ਔਰਤਾਂ ਨਾਲ ਜ਼ਬਰ ਜਨਾਹ ਤੇ ਹੱਤਿਆ ਦਾ ਮਾਮਲਾ ਸਮੁੱਚੇ ਸਮਾਜ ਲਈ ਗਹਿਰੀ ਚਿੰਤਾ ਵਾਲਾ: ਬਾਬਾ ਬਲਬੀਰ ਸਿੰਘ 96 ਕਰੋੜੀ
ਸ੍ਰੀ ਫਤਿਹਗੜ੍ਹ ਸਾਹਿਬ:- 19 ਅਗਸਤ : ਕੋਲਕਾਤਾ ਦੇ ਸਰਕਾਰੀ ਹਸਪਤਾਲ ਚ ਮਹਿਲਾ ਡਾਕਟਰ ਅਤੇ ਉਤਰਾਖੰਡ ਦੇ ਰੁਦਰਪੁਰ ਦੇ ਹਸਪਤਾਲ ‘ਚ ਕੰਮ ਕਰਦੀ ਨਰਸ ਨਾਲ ਜਬਰ ਜਨਾਹ ਤੋਂ ਬਾਅਦ, ਉਨ੍ਹਾਂ ਦੀ ਬੇਰਹਿਮੀ ਨਾਲ ਹੱਤਿਆਵਾਂ ਦੀਆਂ ਘਟਨਾਵਾਂ ਤੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਤਿੱਖਾ ਪ੍ਰਤੀਕਰਮ ਦੇਂਦਿਆ ਕਿਹਾ ਇਨ੍ਹਾਂ ਘਟਨਾਵਾਂ ਨੇ ਸਰਕਾਰੀ ਹਸਪਤਾਲਾਂ ਦੀ ਬਦਇੰਤਜ਼ਾਮੀ, ਮਾੜੇ ਪ੍ਰਬੰਧਾਂ ਅਤੇ ਅਸੁਰੱਖਿਅਤ ਮਾਹੌਲ ਵੱਲ ਸਮੁੱਚੇ ਦੇਸ਼ ਵਾਸੀਆਂ ਦਾ ਧਿਆਨ ਖਿੱਚਿਆ ਹੈ।
ਹਸਪਤਾਲ ਤੇ ਪੁਲਿਸ ਦੀ ਮੌਜੂਦਗੀ ਚ ਹਜਾਰਾਂ ਲੋਕਾਂ ਦੀ ਭੀੜ ਵਲੋਂ ਕੀਤੇ ਗਏ ਹਮਲੇ ਅਤੇ ਫੰਨ-ਤੋੜ ਨੇ ਵੀ ਸੂਬਾ ਪ੍ਰਸ਼ਾਸਨ ਦੀ ਅਸਫਲਤਾ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਕਿਹਾ ਹਾਲਾਤ ਦੀ ਨਾਜੁਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਕੋਲਕਾਤਾ ਹਾਈ ਕੋਰਟ ਨੇ ਇਸ ਹਮਲੇ ਦੀ ਘਟਨਾ ਨੂੰ ਸੂਬਾ ਸਰਕਾਰ ਦੀ ਅਸਫਲਤਾ ਪੂਰੇ ਪੁਲਿਸ ਤੰਤਰ ਅਤੇ ਸੂਬਾ ਪ੍ਰਸ਼ਾਸਨ ਨੂੰ ਕਟਹਿਰੇਚ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਡਾਕਟਰ ਦੀ ਹੱਤਿਆ ਮਾਮਲੇ ਨੂੰ ਭਾਵੇਂ ਕੋਲਕਾਤਾ ਹਾਈ ਕੋਰਟ ਨੇ ਕੇਂਦਰੀ ਜਾਂਚ ਬਿਊਰੋ ਨੂੰ ਸੌਂਪ ਦਿੱਤਾ ਹੈ, ਪਰ ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ਵਿਚ ਸਵੈ ਨੋਟਿਸ ਲਿਆ ਹੈ। ਦੂਜੇ ਪਾਸੇ ਰੂਦਰਪੁ ਵਾਪਰੀ ਘਟਨਾ ਦਾ ਦੋਸ਼ੀ ਪੁਲਿਸ ਵੱਲੋਂ ਦਬੋਚ ਲਿਆ ਗਿਆ ਹੈ।
ਨਿਹੰਗ ਮੁਖੀ ਨੇ ਕਿਹਾ ਕਿ ਡਾਕਟਰਾਂ ਦੀ ਹੜਤਾਲ ਦਾ ਮੰਤਵ ਸਪੱਸ਼ਟ ਨਜ਼ਰ ਆਉਂਦਾ ਹੈ, ਸਿਹਤ ਸੰਭਾਲ ਸੇਵਾਵਾਂ ਵਿੱਚ ਸੁਧਾਰ ਲਈ ਰਾਜਨੀਤਕ ਇੱਛਾ ਸ਼ਕਤੀ ਦੀ ਘਾਟ ਸਾਫ਼ ਨਜ਼ਰ ਆਉਂਦੀ ਹੈ ਅਤੇ ਇਸ ਦਾ ਖ਼ਮਿਆਜ਼ਾ ਮਰੀਜ਼ਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਸੰਕਟ ਨੂੰ ਦੂਰ ਕਰਨ ਲਈ ਸਰਕਾਰ ਨੂੰ ਤੇਜ਼ੀ ਨਾਲ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ ਸਿਹਤ ਸੇਵਾਵਾਂ ਦੇ ਬੁਨਿਆਦੀ ਹੱਕ ਤੇ ਡਾਕਟਰਾਂ ਦੀਆਂ ਵਾਜਬ ਚਿੰਤਾਵਾਂ ਨੂੰ ਦੂਰ ਕਰਨਾ ਸਰਕਾਰ ਦੀ ਨੈਤਿਕ ਜ਼ਰੂਰਤ ਹੈ।
ਬਾਬਾ ਬਲਬੀਰ ਸਿੰਘ ਨੇ ਦੁਖ ਜ਼ਾਹਿਰ ਕਰਦਿਆਂ ਕਿਹਾ ਕਿ ਕੋਲਕਾਤਾ ਦੇ ਸਰਕਾਰੀ ਕਾਲਜ ਚ ਜਬਰ-ਜਨਾਹ ਦੀ ਸ਼ਿਕਾਰ ਮਹਿਲਾ ਡਾਕਟਰ ਦੇ ਹੱਕਚ ਪ੍ਰਦਰਸ਼ਨ ਕਰਨ ਵਾਲੇ ਮਰਦਾਂ ਅਤੇ ਔਰਤਾਂ ਨਾਲ ਮਮਤਾ ਬੈਨਰਜੀ ਕਿਉਂ ਪ੍ਰਦਰਸ਼ਨ ਕਰ ਰਹੀ ਹੈ ? ਸਰਕਾਰ ਵੀ ਉਨ੍ਹਾਂ ਦੀ ਤੇ ਪੁਲਸ ਵੀ ਉਨ੍ਹਾਂ ਦੀ, ਤਾਂ ਫਿਰ ਕਾਰਵਾਈ ਕਿਉਂ ਨਹੀਂ? ਔਰਤਾਂ ਵਿਰੁੱਧ ਅਪਰਾਧਾਂ ਦੇ ਮਾਮਲੇ ਚ ਪੁਲਸ ਹਮੇਸ਼ਾ ਲਾਚਾਰ ਕਿਉਂ ਹੋ ਜਾਂਦੀ ਹੈ ? ਇੰਨੀ ਵੱਡੀ ਘਟਨਾ ਹੋਣ ਤੋਂ ਬਾਅਦ ਸਬੂਤ ਮਿਟਾਉਣ ਲਈ ਇਨੀ ਵੱਡੀ ਗਿਣਤੀਚ ਭੀੜ ਦਾ ਹਮਲਾ ਰੋਕਣ ਲਈ ਕੋਈ ਪ੍ਰਬੰਧ ਕਿਉਂ ਨਹੀਂ ਸਨ। ਉਨ੍ਹਾਂ ਕਿਹਾ ਸਾਡਾ ਸਿਸਟਮ ਹੀ ਸਬੂਤ ਨਸ਼ਟ ਕਰ ਕੇ, ਮਾਮਲੇ ਨੂੰ ਦਬਾਅ ਕੇ ਜਾਂ ਲਟਕਾ ਕੇ ਅਸਲੀਅਤ `ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦਾ ਹੈ ਉਨ੍ਹਾਂ ਕਿਹਾ ਸਮਾਜ ਦੀ ਮਾਨਸਿਕਤਾ ਹੀ ਅਜਿਹੀ ਬਣ ਚੁੱਕੀ ਹੈ ਕਿ ਔਰਤਾਂ ਨੂੰ ਬਰਾਬਰੀ ਦਾ ਅਧਿਕਾਰ ਦੇਣਾ ਨਹੀਂ ਚਾਹੁੰਦਾ।

