ਪੰਜਾਬਪਟਿਆਲਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ਕੌਮਾਂਤਰੀ ਪੰਜਾਬੀ ਕਾਨਫਰੰਸ ਦਾ ਆਗਾਜ਼

ਫਤਿਹਗੜ੍ਹ ਸਾਹਿਬ (ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਸਿੱਖ ਐਜੂਕੇਸ਼ਨ ਕੌਂਸਲ, ਯੂ.ਕੇ. ਦੇ ਸਹਿਯੋਗ ਨਾਲ ਕੌਮਾਂਤਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਪੰਜਾਬੀ ਕਾਨਫਰੰਸ ‘ਪੰਜਾਬ ਅਤੇ ਸਿੱਖੀ: ਅਵਾਸ ਅਤੇ ਪਰਵਾਸ ਦੇ ਸਰੋਕਾਰ’ ਵਿਸ਼ੇ ਨਾਲ ਸੰਬੰਧਿਤ, ਦਾ ਆਗਾਜ਼ ਕੀਤਾ ਗਿਆ। ਇਸ ਕਾਨਫਰੰਸ ਦਾ ਮੰਤਵ ਅਵਾਸ ਤੇ ਪਰਵਾਸ ਦੇ ਬਹੁਪੱਖੀ ਪਹਿਲੂਆਂ ਨੂੰ ਸਮਝਣਾ ਹੈ। ਇਸ ਕਾਨਫਰੰਸ ਦੇ ਪਹਿਲੇ ਦਿਨ ਦੋ ਇਜਲਾਸ ਹੋਏ, ਪਹਿਲੇ ਇਜਲਾਸ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਕੀਤੀ। ਦੋਵਾਂ ਇਜਲਾਸਾਂ ਵਿੱਚ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਵਿਦਵਾਨਾਂ ਨੇ ਸ਼ਿਰਕਤ ਕੀਤੀ। ਡਾ. ਸਿਕੰਦਰ ਸਿੰਘ (ਡੀਨ ਭਾਸ਼ਾਵਾਂ, ਮੁਖੀ ਪੰਜਾਬੀ ਵਿਭਾਗ) ਨੇ ਆਏ ਵਿਦਵਾਨਾਂ ਦਾ ਸਵਾਗਤ ਕਰਦੇ ਹੋਏ ਕਾਨਫਰੰਸ ਦੀ ਰੂਪ-ਰੇਖਾ ਦੱਸੀ। ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਵਾਈਸ-ਚਾਂਸਲਰ ਨੇ ਪਰਵਾਸੀ ਧਰਤੀ ’ਤੇ ਰਹਿ ਰਹੇ ਪੰਜਾਬੀ ਵਿਦਿਆਰਥੀਆਂ ਦੇ ਸੰਕਟ ਦੀ ਗੱਲ ਕੀਤੀ ਅਤੇ ਉਹਨਾਂ ਨੂੰ ਦੇਸ਼ ਵਿੱਚ ਰਹਿ ਕੇ ਰੁਜ਼ਗਾਰ ਕਰਨ ਲਈ ਪ੍ਰੇਰਿਆ। ਕਾਨਫਰੰਸ ਦਾ ਉਦਘਾਟਨੀ ਭਾਸ਼ਣ ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਵੱਲੋਂ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਸਿੱਖਿਆ ਉੱਪਰ ਪਰਵਾਸ ਦੇ ਪੈ ਰਹੇ ਅਸਰਾਂ ਬਾਰੇ ਗੱਲ ਕੀਤੀ। ਉਹਨਾਂ ਨੇ ਕਾਨਫਰੰਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਵਿਸ਼ਾ ਪੰਜਾਬ ਅਤੇ ਸਿੱਖੀ ਦੀ ਪਹਿਚਾਣ ਦੇ ਮਸਲੇ ਨਾਲ ਜੁੜੇ ਹੋਣ ਕਰਕੇ ਮਹੱਤਵਪੂਰਣ ਹੈ। ਕਾਨਫਰੰਸ ਦੇ ਪਹਿਲੇ ਸੈਸ਼ਨ ਵਿੱਚ ਡਾ. ਨਵਰੀਤ ਕੌਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਆਵਾਸ ਅਤੇ ਪਰਵਾਸ ਦੇ ਪੰਜਾਬ ਦੀ ਜਨਸੰਖਿਆ ਉੱਪਰ ਪੈ ਰਹੇ ਅਸਰਾਂ ਬਾਰੇ ਗੱਲ ਕੀਤੀ। ਜਿਸ ਦੇ ਸਿੱਟੇ ਵਜੋਂ ਰਾਜਨੀਤੀ, ਸਮਾਜ, ਵਿੱਦਿਆ ਸਭ ਖੇਤਰਾਂ ਵਿੱਚ ਤਬਦੀਲੀਆਂ ਵਾਪਰ ਰਹੀਆਂ ਹਨ। ਪ੍ਰੋ. ਸਤਨਾਮ ਸਿੰਘ ਦਿਓਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕਿਸਾਨੀ ਅਤੇ ਸਿੱਖੀ ਦੇ ਹਵਾਲੇ ਨਾਲ ਰਾਜਨੀਤੀ ਅਤੇ ਪਛਾਣ ਦੇ ਸਵਾਲ ਉੱਪਰ ਗੱਲ ਕੀਤੀ। ਉਹਨਾਂ ਨੇ ਕਿਸਾਨੀ ਉੱਪਰ ਆ ਰਹੇ ਸੰਕਟ ਨਾਲ ਰਾਬਤਾ ਕਰਵਾਇਆ। ਪਹਿਲੇ ਇਜਲਾਸ ਦਾ ਧੰਨਵਾਦੀ ਮਤਾ ਰਜਿਸਟਰਾਰ ਪ੍ਰੋ. (ਡਾ.) ਤੇਜਬੀਰ ਸਿੰਘ ਵੱਲੋਂ ਪੇਸ਼ ਕੀਤਾ ਗਿਆ। ਕਾਨਫਰੰਸ ਦੇ ਦੂਜੇ ਸੈਸ਼ਨ ਵਿੱਚ ਸੱਤ ਵਿਦਵਾਨਾਂ ਨੇ ਹਿੱਸਾ ਲਿਆ ਡਾ. ਕੰਵਲਜੀਤ ਸਿੰਘ, ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ‘ਪੰਜਾਬ ਦੇ ਅਵਾਸ-ਪਰਵਾਸ ਵਿੱਚ 1984 ਦਾ ਮੋੜ’ ਵਿਸ਼ੇ ਤੇ ਗੱਲ ਕੀਤੀ, ਡਾ. ਜਸਵੀਰ ਸਿੰਘ (ਡੈਨਮਾਰਕ) ਨੇ “ਮਾਡਰਨ ਹਿੰਦੂਵਾਦ ਦੀ ਘਾੜਤ ਅਤੇ ਇਸ ਦੇ ਸਿੱਖ ਡਾਇਸਪੋਰਾ ਉੱਪਰ ਅਸਰ’, ਰਮਨਦੀਪ ਸਿੰਘ ਵੈਨਕੂਵਰ ਨੇ ‘ਪੰਜਾਬੀ ਸ਼ਬਦਾਂ ਦੇ ਪ੍ਰਵਾਸ’ ਉੱਪਰ ਆਪਣੀ ਗੱਲ ਰੱਖੀ। ਇਸ ਤੋਂ ਇਲਾਵਾ ਡਾ. ਨਵ ਸ਼ਗਨ ਦੀਪ ਕੌਰ, ਮੁਖੀ ਸਮਾਜ ਵਿਗਿਆਨ ਵਿਭਾਗ, ਡਾ. ਬਿੰਦਰ ਸਿੰਘ, ਡਾ. ਸੰਦੀਪ ਕੌਰ ਸੇਖੋਂ ਅਤੇ ਡਾ. ਚਰਨਜੀਤ ਕੌਰ ਨੇ ਖੋਜ ਪੱਤਰ ਪੇਸ਼ ਕੀਤੇ। ਕਾਨਫਰੰਸ ਦਾ ਸੰਚਾਲਨ ਡਾਕਟਰ ਹਰਪ੍ਰੀਤ ਕੌਰ ਪੰਜਾਬੀ ਵਿਭਾਗ ਵੱਲੋਂ ਕੀਤਾ ਗਿਆ। ਇਸ ਵਿੱਚ ਡਾ. ਹਰਦੇਵ ਸਿੰਘ, ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ, ਡਾ. ਹਰਨੀਤ ਬਿਲਿੰਗ, ਮੁਖੀ ਸਿੱਖਿਆ ਵਿਭਾਗ, ਡਾ. ਰਮਨਦੀਪ ਕੌਰ, ਮੁਖੀ ਰਾਜਨੀਤੀ ਸ਼ਾਸਤਰ ਵਿਭਾਗ, ਡਾ. ਰੁਪਿੰਦਰ ਪਾਲ ਸਿੰਘ, ਮੁਖੀ ਭੋਜਨ ਤਕਨੀਕ ਵਿਭਾਗ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਭਾਸ਼ਾ ਅਫਸਰ ਸ. ਸੰਦੀਪ ਬਿਬੇਕਗੜ੍ਹ ਤੋਂ ਸ. ਰਣਜੀਤ ਸਿੰਘ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।

Leave a Reply

Your email address will not be published. Required fields are marked *