ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵਿਖੇ ਤ੍ਰੈਭਾਸ਼ੀ ਰਾਸ਼ਟਰੀ ਕਵੀ ਦਰਬਾਰ ਦਾ ਸਫਲ ਆਯੋਜਨ

ਪਟਿਆਲਾ, 2 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਹਿੰਦੀ ਅਤੇ ਹੋਰ ਭਾਸ਼ਾਵਾਂ ਵਿਭਾਗ ਵੱਲੋਂ ਨਰਾਇਣੀ ਸਹਿਤ ਅਕਾਦਮੀ, ਦਿੱਲੀ ਦੇ ਸਹਿਯੋਗ ਨਾਲ ਅੱਜ ਕਾਲਜ ਵਿਖੇ ਤ੍ਰੈਭਾਸ਼ੀ ਰਾਸ਼ਟਰੀ ਕਵੀ ਦਰਬਾਰ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਦੇਸ਼ ਦੇ ਪ੍ਰਸਿੱਧ ਕਵੀਆਂ, ਗਜ਼ਲਕਾਰਾਂ ਅਤੇ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ਪ੍ਰੋਗਰਾਮ ਵਿੱਚ ਨਰਾਇਣੀ ਸਹਿਤ ਅਕਾਦਮੀ ਦੀ ਪ੍ਰਧਾਨ ਡਾ. ਪੁਸ਼ਪਾ ਸਿੰਘ, ਪ੍ਰਸਿੱਧ ਗਜ਼ਲਕਾਰ ਡਾ. ਪ੍ਰਦੀਪ ਅਜਨਵੀ ਅਤੇ ਮਸ਼ਹੂਰ ਕਵਿਤਰੀ ਮਾਹੀ ਮੁੰਤਜ਼ਿਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਕਵੀ ਦਰਬਾਰ ਵਿੱਚ ਡਾ. ਅੰਜੂ ਖੁੱਲਰ, ਡਾ. ਨਿਪੁੰਨਜੋਤ ਕੌਰ, ਡਾ. ਸਤਵਿੰਦਰ ਕੌਰ, ਪ੍ਰੋ. ਇੰਦਰਬੀਰ ਕੌਰ, ਡਾ. ਮੁਹੰਮਦ ਯੂਸੁਫ, ਪ੍ਰੋ. ਸਮਨਦੀਪ ਸਿੰਘ, ਪ੍ਰੋ. ਪੁਸ਼ਪਿੰਦਰ ਕੌਰ, ਪ੍ਰੋ. ਨਵਦੀਪ ਮਠਾਰੂ, ਹਰਪ੍ਰੀਤ ਸਿੰਘ ਅਤੇ ਪ੍ਰੋ. ਪ੍ਰਦੀਪ ਸ੍ਰੀਵਾਸਤਵ ਵਰਗੇ ਪ੍ਰਤਿਭਾਸ਼ਾਲੀ ਕਵੀਆਂ ਨੇ ਆਪਣੀਆਂ ਕਵਿਤਾਵਾਂ ਅਤੇ ਗਜ਼ਲਾਂ ਪੇਸ਼ ਕਰਕੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਜ਼ਲਕਾਰ ਇੰਜੀ. ਪਰਵਿੰਦਰ ਸਿੰਘ ਨੇ ਆਪਣੀਆਂ ਗਜ਼ਲਾਂ ਨਾਲ ਸਰੋਤਿਆਂ ਤੋਂ ਭਰਪੂਰ ਵਾਹ-ਵਾਹੀ ਹਾਸਲ ਕੀਤੀ। ਸ੍ਰੀ ਨਾਸਰ ਅਲੀ ਨੇ ਆਪਣੀ ਮਿੱਠੀ ਅਤੇ ਰਸਭਿੰਨੀ ਆਵਾਜ਼ ਵਿੱਚ ਗੀਤ ਪੇਸ਼ ਕਰਕੇ ਮਾਹੌਲ ਨੂੰ ਹੋਰ ਵੀ ਸੁਹਾਵਣਾ ਬਣਾਇਆ।

ਡਾ. ਪੁਸ਼ਪਾ ਸਿੰਘ ਨੇ ਨਰਾਇਣੀ ਸਹਿਤ ਅਕਾਦਮੀ ਦੇ ਉਦੇਸ਼ਾਂ ਅਤੇ ਸਾਹਿਤਕ ਯਤਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਖ਼ਾਲਸਾ ਕਾਲਜ ਦੇ ਹਿੰਦੀ ਵਿਭਾਗ ਦੇ ਸਹਿਯੋਗ ਨਾਲ ਭਵਿੱਖ ਵਿੱਚ ਵੀ ਅਜਿਹੇ ਸਾਹਿਤਕ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਵਿਭਾਗ ਦੀ ਮੁਖੀ ਡਾ. ਹਰਵਿੰਦਰ ਕੌਰ ਨੇ ਆਪਣੀ ਕਵਿਤਾ ਸੁਣਾਉਣ ਦੇ ਨਾਲ-ਨਾਲ ਮਹਿਮਾਨਾਂ ਦਾ ਨਿੱਘਾ ਸਵਾਗਤ ਤੇ ਧੰਨਵਾਦ ਕੀਤਾ ਅਤੇ ਹਿੰਦੀ ਸਾਹਿਤ ਦੇ ਵਿਕਾਸ ਲਈ ਆਪਣੀ ਵਚਨਬੱਧਤਾ ਵੀ ਦੁਹਰਾਈ । ਕਾਲਜ ਦੇ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਹਿਤ ਦੀ ਮਹੱਤਤਾ ’ਤੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਸਾਹਿਤਕ ਸਰਗਰਮੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਨਰਾਇਣੀ ਸਹਿਤ ਅਕਾਦਮੀ ਵੱਲੋਂ ਸਾਰੇ ਸ਼ਾਮਲ ਕਵੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਮੁਹੰਮਦ ਯੂਸੁਫ ਨੇ ਬਾਖੂਬੀ ਨਿਭਾਇਆ। ਇਸ ਮੌਕੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਪ੍ਰੋਫੈਸਰ, ਵਿਦਿਆਰਥੀ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ। ਇਸ ਕਵੀ ਦਰਬਾਰ ਨੇ ਨਾ ਸਿਰਫ਼ ਸਾਹਿਤਕ ਚਰਚਾ ਨੂੰ ਉਤਸ਼ਾਹਿਤ ਕੀਤਾ, ਸਗੋਂ ਵੱਖ-ਵੱਖ ਭਾਸ਼ਾਵਾਂ ਦੇ ਸੁਮੇਲ ਨਾਲ ਸੱਭਿਆਚਾਰਕ ਏਕਤਾ ਨੂੰ ਵੀ ਮਜ਼ਬੂਤ ਕੀਤਾ।

Leave a Reply

Your email address will not be published. Required fields are marked *