ਬਾਦਲ ਸਹੁੰ ਚੁੱਕਣ ਕਿ ਐਸ.ਵਾਈ.ਐਲ ਲਈ ਭੌਂ ਪ੍ਰਾਪਤੀ ਦੀ ਫਾਇਲ ‘ਤੇ ਦਸਤਖਤ ਨਹੀਂ ਕੀਤੇ ਸਨ : ਕੈਪਟਨ ਅਮਰਿੰਦਰ
ਜਲੰਧਰ, 2 ਸਤੰਬਰ (ਮਧੂਸਾਰ ਬਿਊਰੋ)
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਸ.ਵਾਈ.ਐਲ ਦੇ ਨਿਰਮਾਣ ਲਈ ਮਨਜ਼ੂਰੀ ਬਾਰੇ ਆਪਣੀ ਭੂਮਿਕਾ ਸਬੰਧੀ ਝੂਠ ਬੋਲਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਵਰ੍ਹਦਿਆਂ ਉਨ੍ਹਾਂ ਨੂੰ ਪੈਦਾਇਸ਼ੀ ਝੂਠਾ ਦੱਸਿਆ ਹੈ।
ਇਸ ਲੜੀ ਹੇਠ ਉਨ੍ਹਾਂ ਨੇ ਬਾਦਲ ਨੂੰ ਆਪਣੀ ਚੁਣੌਤੀ ਇਕ ਵਾਰ ਫਿਰ ਦੁਹਰਾਈ ਹੈ ਕਿ ਉਹ ਸ਼੍ਰੀ ਅਕਾਲ ਤਖਤ ਸਾਹਮਣੇ ਸਹੁੰ ਚੁੱਕਣ ਕਿ ਬਤੌਰ ਮੁੱਖ ਮੰਤਰੀ ਉਨ੍ਹਾਂ ਨੇ 1978 ‘ਚ ਐਸ.ਵਾਈ.ਐਲ ਲਈ ਭੌਂ ਪ੍ਰਾਪਤੀ ਵਾਸਤੇ ਫਾਇਲ ਨਹੀਂ ਕਲੀਅਰ ਕੀਤੀ ਸੀ।
ਬਾਦਲ ਵੱਲੋਂ ਐਸ.ਵਾਈ.ਐਲ ਲਈ ਭੌਂ ਪ੍ਰਾਪਤੀ ਵਾਸਤੇ ਫਾਇਲ ‘ਤੇ ਹਸਤਾਖਰ ਕਰਨ ਬਾਰੇ ਸਿਰੇ ਤੋਂ ਇਨਕਾਰ ਕੀਤੇ ਜਾਣ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਤੱਥ ਤੇ ਰਿਕਾਰਡ ਝੂਠ ਨਹੀਂ ਬੋਲ ਸਕਦੇ ਹਨ।
ਇਹ ਇਤਿਹਾਸ ‘ਤੇ ਰਿਕਾਰਡ ਦਾ ਬਹੁਤ ਵੱਡਾ ਹਿੱਸਾ ਹੈ ਕਿ ਉਨ੍ਹਾਂ ਨੇ ਫਾਇਲ ‘ਤੇ ਹਸਤਾਖਰ ਕੀਤੇ ਸਨ। ਉਨ੍ਹਾਂ ਨੇ ਕਿਹਾ ਕਿ ਬਾਦਲ ਇਕ ਪੈਦਾਇਸ਼ੀ ਝੂਠੇ ਵਿਅਕਤੀ ਹਨ ਤੇ ਉਹ ਝੂਠਾਂ ਰਾਹੀਂ ਆਪਣੀਆਂ ਗਲਤੀਆਂ ਛਿਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਬਾਦਲ ਦੀ ਪਾਰਟੀ ਦੇ ਜਨਰਲ ਸਕੱਤਰ ਪ੍ਰੇਮ ਸਿੰਘ ਚੰਦੂਮਾਜ਼ਰਾ ਵੱਲੋਂ ਸਰ੍ਹੇਆਮ ਕਬੂਲੇ ਜਾਣ ਕਿ ਬਾਦਲ ਨੇ ਫਾਇਲ ‘ਤੇ ਹਸਤਾਖਰ ਕੀਤੇ ਸਨ ਅਤੇ ਇਹ ਉਨ੍ਹਾਂ ਵੱਲੋਂ ਭੋਲੇਪਣ ‘ਚ ਕੀਤੀ ਗਈ ਗਲਤੀ ਸੀ, ਤੋਂ ਬਾਅਦ ਨਾ ਹੀ ਬਾਦਲ ਤੇ ਨਾ ਹੀ ਉਨ੍ਹਾਂ ਦੀ ਪਾਰਟੀ ਇਸ ਤੋਂ ਇਨਕਾਰ ਕਰ ਸਕਦੇ ਹਨ, ਜਿਹੜੇ ਇਤਿਹਾਸ ਨੂੰ ਬਦਲ ਨਹੀਂ ਸਕਦੇ ਤੇ ਰਿਕਾਰਡ ਨੂੰ ਮਿਟਾ ਨਹੀਂ ਸਕਦੇ।
ਕੈਪਟਨ ਅਮਰਿੰਦਰ ਨੇ ਬਾਦਲ ਨੂੰ ਸਲਾਹ ਦਿੱਤੀ ਹੈ ਕਿ ਉਨ੍ਹਾਂ ਨੂੰ ਆਪਣੇ ਝੂਠਾਂ ‘ਤੇ ਬਣੇ ਰਹਿਣ ਅਤੇ ਆਪਣੀ ਭੂਮਿਕਾ ਨੂੰ ਨਕਾਰਨ ਦੀ ਬਜਾਏ ਪੰਜਾਬ ਦੇ ਲੋਕਾਂ ਤੋਂ ਆਪਣੀ ਧੋਖਾਧੜੀ ਵਾਸਤੇ ਮੁਆਫੀ ਮੰਗਣੀ ਚਾਹੀਦੀ ਹੈ, ਜਿਹੜੀ ਉਨ੍ਹਾਂ ਨੇ ਆਪਣੇ ਮਿੱਤਰ ਤੇ ਉਸ ਵੇਲੇ ਹਰਿਆਣਾ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਨੂੰ ਖੁਸ਼ ਕਰਨ ਵਾਸਤੇ ਕੀਤੀ ਸੀ। ਜਿਨ੍ਹਾਂ ਨੇ ਨਾ ਸਿਰਫ ਫਾਇਲ ਕਲਿਅਰ ਕੀਤੀ ਸੀ, ਬਲਕਿ ਐਸ.ਵਾਈ.ਐਲ ਦੇ ਨਿਰਮਾਣ ਲਈ ਪੈਸੇ ਵੀ ਲਏ ਸਨ।
ਬੀਤੇ ਦਿਨ ਆਦਮਪੁਰ ਵਿਖੇ ਬਾਦਲ ਵੱਲੋਂ ਦਿੱਤੇ ਗਏ ਬਿਆਨ ਕਿ ਪੰਜਾਬ ਵਾਸਤੇ ਚੰਡੀਗੜ੍ਹ ਹਾਸਿਲ ਕਰਨਾ ਮਰੇ ਵਿਅਕਤੀ ਨੂੰ ਜ਼ਿੰਦਾ ਕਰਨ ਸਮਾਨ, ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਕ ਮੁੱਖ ਮੰਤਰੀ ਨੂੰ ਅਜਿਹਾ ਕਹਿਣਾ ਸ਼ੋਭਾ ਨਹੀਂ ਦਿੰਦਾ।
ਚੰਡੀਗੜ੍ਹ ਉਪਰ ਦਾਅਵਾ ਕਰਨ ਦਾ ਪੰਜਾਬ ਕੋਲ ਪੂਰਾ ਅਧਿਕਾਰ ਹੈ, ਕਿਉਂਕਿ ਇਹ ਰਾਜੀਵ-ਲੌਂਗੋਵਾਲ ਸਮਝੌਤੇ ਦਾ ਇਕ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਕਾਨੂੰਨੀ ਅਧਾਰ ਬਹੁਤ ਮਜ਼ਬੂਤ ਹੈ। ਉਨ੍ਹਾਂ ਨੇ ਬਾਦਲ ਨੂੰ ਅਜਿਹੇ ਬੇਸਮਝੀ ਭਰੇ ਬਿਆਨ ਨਹੀਂ ਦੇਣ ਲਈ ਕਿਹਾ ਹੈ, ਜਿਹੜੇ ਸੂਬੇ ‘ਚ ਇੱਛਾ ਦੀ ਘਾਟ ਨੂੰ ਦਰਸਾਉਂਦੇ ਹਨ।

