ਪੰਜਾਬੀ ਯੂਨੀਵਰਸਿਟੀ ਦੇ ਇੰਜਨੀਅਰਿੰਗ ਕਾਲਜ ਵਿੱਚ ਕੌਮਾਂਤਰੀ ਕਾਨਫ਼ਰੰਸ ਸ਼ੁਰੂ
ਕੁਦਰਤ ਪ੍ਰਤੀ ਦੋਸਤਾਨਾ ਪਹੁੰਚ ਵਾਲ਼ੀ ਇੰਜਨੀਅਰਿੰਗ ਬਾਰੇ ਕੀਤੀਆਂ ਗਈਆਂ ਵਿਚਾਰਾਂ
ਪਟਿਆਲਾ, 7 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਯੂਨੀਵਰਸਿਟੀ ਕਾਲਜ ਆਫ਼ ਇੰਜਨੀਅਰਿੰਗ ਵਿਖੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਅਤੇ ਸਿਵਲ ਇੰਜਨੀਅਰਿੰਗ ਵਿਭਾਗ ਵੱਲੋਂ ਕਰਵਾਈ ਜਾ ਰਹੀ ਦੂਜੀ ਕੌਮਾਂਤਰੀ ਕਾਨਫ਼ਰੰਸ ਅੱਜ ਆਰੰਭ ਹੋ ਗਈ ਹੈ। ਵਾਤਾਵਰਣ ਪੱਖੀ ਅਤੇ ਟਿਕਾਊ ਇੰਜਨੀਅਰਿੰਗ ਦੇ ਵਿਸ਼ੇ ਉੱਤੇ ਕਰਵਾਈ ਜਾ ਰਹੀ ਇਸ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਵਿੱਚ ਆਈ. ਆਈ. ਟੀ. ਰੋਪੜ ਤੋਂ ਪੁੱਜੇ ਡਾ. ਹਰਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਡਾ. ਹਰਪ੍ਰੀਤ ਸਿੰਘ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਵਾਤਾਵਰਣ ਪੱਖੀ ਇੰਜਨੀਅਰਿੰਗ ਦੀ ਦਿਸ਼ਾ ਵਿੱਚ ਸਾਨੂੰ ਜਿੱਥੇ ਸਿਧਾਂਤਕ ਪੱਧਰ ਉੱਤੇ ਵਿਚਾਰ ਵਟਾਂਦਰਾ ਕੀਤੇ ਜਾਣ ਦੀ ਲੋੜ ਹੈ ਉੱਥੇ ਹੀ ਹੁਣ ਅਮਲੀ ਅਤੇ ਵਿਹਾਰਕ ਪੱਧਰ ਉੱਤੇ ਵੀ ਕਾਰਜ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਵਿਸ਼ੇਸ਼ ਕੇਸ ਵਜੋਂ ਕੁੱਝ ਉਦਾਹਰਨਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਮਸ਼ੀਨਾਂ ਉੱਤੇ ਵੱਖ-ਵੱਖ ਪ੍ਰਾਜੈਕਟ ਕਾਰਜ ਕਰਦਿਆਂ ਜੋ ਵਿਅਰਥ ਪਦਾਰਥ ਬਚਦਾ ਹੈ ਉਸ ਨੂੰ ਕਿਸ ਤਰ੍ਹਾਂ ਸਾਕਾਰਾਤਮਕ ਤਰੀਕੇ ਨਾਲ਼ ਵਰਤੋਂ ਕਰ ਕੇ ਕੁਦਰਤ ਪ੍ਰਤੀ ਦੋਸਤਾਨਾ ਪਹੁੰਚ ਅਪਣਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਸਾਨੂੰ ਵੱਖ-ਵੱਖ ਪ੍ਰਾਜੈਕਟ ਕਰਦਿਆਂ ਅਜਿਹੀਆਂ ਵਿਧੀਆਂ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ ਜੋ ਇਸ ਦਿਸ਼ਾ ਵਿੱਚ ਕਾਰਗਰ ਸਾਬਿਤ ਹੁੰਦੀਆਂ ਹੋਣ।
ਵਧੀਕ ਕੰਟਰੋਲਰ, ਪ੍ਰੀਖਿਆਵਾਂ ਡਾ. ਬੀ.ਬੀ. ਸਿੰਗਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਇਸ ਮੌਕੇ ਬੋਲਦਿਆਂ ਕਿਹਾ ਕਿ ਸਾਨੂੰ ਭਵਿੱਖ ਵਿੱਚ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਕਰਨ ਦੇ ਮਕਸਦ ਨਾਲ਼ ਕੁਦਰਤ ਪ੍ਰਤੀ ਦੋਸਤਾਨਾ ਪਹੁੰਚ ਵਾਲ਼ੀ ਤਰੱਕੀ ਵੱਲ ਹੀ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਕੁਦਰਤ ਪ੍ਰਤੀ ਦੋਸਤਾਨਾ ਪਹੁੰਚ ਵਾਲ਼ੀ ਸਸਟੇਨੇਬਲ ਪ੍ਰਗਤੀ ਦੀ ਗੱਲ ਕਰਨਾ ਸਸਟੇਨੇਬਲ ਇੰਜਨੀਅਰਿੰਗ ਤੋਂ ਬਿਨਾ ਲਗਭਗ ਅਸੰਭਵ ਹੈ। ਇਸ ਲਈ ਇੰਜਨੀਅਰਿੰਗ ਦੇ ਖੇਤਰ ਵਿੱਚ ਇਸ ਦਿਸ਼ਾ ਵਿੱਚ ਨਿੱਠ ਕੇ ਕੰਮ ਕੀਤੇ ਜਾਣ ਦੀ ਲੋੜ ਹੈ। ਡੀਨ, ਕਾਲਜ ਵਿਕਾਸ ਕੌਂਸਲ ਪ੍ਰੋ. ਬਲਰਾਜ ਸੈਣੀ ਵੱਲੋਂ ਧੰਨਵਾਦੀ ਭਾਸ਼ਣ ਦੌਰਾਨ ਇਸ ਵਿਸ਼ੇ ਉੱਤੇ ਅਹਿਮ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਇਸ ਵਿਸ਼ੇ ਉੱਤੇ ਗੱਲ ਕਰਨਾ ਸਮੇਂ ਦੀ ਲੋੜ ਹੈ ਅਤੇ ਕੁਦਰਤ ਪ੍ਰਤੀ ਦੋਸਤਾਨਾ ਪਹੁੰਚ ਵਾਲ਼ੀਆਂ ਇੰਜਨੀਅਰਿੰਗ ਦੀਆਂ ਵਿਧੀਆਂ ਨੂੰ ਲੱਭਣਾ ਅਤੇ ਪ੍ਰਫੁੱਲਿਤ ਕਰਨਾ ਮਨੁੱਖਤਾ ਦੇ ਹਿਤ ਦੀ ਗੱਲ ਹੈ। ਇੰਜਨੀਅਰਿੰਗ ਫ਼ੈਕਲਟੀ ਦੇ ਡੀਨ ਡਾ. ਗੁਰਮੀਤ ਕੌਰ ਵੱਲੋਂ ਵੀ ਇਸ ਮੌਕੇ ਸੰਬੋਧਨ ਕੀਤਾ ਗਿਆ। ਸਵਾਗਤੀ ਸ਼ਬਦ ਡਾ. ਮਨਿੰਦਰ ਸਿੰਘ ਵੱਲੋਂ ਬੋਲੇ ਗਏ ਅਤੇ ਡਾ. ਚੰਦਨਦੀਪ ਸਿੰਘ ਨੇ ਕਾਨਫ਼ਰੰਸ ਦੇ ਵਿਸ਼ੇ ਸਬੰਧੀ ਜਾਣ-ਪਛਾਣ ਕਰਵਾਈ।

