ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਸੂਰਜਕੁੰਡ ਮੇਲਾ ਹਾਦਸਾ: ਮੁੱਖ ਮੁਲਜ਼ਮ ਸਣੇ ਦੋ ਗਿ੍ਰਫ਼ਤਾਰ

SIT ਅਤੇ ਪ੍ਰਸ਼ਾਸਨਿਕ ਕਮੇਟੀ ਵੱਲੋਂ ਜਾਂਚ ਤੇਜ਼

ਫਰੀਦਾਬਾਦ 8 ਫਰਵਰੀ (ਮਧੂਸਾਰ ਬਿਊਰੋ) ਸੂਰਜਕੁੰਡ ਕੌਮਾਂਤਰੀ ਸ਼ਿਲਪ ਮੇਲੇ ਵਿੱਚ ਹੋਏ ਦਰਦਨਾਕ ਝੂਲਾ ਹਾਦਸੇ ਵਿੱਚ ਫਰੀਦਾਬਾਦ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਗਿ੍ਰਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਹਿਮਾਚਲ ਫਨ ਕੇਅਰ ਦੇ ਮਾਲਕ ਮੁਹੰਮਦ ਸ਼ਾਕਿਰ (ਹਿਮਾਚਲ ਪ੍ਰਦੇਸ਼) ਅਤੇ ਨਿਤੇਸ਼ (ਮੇਰਠ, ਯੂ.ਪੀ.) ਸ਼ਾਮਲ ਹਨ।
ਹਾਦਸੇ ਵਿੱਚ ਆਪਣੀ ਜਾਨ ਵਾਰਨ ਵਾਲੇ ਇੰਸਪੈਕਟਰ ਜਗਦੀਸ਼ ਪ੍ਰਸਾਦ ਦੀ ਮਿ੍ਰਤਕ ਦੇਹ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਸ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਗੰਭੀਰ ਜ਼ਖ਼ਮੀਆਂ ਲਈ 1-1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ।
ਹਰਿਆਣਾ ਦੇ ਡੀਜੀਪੀ ਅਜੈ ਸਿੰਘਲ ਨੇ ਸ਼ਹੀਦ ਇੰਸਪੈਕਟਰ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਡਿਊਟੀ ਦੌਰਾਨ ਦੂਜਿਆਂ ਦੀਆਂ ਜਾਨਾਂ ਬਚਾਉਂਦੇ ਹੋਏ ਸ਼ਹਾਦਤ ਦਿੱਤੀ ਹੈ। ਵਿਭਾਗ ਵੱਲੋਂ ਪਰਿਵਾਰ ਨੂੰ ਆਰਥਿਕ ਮਦਦ ਅਤੇ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ।
ਦੂਜੇ ਪਾਸੇ, ਫਰੀਦਾਬਾਦ ਪ੍ਰਸ਼ਾਸਨ ਨੇ ਏ.ਡੀ.ਸੀ. ਸਤਬੀਰ ਸਿੰਘ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਕਮੇਟੀ ਬਣਾਈ ਹੈ ਜੋ ਝੂਲੇ ਦੇ ਡਿੱਗਣ ਦੇ ਤਕਨੀਕੀ ਕਾਰਨਾਂ ਦੀ ਜਾਂਚ ਕਰੇਗੀ। ਮੇਲੇ ਦੇ 9ਵੇਂ ਦਿਨ ਦੀ ਸ਼ੁਰੂਆਤ ਇੰਸਪੈਕਟਰ ਪ੍ਰਸਾਦ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖ ਕੇ ਕੀਤੀ ਗਈ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਮੇਲੇ ਵਿੱਚ ਝੂਲਿਆਂ ਵਾਲਾ ਹਿੱਸਾ ਫਿਲਹਾਲ ਬੰਦ ਰਹੇਗਾ ਪਰ ਬਾਕੀ ਸਾਰੇ ਸੱਭਿਆਚਾਰਕ ਅਤੇ ਵਪਾਰਕ ਪ੍ਰੋਗਰਾਮ ਜਾਰੀ ਰਹਿਣਗੇ। ਦੱਸ ਦਈਏ ਕਿ ਇਹ ਹਾਦਸਾ ਸ਼ਨੀਵਾਰ ਸ਼ਾਮ ਨੂੰ ਉਸ ਵੇਲੇ ਵਾਪਰਿਆ ਜਦੋਂ ‘ਝੂਲਾ’ ਅਚਾਨਕ ਇੱਕ ਪਾਸਿਓਂ ਟੁੱਟ ਗਿਆ। ਮੌਕੇ ’ਤੇ ਮੌਜੂਦ ਇੰਸਪੈਕਟਰ ਜਗਦੀਸ਼ ਪ੍ਰਸਾਦ ਜਦੋਂ ਹੋਰ ਲੋਕਾਂ ਨੂੰ ਬਚਾਉਣ ਲਈ ਅੱਗੇ ਵਧੇ ਤਾਂ ਝੂਲਾ ਦੂਜੇ ਪਾਸਿਓਂ ਵੀ ਟੁੱਟ ਕੇ ਉਨ੍ਹਾਂ ਉੱਪਰ ਜਾ ਡਿੱਗਿਆ।
ਇਸ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਇੰਸਪੈਕਟਰ ਪ੍ਰਸਾਦ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਪੁਲੀਸ ਸ਼ਿਕਾਇਤ ਅਨੁਸਾਰ, ਇਹ ਹਾਦਸਾ ਝੂਲਾ ਕੰਪਨੀ ਵੱਲੋਂ ਸੁਰੱਖਿਆ ਮਾਪਦੰਡਾਂ ਦੀ ਜਾਣਬੁੱਝ ਕੇ ਕੀਤੀ ਗਈ ਅਣਦੇਖੀ ਕਾਰਨ ਵਾਪਰਿਆ ਹੈ।

Leave a Reply

Your email address will not be published. Required fields are marked *