ਸਾਡਾ ਦੇਸ਼, ਸਾਡਾ ਫੈਸਲਾ…, ਐੱਸ. ਜੈਸ਼ੰਕਰ ਦੀ ਪਾਕਿਸਤਾਨ ਨੂੰ ਦੋ-ਟੂਕ
ਚੇਨਈ/ਨਵੀਂ ਦਿੱਲੀ 2 ਜਨਵਰੀ (ਮਧੂਸਾਰ ਬਿਊਰੋ) ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ’ਅੱਤਵਾਦ ਨੂੰ ਰਾਜ ਦੀ ਨੀਤੀ’ ਵਜੋਂ ਵਰਤਣ ਦੀ ਆਦਤ ’ਤੇ ਤਿੱਖਾ ਹਮਲਾ ਕੀਤਾ ਹੈ। ਆਈ.ਆਈ.ਟੀ. ਮਦਰਾਸ ਵਿਖੇ ਵਿਦਿਆਰਥੀਆਂ ਅਤੇ ਬੁੱਧੀਜੀਵੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਭਾਰਤ ਨੂੰ ਆਪਣੀ ਰੱਖਿਆ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਅੱਤਵਾਦ ਵਿਰੁੱਧ ਸਾਡੀ ਕਾਰਵਾਈ ਕੀ ਹੋਵੇਗੀ, ਇਸ ਦਾ ਫੈਸਲਾ ਸਿਰਫ ਅਸੀਂ ਹੀ ਕਰਾਂਗੇ।
ਅੱਤਵਾਦ ਅਤੇ ਸਮਝੌਤੇ ਇਕੱਠੇ ਨਹੀਂ ਚੱਲ ਸਕਦੇ
ਸਿੰਧੂ ਜਲ ਸਮਝੌਤੇ ਦਾ ਜ਼ਿਕਰ ਕਰਦਿਆਂ ਵਿਦੇਸ਼ ਮੰਤਰੀ ਨੇ ਇਕ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਇਹ ਉਮੀਦ ਨਹੀਂ ਰੱਖ ਸਕਦਾ ਕਿ ਭਾਰਤ ਉਸ ਨਾਲ ਪਾਣੀ ਸਾਂਝਾ ਕਰਨਾ ਜਾਰੀ ਰੱਖੇ ਅਤੇ ਉਹ ਭਾਰਤ ਵਿਚ ਅੱਤਵਾਦ ਫੈਲਾਉਂਦਾ ਰਹੇ। ਜੈਸ਼ੰਕਰ ਨੇ ਕਿਹਾ, “ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ।” ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਚੰਗੇ ਗੁਆਂਢੀ ਸਬੰਧ ਸਮਝੌਤਿਆਂ ਦੀ ਬੁਨਿਆਦ ਹੁੰਦੇ ਹਨ, ਪਰ ਜੇਕਰ ਦਹਾਕਿਆਂ ਤੱਕ ਅੱਤਵਾਦ ਚੱਲਦਾ ਰਿਹਾ ਤਾਂ ਅਜਿਹੇ ਰਿਸ਼ਤਿਆਂ ਦੇ ਫਾਇਦੇ ਨਹੀਂ ਮਿਲ ਸਕਦੇ। ਵਰਣਨਯੋਗ ਹੈ ਕਿ ਅਪ੍ਰੈਲ 2025 ਵਿੱਚ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ, ਜਿਸ ਵਿੱਚ 26 ਸੈਲਾਨੀਆਂ ਦੀ ਜਾਨ ਚਲੀ ਗਈ ਸੀ, ਤੋਂ ਬਾਅਦ ਭਾਰਤ ਨੇ ਆਪਣੀ ਰਣਨੀਤੀ ਬਹੁਤ ਸਖ਼ਤ ਕਰ ਦਿੱਤੀ ਹੈ।

