‘ਆਪ’ ਆਗੂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਹਾਰੇ ; ਮੁੱਖ ਮੰਤਰੀ ਆਤਿਸ਼ੀ ਰਹੀ ਜੇਤੂ
ਨਵੀਂ ਦਿੱਲੀ, 8 ਫਰਵਰੀ (ਮਧੂਸਾਰ ਬਿਊਰੋ) ਦਿੱਲੀ ਦੀ ਸੱਤਾ ਵਿਚੋਂ ਆਮ ਆਦਮੀ ਪਾਰਟੀ (ਆਪ) ਸਾਫ਼ ਹੋ ਗਈ ਹੈ ਅਤੇ ਭਾਰਤੀ ਜਨਤਾ ਪਾਰਟੀ ਨੇ ਚੋਣਾਂ ਜਿੱਤ ਕੇ ਬਹੁਮਤ ਹਾਸਲ ਕਰ ਲਿਆ ਹੈ। ਪਾਰਟੀ ਨੇ 27 ਸਾਲਾਂ ਬਾਅਦ ਦਿੱਲੀ ਦੀ ਸੱਤਾ ਵਿਚ ਵਾਪਸੀ ਕੀਤੀ ਹੈ। ਚੋਣ ਕਮਿਸ਼ਨ ਤੋਂ ਪ੍ਰਾਪਤ ਵੇਰਵਿਆਂ ਮੁਤਾਬਕ ਭਾਜਪਾ ਨੇ ਦਿੱਲੀ ਵਿਧਾਨ ਸਭਾ ਦੀਆਂ 70 ਵਿੱਚੋਂ 38 ਸੀਟਾਂ ਜਿੱਤੀ ਲਈਆਂ ਹਨ।
ਇਸ ਤੋਂ ਇਲਾਵਾ ਭਗਵਾ ਪਾਰਟੀ 10 ਹੋਰ ਸੀਟਾਂ ‘ਤੇ ਗਿਣਤੀ ਵਿਚ ਅੱਗੇ ਵੀ ਚੱਲ ਰਹੀ ਹੈ। ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਨੇ 17 ਸੀਟਾਂ ਜਿੱਤ ਲਈਆਂ ਹਨ ਅਤੇ ਪਾਰਟੀ ਪੰਜ ਹੋਰ ‘ਤੇ ਅੱਗੇ ਹੈ। ਕਾਂਗਰਸ ਦਾ ਵੀ ਦਿੱਲੀ ਚੋਣਾਂ ਵਿਚ ਬੁਰੀ ਤਰ੍ਹਾਂ ਸਫ਼ਾਇਆ ਹੋ ਗਿਆ ਹੈ।
ਪਾਰਟੀ ਦੀ ਜਿੱਤ ਕਾਰਨ ਪਾਰਟੀ ਹਮਾਇਤੀਆਂ ਵੱਲੋਂ ਇਥੇ ਦਿੱਲੀ ਭਾਜਪਾ ਦੇ ਮੁੱਖ ਦਫ਼ਤਰ ਅੱਗੇ ਜ਼ੋਰਦਾਰ ਜਸ਼ਨ ਮਨਾਏ ਜਾ ਰਹੇ ਹਨ। ਇਸ ਮੌਕੇ ਭਾਜਪਾ ਹਮਾਇਤੀ ਢੋਲ ਦੇ ਡੱਗੇ ਉਤੇ ਨੱਚ ਰਹੇ ਸਨ ਤੇ ਪਾਰਟੀ ਦੇ ਝੰਡੇ ਲਹਿਰਾ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਨਤੀਜਿਆਂ ਉਤੇ ਟਿੱਪਣੀ ਕਰਦਿਆਂ ਇਸ ਨੂੰ ‘ਵਿਕਾਸ ਤੇ ਸੁਸ਼ਾਸਨ ਦੀ ਜਿੱਤ’ ਕਰਾਰ ਦਿੱਤਾ ਹੈ। ਸੋਸ਼ਲ ਮੀਡੀਆ ਪਲੈਟਫਾਰਮ ਐਕਸ ਉਤੇ ਪਾਈ ਇਕ ਪੋਸਟ ਵਿਚ ਉਨ੍ਹਾਂ ਕਿਹਾ, ‘‘ਅਸੀਂ ਦਿੱਲੀ ਦੇ ਸਰਵਪੱਖੀ ਵਿਕਾਸ ਲਈ ਕੋਈ ਕਸਰ ਨਹੀਂ ਛੱਡਾਂਗੇ।’’
2:30 ਵਜੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਸ਼ਨਿੱਚਰਵਾਰ ਨੂੰ ਜਾਰੀ ਵੋਟਾਂ ਦੀ ਗਿਣਤੀ ਦੇ ਆਏ ਰੁਝਾਨਾਂ ਤੋਂ ਹੁਣ ਲਗਪਗ ਸਪੱਸ਼ਟ ਹੋ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) 27 ਸਾਲ ਬਾਅਦ ਦਿੱਲੀ ਦੀ ਸੱਤਾ ਵਿੱਚ ਵਾਪਸੀ ਕਰਨ ਜਾ ਰਹੀ ਹੈ। ਆਮ ਆਦਮੀ ਪਾਰਟੀ (ਆਪ) ਦੇ ਆਗੂ ਅਰਵਿੰਦ ਕੇਜਰੀਵਾਲ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਕਈ ਹੋਰ ਪ੍ਰਮੁੱਖ ਆਗੂ ਵੀ ਚੋਣ ਹਾਰ ਗਏ ਹਨ। ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ ਨੂੰ ਹਰਾਇਆ ਹੈ।
ਕੇਜਰੀਵਾਲ ਨੇ ਭਾਜਪਾ ਨੂੰ ਵਧਾਈ ਦਿੱਤੀ ਅਤੇ ਆਮ ਆਦਮੀ ਪਾਰਟੀ ਲਈ ਮਿਹਨਤ ਕਰਨ ਵਾਲੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ਮੈਨੂੰ ਆਸ ਹੈ ਕਿ ਭਾਜਪਾ ਲੋਕਾਂ ਦੀਆਂ ਆਸਾਂ ’ਤੇ ਖਰੀ ਉਤਰੇਗੀ। ਦਿੱਲੀ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ, ‘‘ਇਹ ਹਾਰ ‘ਆਪ’ ਲਈ ਇਕ ਝਟਕੇ ਵਾਗ ਹੈ, ਪਰ ਸਾਨੂੰ ਲੋਕ ਫਤਵਾ ਪ੍ਰਵਾਨ ਹੈ। ਭਾਜਪਾ ਦੀ ਗੁੰਡਾਗਰਦੀ ਅਤੇ ਤਾਨਾਸ਼ਾਹੀ ਵਿਰੁੱਧ ਸਾਡੀ ਲੜਾਈ ਜਾਰੀ ਹਰੇਗੀ।’’
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਦੁਪਹਿਰ 1 ਵਜੇ ਤੱਕ ਆਏ ਰੁਝਾਨਾਂ ਵਿੱਚ ਭਾਜਪਾ ਦਿੱਲੀ ਦੀਆਂ 70 ਵਿੱਚੋਂ 47 ਸੀਟਾਂ ’ਤੇ ਫੈਸਲਾਕ ਰੂਪ ਵਿੱਚ ਬਹੁਮਤ ਵੱਲ ਵਧਦੀ ਹੋਈ ਦਿਖਾਈ ਦੇ ਰਹੀ ਹੈ ਜਦ ਕਿ ਆਪ 23 ਸੀਟਾਂ ‘ਤੇ ਸਿਮਟਣ ਦੀ ਕਗਾਰ ‘ਤੇ ਹੈ।

