ਪਟਨਾ ਸਾਹਿਬ ਵਿਖੇ ਅੱਜ (22 ਸਤੰਬਰ) ਤੋਂ ਸ਼ੁਰੂ ਹੋਵੇਗਾ ਕੌਮਾਂਤਰੀ ਸਿੱਖ ਸੰਮੇਲਨ
ਪੰਜਾਬ ਅਤੇ ਬਿਹਾਰ ਦੇ ਮੁੱਖ ਮੰਤਰੀ ਉਦਘਾਟਨੀ ਸਮਾਰੋਹ ਵਿੱਚ ਹੋਣਗੇ ਸ਼ਾਮਲ
ਪਟਨਾ ਸਾਹਿਬ (ਬਿਹਾਰ)/ਚੰਡੀਗੜ੍ਹ, 21 ਸਤੰਬਰ (ਮਧੂਸਾਰ ਬਿਊਰੋ)
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਵਜੋਂ 22 ਸਤੰਬਰ ਤੋਂ 24 ਸਤੰਬਰ 2016 ਤੱਕ ਗੁਰੂ ਸਾਹਿਬ ਦੇ ਜਨਮ ਅਸਥਾਨ ਪਟਨਾ ਸਾਹਿਬ ਵਿਖੇ ਕੌਮਾਂਤਰੀ ਸਿੱਖ ਸੰਮੇਲਨ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਦੇਸ਼-ਵਿਦੇਸ਼ ਤੋਂ ਧਾਰਮਿਕ, ਸਿਆਸੀ, ਸਮਾਜਿਕ, ਸੱਭਿਆਚਾਰਕ ਅਤੇ ਖੇਡ ਜਗਤ ਦੀਆਂ 200 ਦੇ ਕਰੀਬ ਸਿੱਖ ਸਖਸ਼ੀਅਤ ਸ਼ਾਮਲ ਹੋਣਗੀਆਂ। ਇਸ ਸੰਮੇਲਨ ਦੇ ਉਦਘਾਟਨੀ ਸਮਾਰੋਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਤੇ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਸਮੇਤ ਹੋਰ ਉਘੀਆਂ ਸਖਸ਼ੀਅਤਾਂ ਸ਼ਾਮਲ ਹੋਣਗੀਆਂ।
ਪੰਜਾਬ ਸਰਕਾਰ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਸੰਮੇਲਨ ਦਾ ਮਨੋਰਥ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਉਪਦੇਸ਼ ਅਤੇ ਜੀਵਨ ਦਰਸ਼ਨ ਦਾ ਸੁਨੇਹਾ ਦੁਨੀਆਂ ਭਰ ਵਿੱਚ ਕੋਨੇ-ਕੋਨੇ ‘ਚ ਪਹੁੰਚਾਉਣਾ ਹੈ। ਸੰਮੇਲਨ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਪੰਜਾਬ, ਮਹਾਰਾਸ਼ਟਰ, ਰਾਜਸਥਾਨ, ਉਤਰਾਖੰਡ, ਪੱਛਮੀ ਬੰਗਾਲ, ਉਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਤੇਲੰਗਨਾ ਅਤੇ ਵਿਦੇਸ਼ਾਂ ਵਿੱਚੋਂ ਅਮਰੀਕਾ, ਕੈਨੇਡਾ, ਇੰਗਲੈਂਡ, ਮਲੇਸ਼ੀਆ, ਨਿਊਜ਼ੀਲੈਂਡ ਤੇ ਮਿਆਂਮਾਰ ਤੋਂ ਪੁੱਜ ਰਹੇ ਸਿੱਖ ਵਿਦਵਾਨ ਪੁੱਜ ਰਹੇ ਹਨ ਜੋ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਜੀਵਨ ਬਾਰੇ ਆਪਣੇ ਵਿਚਾਰ ਰੱਖਣਗੇ।
ਬੁਲਾਰੇ ਨੇ ਦੱਸਿਆ ਕਿ 22 ਸਤੰਬਰ ਨੂੰ ਸਿੱਖ ਸੰਮੇਲਨ ਦਾ ਉਦਘਾਟਨੀ ਸਮਾਰੋਹ ਹੋਵੇਗਾ। ਸੰਮਲੇਨ ਦੇ ਦੂਸਰੇ ਦਿਨ 23 ਸਤੰਬਰ ਨੂੰ ਕਰਵਾਏ ਜਾਣ ਵਾਲੇ ਸੈਸ਼ਨਾਂ ਦਾ ਵਿਸ਼ਾ ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ-ਰੂਹਾਨੀ ਮੁਕਤੀਦਾਤਾ ਤੇ ਮਨੁੱਖੀ ਅਧਿਕਾਰਾਂ ਦੇ ਰਾਖੇ’, ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ-ਉੱਚ ਕੋਟੀ ਦੇ ਕਵੀ’ ਅਤੇ ‘ਸਿੱਖ ਧਰਮ-ਪ੍ਰੇਮ ਤੇ ਮਾਨਵਤਾ ਪ੍ਰਤੀ ਆਸਥਾ’ ਹੋਵੇਗਾ। ਇਸੇ ਤਰ੍ਹਾਂ 24 ਸਤੰਬਰ ਨੂੰ ਸੰਮਲੇਨ ਦੇ ਤੀਜੇ ਤੇ ਆਖਰੀ ਦਿਨ ਕਰਵਾਏ ਜਾਣ ਸੈਸ਼ਨ ਦਾ ਵਿਸ਼ਾ ‘ਰਾਸ਼ਟਰ ਦੇ ਨਿਰਮਾਣ ਵਿੱਚ ਸਿੱਖਾਂ ਦਾ ਯੋਗਦਾਨ’ ਹੋਵੇਗਾ। ਇਸ ਤੋਂ ਬਾਅਦ ਸੰਮਲੇਨ ਦੇ ਸਮਾਪਤੀ ਸਮਾਪਤੀ ਸਮਾਰੋਹ ਵਿੱਚ ਬਿਹਾਰ ਦੇ ਰਾਜਪਾਲ ਸ੍ਰੀ ਰਾਮ ਨਾਥ ਕੋਵਿੰਦ ਸ਼ਾਮਲ ਹੋਣਗੇ। ਇਸ ਦੌਰਾਨ ਇਕ ਸੱਭਿਆਚਾਰਕ ਸਮਾਗਮ ਵੀ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਰੱਬੀ ਸ਼ੇਰਗਿੱਲ ਅਤੇ ਦਿਲਜੀਤ ਦੋਸਾਂਝ ਆਪਣੀ ਪੇਸ਼ਕਾਰੀ ਦੇਣਗੇ।
ਕੌਮਾਂਤਰੀ ਸਿੱਖ ਸੰਮਲੇਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਅੱਜ ਇੱਥੇ ਪਟਨਾ ਸਾਹਿਬ ਵਿਖੇ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਹਾਰ ਸਰਕਾਰ ਵੱਲੋਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ‘ਤੇ ਮਨਾਉਣ ਲਈ ਪੰਜਾਬ ਸਰਕਾਰ ਅਤੇ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਤਿਆਰੀਆਂ ਆਰੰਭੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਮੁੱਚਾ ਜੀਵਨ ਅਤੇ ਪਰਿਵਾਰ ਮਾਨਵਤਾ ਦੀ ਰਾਖੀ ਲਈ ਕੁਰਬਾਨ ਕਰ ਦਿੱਤਾ ਅਤੇ ਉਨ੍ਹਾਂ ਦਾ ਪ੍ਰਕਾਸ਼ ਪੁਰਬ ਮਨਾਉਣਾ ਸਾਡੇ ਸਾਰਿਆਂ ਲਈ ਗੌਰਵਮਈ ਹੈ ਅਤੇ ਬਿਹਾਰ ਸਰਕਾਰ ਇਸ ਨੂੰ ਆਪਣਾ ਪਵਿੱਤਰ ਫਰਜ਼ ਸਮਝਦੀ ਹੈ।
ਜ਼ਿਕਰਯੋਗ ਹੈ ਕਿ ਪਟਨਾ ਸਾਹਿਬ ਵਿਖੇ 30 ਦਸੰਬਰ 2016 ਤੋਂ 7 ਜਨਵਰੀ 2017 ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਮੌਕੇ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ ਜਿਨ੍ਹਾਂ ਦੀ ਲੜੀ ਤਹਿਤ ਭਲਕੇ ਕੌਮਾਂਤਰੀ ਸਿੱਖ ਸੰਮੇਲਨ ਕਰਵਾਇਆ ਜਾ ਰਿਹਾ ਹੈ।

