ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵਿਖੇ ਸੜਕ ਸੁਰੱਖਿਆ ਅਤੇ ਜਾਗਰੂਕਤਾ ਬਾਰੇ ਲੈਕਚਰ ਦਾ ਆਯੋਜਨ

ਪਟਿਆਲਾ, 11 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਆਟੋਮੋਬਾਈਲ ਵਿਭਾਗ ਵੱਲੋਂ ਸੜਕ ਸੁਰੱਖਿਆ ਅਤੇ ਜਾਗਰੂਕਤਾ ਬਾਰੇ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਬੁਲਾਰੇ ਵਜੋਂ ਮਾਰੂਤੀ ਡਰਾਈਵਿੰਗ ਸਕੂਲ, ਹੀਰਾ ਆਟੋਮੋਬਾਈਲਜ਼ ਲਿਮਟਿਡ ਪਟਿਆਲਾ ਦੇ ਮੈਨੇਜਰ ਸ੍ਰੀ ਅਸ਼ੀਸ਼ ਸ਼ਰਮਾ ਨੇ ਸ਼ਿਰਕਤ ਕੀਤੀ। ਇਸ ਲੈਕਚਰ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਦੇ ਮਹੱਤਵਪੂਰਨ ਪਹਿਲੂਆਂ ਬਾਰੇ ਜਾਗਰੂਕ ਕਰਨਾ ਅਤੇ ਸੁਰੱਖਿਅਤ ਡਰਾਈਵਿੰਗ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨਾ ਸੀ।

ਸ੍ਰੀ ਅਸ਼ੀਸ਼ ਸ਼ਰਮਾ, ਜੋ ਸੜਕ ਸੁਰੱਖਿਆ ਸਿੱਖਿਆ ਦੇ ਤਜਰਬੇਕਾਰ ਮਾਹਿਰ ਹਨ, ਨੇ ਵਿਦਿਆਰਥੀਆਂ ਨਾਲ ਸੁਰੱਖਿਅਤ ਡਰਾਈਵਿੰਗ ਤਕਨੀਕਾਂ, ਸੜਕ ਚਿੰਨ੍ਹਾਂ ਅਤੇ ਸੰਕੇਤਾਂ ਦੀ ਸਮਝ, ਸੀਟਬੈਲਟ ਦੀ ਵਰਤੋਂ ਦੀ ਮਹੱਤਤਾ, ਧਿਆਨ ਭਟਕਾਉਣ ਵਾਲੀ ਡਰਾਈਵਿੰਗ ਅਤੇ ਸ਼ਰਾਬ ਦੇ ਸੇਵਨ ਦੇ ਖਤਰਿਆਂ ਅਤੇ ਪੈਦਲ ਯਾਤਰੀਆਂ ਤੇ ਸਾਈਕਲ ਸਵਾਰਾਂ ਦੀ ਸੁਰੱਖਿਆ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਵਿਹਾਰਕ ਸੁਝਾਅ ਅਤੇ ਸੁਰੱਖਿਆ ਉਪਾਅ ਵੀ ਸਾਂਝੇ ਕੀਤੇ, ਜੋ ਭਾਗੀਦਾਰਾਂ ਨੂੰ ਜ਼ਿੰਮੇਵਾਰ ਸੜਕ ਉਪਭੋਗਤਾ ਬਣਨ ਵਿੱਚ ਮਦਦ ਕਰ ਸਕਦੇ ਹਨ। ਅਸਲ ਜ਼ਿੰਦਗੀ ਦੀਆਂ ਮਿਸਾਲਾਂ ਅਤੇ ਦਿਲਚਸਪ ਚਰਚਾਵਾਂ ਰਾਹੀਂ ਸ੍ਰੀ ਸ਼ਰਮਾ ਨੇ ਇਹ ਦੱਸਿਆ ਕਿ ਵਿਅਕਤੀਗਤ ਤੌਰ ’ਤੇ ਹਰੇਕ ਵਿਅਕਤੀ ਸੜਕ ਹਾਦਸਿਆਂ ਨੂੰ ਘਟਾਉਣ ਅਤੇ ਸੁਰੱਖਿਅਤ ਆਵਾਜਾਈ ਨੂੰ ਉਤਸ਼ਾਹਿਤ ਕਰਨ ਵਿੱਚ ਯੋਗਦਾਨ ਪਾ ਸਕਦਾ ਹੈ।

ਉਨ੍ਹਾਂ ਨੇ ਸਾਰਿਆਂ ਨੂੰ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਭਾਗ ਦੇ ਇਸ ਉਪਰਾਲੇ ਦੇ ਸਲਾਘਾ ਕਰਦੇ ਕਿਹਾ ਕਿ ਜੇਕਰ ਅਸੀਂ ਡਰਾਈਵਿੰਗ ਦੌਰਾਨ ਨਿਯਮਾਂ ਦਾ ਧਿਆਨ ਰੱਖਦੇ ਹਾਂ ਤਾਂ ਬੇਸ਼ਕੀਮਤੀ ਜ਼ਿੰਦਗੀਆਂ ਨੂੰ ਬਚਾ ਸਕਦੇ ਹਾਂ ਅਤੇ ਆਪਣੇ ਆਪ ਨੂੰ ਵੀ ਸੁਰੱਖਿਤ ਰੱਖ ਸਕਦੇ ਹਾਂ। ਡੀ.ਡੀ.ਯੂ. ਕੌਸ਼ਲ ਕੇਂਦਰ ਦੀ ਕੋਆਰਡੀਨੇਟਰ ਡਾ. ਨਿਪੁੰਨਜੋਤ ਕੌਰ ਨੇ ਸ੍ਰੀ ਅਸ਼ੀਸ਼ ਸ਼ਰਮਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਖ਼ਾਲਸਾ ਕਾਲਜ ਪਟਿਆਲਾ ਆਪਣੇ ਵਿਦਿਆਰਥੀਆਂ ਅਤੇ ਸਟਾਫ ਦੀ ਸਮੁੱਚੀ ਭਲਾਈ ਲਈ ਸਮਰਪਿਤ ਹੈ। ਕਾਲਜ ਵੱਲੋਂ ਵੱਖ-ਵੱਖ ਜਾਗਰੂਕਤਾ ਮੁਹਿੰਮਾਂ ਰਾਹੀਂ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਸੁਰੱਖਿਆ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਜਾਂਦਾ ਹੈ।

Leave a Reply

Your email address will not be published. Required fields are marked *