੁਰਜੀਤ ਸਿੰਘ ਕੌਲੀ, ਮਨਦੀਪ ਭਲਵਾਨ, ਭਾਈ ਭੁਪਿੰਦਰਪਾਲ ਸਿੰਘ, ਅਕਾਊਟੈਂਟ ਭਾਈ ਗੁਰਮੀਤ ਸਿੰਘ, ਹਰਵਿੰਦਰ ਸਿੰਘ ਕਾਹਲਵਾਂ, ਭਾਈ ਹਜੂਰ ਸਿੰਘ, ਪ੍ਰਚਾਰਕ ਪਰਵਿੰਦਰ ਸਿੰਘ ਬਰਾੜਾ, ਅਵਤਾਰ ਸਿੰਘ ਬੱਲੋਪੁਰ, ਜੋਗਿੰਦਰ ਸਿੰਘ ਪੰਛੀ, ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਤੇ ਸਟਾਫ ਮੈਂਬਰ ਆਦਿ ਸ਼ਾਮਲ ਸਨ।

