ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਵੱਲੋਂ ਬਠਿੰਡਾ ਰੇਲਵੇ ਸਟੇਸ਼ਨ ਤੇ ਧਾਰਮਿਕ ਰੇਲ ਯਾਤਰਾ ਦਾ ਨਿੱਘਾ ਸੁਆਗਤ
ਬੁੱਢਾ ਦਲ ਵੱਲੋਂ ਯਾਤਰੂਆਂ ਦੀ ਖ਼ੂਬ ਟਹਿਲ ਸੇਵਾ
ਦਮਦਮਾ ਸਾਹਿਬ ਤਲਵੰਡੀ ਸਾਬੋ:-2 ਸਤੰਬਰ (ਮਧੂਸਾਰ ਬਿਊਰੋ) ਗੁਰਦੁਆਰਾ ਸ਼ਹੀਦ ਬਾਬਾ ਭੁਜੰਗ ਸਿੰਘ ਜੀ ਚੈਰੀਟੇਬਲ ਟਰੱਸਟ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਚੱਲੀ ਧਾਰਮਿਕ ਰੇਲ ਯਾਤਰਾ ਦਾ ਬਠਿੰਡਾ ਰੇਲਵੇ ਸਟੇਸ਼ਨ ਤੇ ਪੁੱਜਣ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਨਿਹੰਗ ਸਿੰਘਾਂ ਦੀ ਫੌਜਾਂ ਨਾਲ ਭਰਵਾ ਨਿੱਘਾ ਸੁਆਗਤ ਕੀਤਾ ਅਤੇ ਬੈਂਡ ਵਾਜਿਆਂ ਅਤੇ ਢੋਲ ਢਮਾਕੇ ਨਾਲ ਖਾਲਸਾਈ ਜੈਕਾਰਿਆਂ ਦੀ ਗੂੰਜ ਵਿੱਚ ਦਮਦਮਾ ਸਾਹਿਬ, ਗੁ: ਬੇਰ ਸਾਹਿਬ ਦੇਗਸਰ ਸਾਹਿਬ ਯਾਦਗਾਰ ਬਾਬਾ ਦੀਪ ਸਿੰਘ ਜੀ ਵਿਖੇ ਲੈ ਕੇ ਪੁਜੇ। ਬੁੱਢਾ ਦਲ ਦੇ ਮੁਖੀ ਨੇ ਪੰਜ ਪਿਆਰਿਆਂ, ਨਿਸ਼ਾਨਚੀਆਂ, ਨਿਗਾਰਚੀਆਂ ਨੂੰ ਸਿਰਪਾਓ ਤੇ ਹਾਰ ਪਾ ਕੇ ਸੁਆਗਤ ਕੀਤਾ। ਸਪੈਸ਼ਲ ਰੇਲਵੇ ਬੋਗੀ ਰਾਹੀਂ ਪੁਜੇ ਹੱਥ ਲਿਖਤ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਭੇਟ ਕੀਤਾ ਗਿਆ। ਦਮਦਮਾ ਸਾਹਿਬ ਵਿਖੇ 1400 ਦੇ ਕਰੀਬ ਯਾਤਰੂਆਂ ਦੇ ਵੱਡੇ ਕਾਫਲੇ ਵਿੱਚ ਸ. ਰਵਿੰਦਰ ਸਿੰਘ ਬੁੰਗਈ ਪ੍ਰਧਾਨ, ਸ. ਰਵਿੰਦਰ ਸਿੰਘ ਕਪੂਰ ਸੁਪਰੀਡੈਂਟ ਹਜ਼ੂਰ ਸਾਹਿਬ, ਸਿੰਘ ਸਾਹਿਬ ਗਿ. ਗੁਰਮੀਤ ਸਿੰਘ, ਭਾਈ ਤਨਵੀਰ ਸਿੰਘ, ਸ. ਇੰਦਰਪਾਲ ਸਿੰਘ ਫੌਜੀ ਯਾਤਰਾ ਦੀ ਅਗਵਾਈ ਕਰ ਰਹੇ ਹਨ ਦਾ ਵੀ ਸਨਮਾਨ ਕੀਤਾ ਗਿਆ। ਬੁੱਢਾ ਦਲ ਵੱਲੋਂ ਵਿਸ਼ੇਸ਼ ਪਕਵਾਨਾਂ ਦੇ ਲੰਗਰ ਲਗਾਏ ਗਏ ਤੇ ਯਾਤਰੂਆਂ ਦੀ ਖੂਬ ਟਹਿਲ ਸੇਵਾ ਕੀਤੀ ਗਈ। ਰਹਾਇਸ਼ ਦਾ ਸੁਚੱਜ ਪ੍ਰਬੰਧ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ ਕੀਤਾ ਗਿਆ।
ਅੱਜ ਇਹ ਸਪੈਸ਼ਲ ਧਾਰਮਿਕ ਰੇਲ ਯਾਤਰਾ ਆਪਣੇ ਅਗਲੇ ਪੜਾ ਅੰਮ੍ਰਿਤਸਰ ਲਈ ਬਠਿੰਡਾ ਤੋਂ ਖਾਲਸਾਈ ਜੈਕਾਰਿਆਂ ਨਾਲ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਆਪਣੇ ਨਿਹੰਗ ਸਿੰਘ ਸਾਥੀਆਂ ਨਾਲ ਖਾਲਸਾਈ ਪਰੰਪਰਾ ਅਨੁਸਾਰ ਰਵਾਨਾ ਕੀਤੀ। ਰਵਾਨਾ ਕਰਨ ਸਮੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ, ਤਖ਼ਤ ਸਾਹਿਬ ਦੇ ਮੈਨੇਜਰ ਸ. ਰਣਜੀਤ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਉਪਰੰਤ ਸੰਗਤ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਦਰਸ਼ਨ ਕਰਨ ਉਪਰੰਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਇਹ ਟ੍ਰੇਨ ਰਵਾਨਾ ਹੋਈ ਜੋ ਕਿ ਤਲਵੰਡੀ ਸਾਬ ਫਿਰੋਜ਼ਪੁਰ ਬਿਆਸ ਤੋਂ ਹੁੰਦੀ ਹੋਈ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇਗੀ ਤਿੰਨ ਸਤੰਬਰ ਨੂੰ ਬੁੱਢਾ ਦਲ ਛਾਉਣੀ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ, ਗੁ: ਮੱਲ ਅਖਾੜਾ ਸਾਹਿਬ ਪਾ: ਛੇਵੀਂ ਵਿਖੇ ਪੁਜੇਗੀ ਅਤੇ 4 ਸਤੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਰੰਭ ਹੋ ਕੇ ਆਪਣੇ ਅਗਲੇ ਸਮਾਪਤੀ ਪੜਾਅ ਸ੍ਰੀ ਹਜੂਰ ਸਾਹਿਬ ਲਈ ਰਵਾਨਾ ਹੋਵੇਗੀ ਜੋ ਕਿ ਸ੍ਰੀ ਅੰਮ੍ਰਿਤਸਰ ਸਾਹਿਬ, ਕਰਤਾਰਪੁਰ, ਜਲੰਧਰ, ਲੁਧਿਆਣਾ, ਖੰਨਾ, ਸਰਹੰਦ, ਅੰਬਾਲਾ, ਨਵੀਂ ਦਿੱਲੀ ਗਵਾਲੀਅਰ, ਡਬਰਾ, ਭੋਪਾਲ, ਖੰਡਵਾਂ, ਮਨਮਾਡ, ਔਰੰਗਾਬਾਦ, ਜਾਲਣਾ ਤੋਂ ਪੁੰਨਾ ਹੁੰਦੀ ਹੋਈ ਤਖਤ ਸ੍ਰੀ ਹਜੂਰ ਸਾਹਿਬ ਨਦੇੜ ਵਿਖੇ ਪਹੁੰਚੇਗੀ।

