ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਕ ਸਮਾਗਮ
ਵਿਸ਼ਵ ਧਰਮ ਗ੍ਰੰਥਾਂ ਵਿਚੋਂ ਵਿਲੱਖਣ ਪਾਵਨ ਗ੍ਰੰਥ ਕਰਦਾ ਮਾਰਗ ਦਰਸ਼ਨ : ਪ੍ਰੋ. ਕਿਰਪਾਲ ਸਿੰਘ ਬਡੂੰਗਰ
ਹਜੂਰੀ ਰਾਗੀ ਕੀਰਤਨੀ ਜੱਥਿਆਂ ਨੇ ਚਲਾਇਆ ਗੁਰਬਾਣੀ ਕੀਰਤਨ ਪ੍ਰਵਾਹ
ਪਟਿਆਲਾ 4 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ। ਧਾਰਮਕ ਸਮਾਗਮ ਦੌਰਾਨ ਮੁੱਖਵਾਕ ਭਾਈ ਗੁਲਵਿੰਦਰ ਸਿੰਘ ਵੱਲੋਂ ਲਿਆ ਗਿਆ ਅਤੇ ਭਾਈ ਭੁਪਿੰਦਰਪਾਲ ਨੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸੰਗਤਾਂ ਨੂੰ ਪ੍ਰਕਾਸ਼ ਪੁਰਬ ਵਧਾਈ ਦਿੱਤੀ। ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਉਪਰੰਤ ਹਜੂਰੀ ਰਾਗੀ ਕੀਰਤਨੀ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਇਸ ਦੌਰਾਨ ਉਚੇਚੇ ਤੌਰ ’ਤੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਬੀਬੀ ਕੁਲਦੀਪ ਕੌਰ ਟੌਹੜਾ ਵੀ ਪੁੱਜੇ ਹੋਏ ਸਨ।
ਧਾਰਮਕ ਸਮਾਗਮ ਦੌਰਾਨ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਸੰਗਤਾਂ ਨੂੰ ਪਹਿਲੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਉਪਰੰਤ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅਜਿਹਾ ਵਿਲੱਖਣ ਕਾਰਜ ਕਰਦਿਆਂ ਧਾਰਮਕ ਗ੍ਰੰਥ ਸਮੁੱਚੀ ਮਾਨਵਤਾ ਨੂੰ ਦਿੱਤਾ, ਜੋ ਵਿਸ਼ਵ ਧਰਮ ਗ੍ਰੰਥਾਂ ਵਿਚੋਂ ਵਿਲੱਖਣ ਪਾਵਨ ਗ੍ਰੰਥ ਹੈ। ਉਨ੍ਹਾਂ ਦੱਸਿਆ ਕਿ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਵਿਖੇ ਬ੍ਰਹਮਗਿਆਨੀ ਬਾਬਾ ਬੁੱਢਾ ਜੀ ਨੂੰ ਹੈਡ ਗ੍ਰੰਥੀ ਥਾਪਿਆ, ਜਿਨ੍ਹਾਂ ਨੇ ਸੰਗਤਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ‘ਪੋਥੀ ਪਰਮੇਸਰ ਕਾ ਥਾਨੁ’ ਹੈ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਪ੍ਰਮਾਤਮਾ ਸ਼ਬਦ ਗੁਰੂ ਦੇ ਰੂਪ ਵਿਚ ਹਮੇਸ਼ਾ ਸਮੁੱਚੀ ਮਾਨਵਤਾ ਦਾ ਮਾਰਗ ਦਰਸ਼ਨ ਕਰਦੇ ਰਹਿਣਗੇ। ਇਸ ਮੌਕੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਨੇ ਧਾਰਮਕ ਦੀਵਾਨਾਂ ’ਚ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਪੁੱਜੀਆਂ ਸਖਸ਼ੀਅਤਾਂ ਨੂੰ ਸਿਰੋਪਾਓ ਭੇਂਟ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਮੈਨੇਜਰ ਭਾਗ ਸਿੰਘ ਚੋਹਾਨ, ਸੁਰਜੀਤ ਸਿੰਘ ਕੌਲੀ, ਆਤਮ ਪ੍ਰਕਾਸ਼ ਸਿੰਘ, ਮਨਦੀਪ ਸਿੰਘ ਭਲਵਾਨ, ਸਾਬਕਾ ਚੇਅਰਮੈਨ ਲਖਵੀਰ ਸਿੰਘ ਲੌਟ, ਅਕਾਊਟੈਂਟ ਗੁਰਮੀਤ ਸਿੰਘ, ਹਰਵਿੰਦਰ ਸਿੰਘ ਕਾਹਲਵਾਂ, ਜਸਦੀਪ ਸਿੰਘ ਰਾਮਗੜ੍ਹ, ਸਰਬਜੀਤ ਸਿੰਘ, ਭਾਈ ਹਜੂਰ ਸਿੰਘ ਤੋਂ ਇਲਾਵਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਤੇ ਸਟਾਫ ਮੈਂਬਰ ਆਦਿ ਸ਼ਾਮਲ ਸਨ।
(ਡੱਬੀ)
ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ ਦੀਪਮਾਲਾ ਅਤੇ ਫੁੱਲਾਂ ਨਾਲ ਸਜਾਵਟ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਮੌਕੇ ਗੁਰਦੁਆਰਾ ਸਾਹਿਬ ਵਿਖੇ ਦੀਪਮਾਲਾ ਵਿਖੇ ਕੀਤੀ ਗਈ ਅਤੇ ਗੁਰੂ ਸਾਹਿਬ ਦੇ ਦਰਬਾਰ ਵਿਚ ਫੁੱਲਾਂ ਨਾਲ ਸਜਾਵਟ ਵੀ ਕੀਤੀ ਗਈ। ਗੁਰੂ ਸਾਹਿਬ ਦੇ ਦਰਬਾਰ ਨੂੰ ਵੱਖ-ਵੱਖ ਰੰਗਾਂ ਦੇ ਫੁੱਲਾਂ ਨਾਲ ਸਜਾਇਆ ਗਿਆ, ਜੋ ਨਤਮਸਤਕ ਹੋਣ ਪੁੱਜਦੀ ਸੰਗਤ ਦਾ ਧਿਆਨ ਖਿੱਚ ਰਹੇ ਸਨ। ਸੰਗਤਾਂ ਨੇ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ ਅਤੇ ਪੰਗਤ ਸੰਗਤ ਕਰਕੇ ਗੁਰੂ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਕੀਤੀ।
ਇਸ ਮੌਕੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੀ ਆਮਦ ਨੂੰ ਵੇਖਦੇ ਹੋਏ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਅਪੀਲ ਕੀਤੀ ਕਿ ਸੰਗਤਾਂ ਗੁਰੂ ਘਰ ਪੁੱਜ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਕਰਨ। ਫੋਟੋ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਈ ਭੁਪਿੰਦਰਪਾਲ ਸਿੰਘ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਨਾਲ ਹਨ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਜਥੇ. ਸੁਰਜੀਤ ਸਿੰਘ ਗੜ੍ਹੀ, ਮੈਨੇਜਰ ਰਜਿੰਦਰ ਸਿੰਘ ਟੌਹੜਾ ਤੇ ਹੋਰ।

