ਡਾ. ਅੰਬੇਡਕਰ ਦੀ 135ਵੀਂ ਜਯੰਤੀ ਦੇ ਮੌਕੇ ’ਤੇ ਪੰਚਕੂਲਾ ਵਿੱਚ ਸਮਾਰੋਹ ਆਯੋਜਿਤ
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਭਟਕੀ ਹੋਈ ਮਨੁੱਖਤਾ ਨੂੰ ਜੀਵਨ ਦਾ ਸੱਚਾ ਰਸਤਾ ਦਿਖਾਇਆ : ਨਾਇਬ ਸਿੰਘ ਸੈਣੀ
ਪੰਚਕੂਲਾ 14 ਅਪ੍ਰੈਲ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਨੇ ਆਪਣੇ ਸਮੇਂ ਵਿੱਚ ਭਟਕੀ ਹੋਈ ਮਨੁੱਖਤਾ ਨੂੰ ਜੀਵਨ ਦਾ ਸੱਚਾ ਰਸਤਾ ਦਿਖਾਇਆ ਸੀ, ਅਜਿਹੇ ਵਿੱਚ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣ ਅਤੇ ਸਹੇਜਣ ਦੀ ਜ਼ਿੰਮੇਵਾਰੀ ਸਾਡੇ ਸਾਰਿਆਂ ਦੀ ਹੈ। ਮੁੱਖ ਮੰਤਰੀ ਅੱਜ ਪੰਚਕੂਲਾ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ 135ਵੀਂ ਜਯੰਤੀ ਦੇ ਮੌਕੇ ’ਤੇ ਆਯੋਜਿਤ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਡਾ. ਭੀਮ ਰਾਓ ਅੰਬੇਡਕਰ ਦੀ ਜਨਮ ਵਰ੍ਹੇਗੰਢ ਦੀ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਸ ਸਾਲ ਬਾਬਾ ਸਾਹਿਬ ਦੀ ਜਯੰਤੀ ਨੂੰ 13 ਅਪ੍ਰੈਲ ਤੋਂ 20 ਅਪ੍ਰੈਲ ਤੱਕ ਸਮਾਜਿਕ ਨਿਆਂ ਹਫ਼ਤੇ ਵਜੋਂ ਮਨਾ ਰਹੇ ਹਾਂ। ਇਸ ਮੁਹਿੰਮ ਦਾ ਮੁੱਖ ਉਦੇਸ਼ ਬਾਬਾ ਸਾਹਿਬ ਦੇ ਸਮਾਜਿਕ ਨਿਆਂ ਅਤੇ ਸਮਾਨਤਾ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਹਫ਼ਤੇ ਦੀ ਸ਼ੁਰੂਆਤ ਸਵੱਛਤਾ ਅਭਿਆਨ ਨਾਲ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਸਾਹਿਬ ਦਾ ਸੁਪਨਾ ਅਜਿਹਾ ਸਮਾਜ ਸੀ, ਜਿੱਥੇ ਕਿਸੇ ਵਿਅਕਤੀ ਦੀ ਪਛਾਣ ਉਸਦੀ ਜਾਤ ਨਾਲ ਨਹੀਂ, ਸਗੋਂ ਉਸਦੀ ਯੋਗਤਾ ਅਤੇ ਉਸਦੇ ਕਰਮਾਂ ਨਾਲ ਹੋਵੇ। ਅਸੀਂ ਉਸੇ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ। ਇਸ ਸਮਾਜਿਕ ਨਿਆਂ ਹਫ਼ਤੇ ਰਾਹੀਂ ਅਸੀਂ ਉਨ੍ਹਾਂ ਦੇ ਵਿਚਾਰਾਂ ਨੂੰ ਜਨ-ਜਨ ਤੱਕ ਪਹੁੰਚਾਉਣ, ਸਮਾਜ ਦੇ ਆਖਰੀ ਵਿਅਕਤੀ ਤੱਕ ਨਿਆਂ ਯਕੀਨੀ ਬਣਾਉਣ ਅਤੇ ਸਮਾਨਤਾ ਦੇ ਉਨ੍ਹਾਂ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਮਹਾਨ ਸਮਾਜ ਸੁਧਾਰਕ ਸਨ। ਉਨ੍ਹਾਂ ਨੇ ਜਾਤ-ਪਾਤ, ਛੂਤ-ਛਾਤ, ਅਸਮਾਨਤਾ, ਅਨਿਆਂ ਅਤੇ ਸ਼ੋਸ਼ਣ ਵਿਰੁੱਧ ਸੰਘਰਸ਼ ਕੀਤਾ। ਉਹ ਦੱਬੇ-ਪਿਛੜੇ ਲੋਕਾਂ ਦੀ ਆਵਾਜ਼ ਸਨ। ਇੱਕ ਗਰੀਬ ਪਰਿਵਾਰ ਵਿੱਚ ਜਨਮੇ ਬਾਬਾ ਸਾਹਿਬ ਨੇ ਇਹ ਸਾਬਤ ਕਰ ਦਿੱਤਾ ਕਿ ਦਿ੍ਰੜ ਇਰਾਦੇ, ਮਿਹਨਤ ਅਤੇ ਹਿੰਮਤ ਨਾਲ ਮਨੁੱਖ ਔਖੇ ਤੋਂ ਔਖੇ ਟੀਚੇ ਨੂੰ ਵੀ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦਾ ਜੀਵਨ ਸੰਘਰਸ਼ਾਂ ਨਾਲ ਭਰਿਆ ਹੋਇਆ ਸੀ, ਪਰ ਉਨ੍ਹਾਂ ਨੇ ਉੱਚ ਮਨੋਬਲ ਨਾਲ ਜੀਵਨ ਦੀ ਹਰ ਰੁਕਾਵਟ ਨੂੰ ਪਾਰ ਕੀਤਾ। ਉਹ ਇੱਕ ਉੱਘੇ ਲੇਖਕ, ਯਸ਼ਸਵੀ ਬੁਲਾਰੇ, ਮਹਾਨ ਕਾਨੂੰਨਦਾਨ ਅਤੇ ਅਰਥ ਸ਼ਾਸਤਰੀ ਸਨ। ਉਹ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਵੀ ਸਨ। ਉਨ੍ਹਾਂ ਕਿਹਾ ਕਿ ਦੇਸ਼ ਪ੍ਰਤੀ ਉਨ੍ਹਾਂ ਦੀਆਂ ਮਹਾਨ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਭਾਰਤ ਰਤਨ ਦੇ ਸਰਵਉੱਚ ਸਨਮਾਨ ਨਾਲ ਨਿਵਾਜਿਆ ਗਿਆ। ਉਨ੍ਹਾਂ ਦਾ ਸਾਧਨਾਪੂਰਨ ਜੀਵਨ ਸਾਡੇ ਸਾਰਿਆਂ ਲਈ ਆਦਰਸ਼ ਹੈ।

