ਪੰਜਾਬ

ਖਾਲਸਾ ਯੂਨੀਵਰਸਿਟੀ ਦੀ ਸਥਾਪਨਾ ਦਾ ਸੁਪਨਾ ਸਾਕਾਰ ‘ਬਿੱਲ ਪਾਸ’

ਖਾਲਸਾ ਕਾਲਜ ਵਾਂਗ ਯੂਨੀਵਰਸਿਟੀ ਪੂਰੀ ਦੁਨੀਆ ‘ਚ ਨਾਂ ਰੌਸ਼ਨ ਕਰੇਗੀ
ਅੰਮ੍ਰਿਤਸਰ, 15 ਸਤੰਬਰ (ਰਾਜਨ ਮਾਨ/ਮਧੂਸਾਰ ਬਿਊਰੋ)
‘ਖ਼ਾਲਸਾ ਯੂਨੀਵਰਸਿਟੀ ਬਿੱਲ–2016’ ਪੰਜਾਬ ਵਿਧਾਨ ਸਭਾ ‘ਚ ਪਾਸ ਹੋਣ ਨਾਲ ਖਾਲਸਾ ਯੂਨੀਵਰਸਿਟੀ ਦਾ ਸੁਪਨਾ ਸਕਾਰ ਹੋ ਗਿਆ ਹੈ। ‘ਖ਼ਾਲਸਾ ਯੂਨੀਵਰਸਿਟੀ’ ਦੀ ਮੈਨੇਜ਼ਮੈਂਟ ਨੇ ਸਰਕਾਰ ਦੇ ਵਿੱਦਿਆ ਪ੍ਰਸਾਰ ਅਤੇ ਉਚੇਰੀ ਸਿੱਖਿਆ ਨੂੰ ਪ੍ਰੋਤਸ਼ਾਹਿਤ ਕਰਨ ਲਈ ਸੁਪਨੇ ਨੂੰ ਸਕਾਰ ਕਰਨ ਦਾ ਅਹਿਦ ਕਰਦਿਆਂ ਕਿਹਾ ਕਿ ਇਹ ਯੂਨੀਵਰਸਿਟੀ ਸੂਬੇ ਭਰ ਅਤੇ ਖਾਸਕਰ ਸਰਹੱਦੀ ਖੇਤਰ ‘ਚ ਮੋਹਰੀ ਸੰਸਥਾ ਵਜੋਂ ਉਭਰੇਗੀ।

‘ਵਰਸਿਟੀ ਦੇ ਚਾਂਸਲਰ ਸ: ਸੱਤਿਆਜੀਤ ਸਿੰਘ ਮਜੀਠੀਆ ਅਤੇ ਪ੍ਰੋ–ਚਾਂਸਲਰ ਸ: ਰਜਿੰਦਰ ਮੋਹਨ ਸਿੰਘ ਛੀਨਾ, ਉੱਪ ਕੁਲਪਤੀ ਪ੍ਰੋ: (ਡਾ.) ਸਰਬਜੀਤ ਸਿੰਘ ਚਾਹਲ ਅਤੇ ਰਜਿਸਟਰਾਰ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਯਕੀਨ ਦਿਵਾਇਆ ਕਿ ਇਹ ਯੂਨੀਵਰਸਿਟੀ ਖੋਜ ਅਧਾਰਿਤ ਪ੍ਰੋਫੈਸ਼ਨਲ ਵਿੱਦਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਸ: ਮਜੀਠੀਆ ਤੇ ਸ: ਛੀਨਾ ਨੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦਾ ਯੂਨੀਵਰਸਿਟੀ ਨੂੰ ਸਥਾਪਿਤ ਕਰਨ ਅਤੇ ਬਿੱਲ ਪਾਸ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਖ਼ਾਲਸਾ ਵਰਸਿਟੀ ਮਲਟੀ–ਫੈਕਲਟੀ ਪ੍ਰੋਫੈਸ਼ਨਲ ਯੂਨੀਵਰਸਿਟੀ ਹੋਵੇਗੀ। ਜਿਸਦਾ ਮੁੱਖ ਉਪਦੇਸ਼ ਖੋਜ਼ ਭਰਪੂਰ ਗਿਆਨ ਦਾ ਪ੍ਰਸਾਰ ਅਤੇ ਭਵਿੱਖ ਨੂੰ ਧਿਆਨ ‘ਚ ਰੱਖਦਿਆਂ ਵਿਦਿਆਰਥੀਆਂ ਨੂੰ ਰਵਾਇਤੀ ਵਿੱਦਿਆ ਪ੍ਰਦਾਨ ਕਰਨਾ ਹੋਵੇਗਾ।
‘ਵਰਸਿਟੀ ਦੇ ਅਧਿਕਾਰੀਆਂ ਨੇ ਇਹ ਯਕੀਨ ਦਿਵਾਇਆ ਕਿ ਇਤਿਹਾਸਕ ਖ਼ਾਲਸਾ ਕਾਲਜ ਨੂੰ ਯੂਨੀਵਰਸਿਟੀ ਤੋਂ ਅਲੱਗ ਰੱਖਿਆ ਗਿਆ ਹੈ। ਸ: ਮਜੀਠੀਆ ਨੇ ਕਿਹਾ ਕਿ ਸੰਨ 1890 ‘ਚ ਸਥਾਪਿਤ ਖ਼ਾਲਸਾ ਕਾਲਜ ਸੋਸਾਇਟੀ ਜੋ ਕਿ ਖ਼ਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਨਾਂਅ ਨਾਲ ਜਾਣੀ ਜਾਂਦੀ ਹੈ, ਦੇ ਰਚਨਹਾਰਿਆਂ ਦਾ ਸੁਪਨਾ ਸੀ ਕਿ ਸੋਸਾਇਟੀ ਦੀ ਆਪਣੀ ਯੂਨੀਵਰਸਿਟੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮੁਤਾਬਕ ਸਭ ਤੋਂ ਪਹਿਲਾਂ ਪ੍ਰਸਤਾਵ ਸੰਨ 1919 ‘ਚ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਕੋਲ ਪੇਸ਼ ਕੀਤਾ ਪਰ ਸੁੰਤਰਤਰਾ ਸੰਗਰਾਮ ‘ਚ ਹਿੱਸਾ ਲੈਣ ਹਿੱਤ ‘ਯੂਨੀਵਰਸਿਟੀ’ ਦਾ ਮਤਾ ਨਹੀਂ ਪ੍ਰਵਾਨ ਕੀਤਾ ਗਿਆ ਸੀ।
ਸ: ਛੀਨਾ ਨੇ ਕਿਹਾ ਕਿ ਕੋਈ 100 ਸਾਲ ਬਾਅਦ ਹੁਣ ‘ਖ਼ਾਲਸਾ ਯੂਨੀਵਰਸਿਟੀ’ ਦੀ ਸਥਾਪਨਾ ਦਾ ਸੁਪਨਾ ਸਕਾਰ ਹੋਇਆ ਹੈ ਅਤੇ ਇਹ ਯੂਨੀਵਰਸਿਟੀ ਬਹੁਤ ਥੋੜ੍ਹੇ ਸਮੇਂ ‘ਚ ਆਪਣਾ ਨਾਂਅ ‘ਖ਼ਾਲਸਾ ਕਾਲਜ’ ਦੀ ਤਰ੍ਹਾਂ ਹੀ ਪੂਰੀਆਂ ਦੁਨੀਆ ‘ਚ ਰੌਸ਼ਨ ਕਰੇਗੀ।
ਉੱਪ ਕੁਲਪਤੀ ਪ੍ਰੋ: (ਡਾ.) ਸਰਬਜੀਤ ਸਿੰਘ ਚਾਹਲ ਨੇ ਕਿਹਾ ਕਿ ਯੂਨੀਵਰਸਿਟੀ ਦਾ ਖੋਜ ਕੇਂਦਰਿਤ ਹੋਣ ਦੇ ਮੱਦੇਨਜ਼ਰ ਪੀ. ਐੱਚ. ਡੀ. ਲਈ ਦਾਖਲਾ ਟੈਸਟ ਸਤੰਬਰ 18 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ‘ਚ ਸੂਬੇ ਭਰ ਤੋਂ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਰਸਾਂ ‘ਚ ਪੀ. ਐੱਚ. ਡੀ. ਸ਼ੁਰੂ ਕੀਤੀ ਜਾ ਰਹੀ ਹੈ, ਉਨ੍ਹਾਂ ‘ਚ ਐਗਰੀਕਲਚਰ, ਇੰਜੀਨੀਅਰਿੰਗ, ਸਾਇੰਸਸ, ਐਜ਼ੂਕੇਸ਼ਨ, ਫ਼ਿਜੀਕਲ ਐਜ਼ੂਕੇਸ਼ਨ, ਪੰਜਾਬੀ, ਹਿੰਦੀ, ਇੰਗਲਿਸ਼, ਜਰਨਲਿਜ਼ਮ ਐਂਡ ਮਾਸ ਕਮਨੀਕੇਸ਼ਨ, ਲਾਅ, ਲਾਇਬ੍ਰੇਰੀ ਸਾਇੰਸ, ਮੈਡੀਕਲ ਲੈਬ, ਟੈਕਨਾਲੋਜੀ, ਫਾਰਮੇਸੀ ਐਂਡ ਨਰਸਿੰਗ ਸ਼ਾਮਿਲ ਹਨ।

Leave a Reply

Your email address will not be published. Required fields are marked *