ਪੀਆਰਟੀਸੀ ਵਰਕਰਜ਼ ਐਕਸ਼ਨ ਕਮੇਟੀ ਦੇ ਬੈਨਰ ਹੇਠ ਕਾਲੇ ਝੋਲੇ ਪਾ ਕੇ ਧਰਨਾ
ਪਟਿਆਲਾ 24 ਅਗਸਤ (ਮਧੂਸਾਰ ਬਿਊਰੋ)
ਪਟਿਆਲਾ ਵਿਖੇ ਪੀ.ਆਰ.ਟੀ.ਸੀ. ਵਿੱਚ ਕੰਮ ਕਰਦੀਆਂ ਪੰਜ ਜੱਥੇਬੰਦੀਆਂ ਸਬੰਧਤ ਏਟਕ, ਇੰਟਕ, ਐਸ.ਸੀ.ਬੀ.ਸੀ., ਸੀਟੂ ਅਤੇ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਤੇ ਆਧਾਰਤ ਪੀ.ਆਰ.ਟੀ.ਸੀ. ਵਰਕਰਜ਼ ਐਕਸ਼ਨ ਕਮੇਟੀ ਦੇ ਬੈਨਰ ਥੱਲੇ ਵਰਕਰਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਕਾਲੇ ਚੋਲੇ ਪਾਕੇ ਮਿੰਨੀ ਸਕੱਤਰੇਤ ਪਟਿਆਲਾ ਤੱਕ 1000 ਤੋਂ ਵੱਧ ਵਰਕਰਾਂ ਨੇ ਰੋਸ ਭਰਪੂਰ ਮਾਰਚ ਕੀਤਾ। ਧਰਨਕਾਰੀਆਂ ਨੇ ਪ੍ਰਸ਼ਾਸ਼ਨ ਨੂੰ ਮੰਗਾਂ ਸਬੰਧੀ ਮੰਗ ਪੱਤਰ ਵੀ ਸੋਂਪਿਆ।
ਰੋਸ ਮਾਰਚ ਦੀ ਅਗਵਾਈ ਸਰਵ ਸ੍ਰੀ ਨਿਰਮਲ ਸਿੰਘ ਧਾਲੀਵਾਲ (ਏਟਕ), ਗੁਰਬਖਸ਼ਾ ਰਾਮ ਐਸ.ਸੀ.ਬੀ.ਸੀ., ਸੁੱਚਾ ਸਿੰਘ ਸੀਟੂ, ਬਲਦੇਵ ਰਾਜ ਬੱਤਾ ਇੰਟਕ ਅਤੇ ਭਿੰਦਰ ਸਿੰਘ ਭਾਈਚਾਰਾ ਯੂਨੀਅਨ ਕਰ ਰਹੇ ਸਨ। ਵਰਕਰਾਂ ਦੇ ਹੱਥਾਂ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਝੰਡੇ, ਮਾਟੋ ਅਤੇ ਮੰਗਾਂ ਸਬੰਧੀ ਤਖਤੀਆਂ ਫੜੀਆਂ ਹੋਈਆਂ ਸਨ ਅਤੇ ਬੜੇ ਜੋਰ ਸ਼ੋਰ ਨਾਲ ਪੀ.ਆਰ.ਟੀ.ਸੀ. ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇ ਲਾ ਰਹੇ ਸਨ। ਆਗੂਆਂ ਨੇ ਪੰਜਾਬ ਸਰਕਾਰ ਅਤੇ ਪੀ.ਆਰ.ਟੀ.ਸੀ. ਮੈਨੇਜਮੈਂਟ ਤੋਂ ਜੋਰਦਾਰ ਤਰੀਕੇ ਨਾਲ ਮੰਗ ਕੀਤੀ ਕਿ ਇਸ ਮਸਲੇ ਨੂੰ ਹੋਰ ਨਾ ਲਟਕਾਇਆ ਜਾਵੇ।
ਰੈਲੀ ਨੂੰ ਉਚੇਚੇ ਤੌਰ ਤੇ ਕਰਮਚਾਰੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ ਅਲੂਣਾ ਨੇ ਸੰਬੋਧਨ ਕੀਤਾ। ਐਕਸ਼ਨ ਕਮੇਟੀ ਦੇ ਆਗੂਆਂ ਨੇ ਐਲਾਨ ਕੀਤਾ ਕਿ 29 ਅਗਸਤ ਨੂੰ ਪਟਿਆਲਾ ਵਿਖੇ ਪੀ.ਆਰ.ਟੀ.ਸੀ. ਦੇ ਸਾਰੇ ਡਿਪੂਆਂ ਤੋਂ ਸਰਗਰਮ ਆਗੂਆਂ ਦੀ ਕਨਵੈਨਸ਼ਨ ਸੱਦੀ ਗਈ ਹੈ। ਜਿਸ ਵਿੱਚ ਜਿੱਥੇ 2 ਸਤੰਬਰ ਦੀ ਦੇਸ਼ ਵਿਆਪੀ ਹੜਤਾਲ ਦੀ ਤਿਆਰੀ ਦਾ ਜਾਇਜਾ ਲਿਆ ਜਾਵੇਗਾ। ਉੱਥੇ ਉਸੇ ਹੀ ਦਿਨ ਅਗਲੇ ਪੜਾਅ ਦੇ ਸੰਘਰਸ਼ ਪ੍ਰੋਗਰਾਮ ਦਾ ਐਲਾਨ ਵੀ ਕੀਤਾ ਜਾਵੇਗਾ।

