ਪੰਜਾਬਪਟਿਆਲਾ

ਆਉ ਪੰਜਾਬ ਪੁਲੀਸ ਦਾ ਗ਼ੈਰ-ਸਿਆਸੀ ਕਰਨ, ਗ਼ੈਰ-ਅਪਰਾਧੀਕਰਨ ਕਰਕੇ ਪੰਜਾਬ ਦਾ ਜਮੂਹਰੀਕਰਨ ਕਰੀਏ-ਡਾ ਗਾਂਧੀ

ਪਟਿਆਲਾ (ਮਧੂਸਾਰ ਬਿਊਰੋ) ਡਾ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ ਜਲੰਧਰ ਵਿਖ਼ੇ ਆਰ ਐਸ ਐਸ ਨੇਤਾ ਜਗਦੀਸ਼ ਗਗਨੇਜਾ ਨੂੰ ਗੋਲੀਆਂ ਮਾਰਨ ਦੀ ਹੋਈ ਵਾਰਦਾਤ ਦੀ ਇਨਕੁਆਰੀ ਸੀ ਬੀ ਆਈ ਨੂੰ ਸੌਂਪਣ ‘ਤੇ ਟਿੱਪਣੀ ਕਰਦਿਆਂ ਇਸਨੂੰ ਕਾਨੂੰਨ ਅਤੇ ਵਿਵਸਥਾ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਮੁਕੰਮਲ ਨਾਕਾਮੀ ਬਿਆਨਿਆ ਅਤੇ ਦਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮੰਗਿਆ।

ਡਾ ਗਾਂਧੀ ਨੇ ਕਿਹਾ “ਗੁਰੂ ਗ੍ਰੰਥ ਸਾਹਬ ਦੀ ਬੇਅਦਬੀ ਦੇ ਦੋਸ਼ੀਆਂ, ਨਾਮਧਾਰੀ ਮਾਤਾ ਚੰਦ ਕੌਰ ਦੇ ਕਾਤਲਾਂ, ਸੰਤ ਢੱਡਰੀਆਂ ਵਾਲਿਆਂ ਉਪਰ ਹੋਏ ਕਾਤਲਾਨਾ ਹਮਲੇ ਦੇ ਦੋਸ਼ੀਆਂ ਅਤੇ ਜਲੰਧਰ ਵਿੱਚ ਵਪਾਰੀ ਬਿੱਲਾ ਦੇ ਕਾਤਲਾਂ ਅਤੇ ਹੋਰ ਅਨੇਕਾਂ ਛੋਟੇ ਵੱਡੇ ਜ਼ੁਰਮਾਂ ਦਾ ਖ਼ੁਰਾ ਖੋਜ ਕੱਢਣ ਦੀ ਨਾਕਾਮੀ ਕਾਨੂੰਨ ਵਿਵਸਥਾ ਦੇ ਅਸਤ-ਵਿਅਸਤ ਹੋ ਜਾਣ ਵੱਲ ਇਸ਼ਾਰਾ ਕਰਦੀ ਹੈ।“
ਉਨ੍ਹਾਂ ਇਸ਼ਾਰਾ ਕੀਤਾ ਕਿ ਇਨ੍ਹਾਂ ਕਤਲਾਂ ਨਾਲ ਅਗਰ ਗ੍ਰੋਹ-ਯੁਧ ਜਾਂ ਪੁਲਸ ਵੱਲੋਂ ਗੈਂਗਸਟਰਾਂ ਦੇ ਕਤਲਾਂ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਸਾਫ਼ ਨਜ਼ਰ ਆਉਂਦਾ ਹੈ ਕਿ ਪੰਜਾਬ ਦੇ ਹਰ ਸਰਗਰਮ ਆਰਥਕ ਖ਼ੇਤਰ ਵਿੱਚ ਮਾਫ਼ੀਆ ਸਰਗਰਮ ਹੈ ਜਿਸਨੇ ਪੰਜਾਬ ਦੀ ਸਮਾਜਿਕ ਅਤੇ ਸਿਆਸੀ ਜ਼ਿੰਦਗੀ ‘ਤੇ ਗ਼ਲਬਾ ਕਰ ਲਿਆ ਹੈ।
ਡਾ ਧਰਮਵੀਰ ਨੇ ਸਿੱਧਮ ਸਿੱਧਾ ਦੋਸ਼ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਲਾਇਆ ਜਿਨ੍ਹਾਂ ਨੇ ਸੁਪਰੀਮ ਕੋਰਟ ਦੀਆਂ ੨੦੦੬ ਦੀਆਂ ਸੱਤ ਨੁਕਾਤੀ ਹਦਾਇਤਾਂ ਨੂੰ ਲਾਗੂ ਕਰਨ ਸਮੇਂ ਐਸੀ ਕੜ੍ਹੀ ਘੋਲੀ ਕਿ ਸਤਿਆਨਾਸ ਕਰ ਦਿੱਤਾ ਜਦ ਕਿ ਲੋੜ ਪੁਲਸ ਸੁਧਾਰ ਕਰਕੇ ਅਤੇ ਉਸਤੋਂ ਵੀ ਅੱਗੇ ਵਧਕੇ ਪੁਲਸ ਉਪਰ ਪੈ ਰਹੇ ਸਿਆਸੀ ਦਬਾਵਾਂ ਨੂੰ ਖ਼ਤਮ ਕਰਨ ਦੀ ਅਤੇ ਪੁਲਸ ਦਾ ਗ਼ੈਰ-ਅਪਰਾਧੀਕਰਨ ਦੀ ਲੋੜ ਸੀ।ਉਨ੍ਹਾਂ ਕਿਹਾ “ ਕਿ ਪਹਿਲੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ੧੯੭੯ ‘ਤੋਂ ਚਲਦੇ ਵੱਖ ਵੱਖ ਪੁਲਸ ਕਮਿਸ਼ਨਾਂ ਦੀਆਂ ਰੀਪੋਰਟਾਂ ਵੀ ਰੱਦੀ ਦੀ ਟੋਕਰੀ ਵਿੱਚ ਸੁੱਟ ਕੇ ਪੁਲਸ ਅਤੇ ਮਾਫ਼ੀਆ ਨੂੰ ਵਧਣ ਫ਼ੁੱਲਣ ਦਿਤਾ।“
“ ਅਕਾਲੀ ਬੀ ਜੇ ਪੀ ਸਰਕਾਰ ਵੱਲੋਨ ਹਲਕਾ ਇੰਚਾਰਜ ਲਾਕੇ ਉਨ੍ਹਾਂ ਨੂੰ ਮਨਮਰਜ਼ੀ ਦੇ ਪੁਲਸ ਅਤੇ ਹੋਰ ਅਫ਼ਸਰ ਲਾਉਣ ਦੀ ਤਾਕਤ ਬਖ਼ਸ਼ਣ ਨੇ ਮਾਫ਼ੀਏ ਦੀਆਂ ਜੜ੍ਹਾਂ ਮੁਹੱਲੇ ਮੁਹੱਲੇ ਅਤੇ ਪਿੰਡ ਪਿੰਡ ਫ਼ੈਲਾ ਦਿੱਤੀਆਂ ਅਤੇ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਸਿਆਸੀ- ਸਮੱਗਲਰ ਤਾਣੇਬਾਣੇ ਅੰਦਰ ਪੁਲਸ ਅੰਸਰਾਂ ਦੀ ਸ਼ਮੂਲੀਅਤ ਨੇ ਮਾਫ਼ੀਏ ਨੂੰ ਉਹ ਅਥਾਹ ਤਾਕਤ ਬਖ਼ਸ਼ ਦਿੱਤੀ ਹੈ ਕਿ ਉਹ ਕਿਸੇ ਵੀ ਕਾਨੂੰਨ ਦੀਆਂ ਧੱਜੀਆਂ ਉਡਾ ਸਕਦੇ ਹਨ“ ਉਨ੍ਹਾਂ ਕਿਹਾ।
ਡਾ ਧਰਮਵੀਰ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬੀ ਸਮਾਜ ਵਿੱਚ ਲਾ-ਕਾਨੂੰਨੀ ਫ਼ੈਲਾਉਣ ਵਾਲਿਆਂ ਨੂੰ ੨੦੧੭ ਵਿੱਚ ਸਬਕ ਸਿਖਾ ਦੇਣ। ਉਨ੍ਹਾਂ ਸਾਰੇ ਪੰਜਾਬ ਦਰਦੀਆਂ ਨੂੰ ਇਕ ਪੰਜਾਬ ਹਿਤੈਸ਼ੀ ਫ਼ਰੰਟ ਬਣਾ ਕੇ ਪੰਜਾਬ ਪੁਲੀਸ ਦਾ ਗ਼ੈਰ-ਸਿਆਸੀਕਰਣ ਅਤੇ ਗ਼ੈਰ-ਅਪਰਾਧੀਕਰਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਤਾਂ ਕਿ ਪੰਜਾਬ ਵਿੱਚ ਇੱਕ ਜਮਹੂਰੀ ਫ਼ਿਜ਼ਾਂ ਲਿਆਂਦੀ ਜਾ ਸਕੇ।

Leave a Reply

Your email address will not be published. Required fields are marked *