ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੀ ਗੱਤਕਾ ਟੀਮ ਦੀ ਰਾਸ਼ਟਰੀ ਪੱਧਰ ‘ਤੇ ਸ਼ਾਨਦਾਰ ਪ੍ਰਾਪਤੀ
ਫ਼ਤਿਹਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ 2025–26 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਡੀ ਉਪਲਬਧੀ ਦਰਜ ਕੀਤੀ ਹੈ। ਯੂਨੀਵਰਸਿਟੀ ਦੀ ਲੜਕੀਆਂ ਦੀ ਟੀਮ ਨੇ ਤੀਜਾ ਸਥਾਨ ਅਤੇ ਲੜਕਿਆਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ।
ਇਹ ਚੈਂਪੀਅਨਸ਼ਿਪ 22 ਅਪ੍ਰੈਲ 2026 ਤੋਂ 26 ਅਪ੍ਰੈਲ 2026 ਤੱਕ ਯੂਨੀਵਰਸਿਟੀ ਆਫ ਕੋਟਾ ਵਿਖੇ ਆਯੋਜਿਤ ਕੀਤੀ ਗਈ, ਜਿਸ ਵਿੱਚ ਦੇਸ਼ ਭਰ ਦੀਆਂ 34 ਯੂਨੀਵਰਸਿਟੀਆਂ ਦੇ ਲਗਭਗ 700 ਖਿਡਾਰੀਆਂ ਨੇ ਭਾਗ ਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ 16 ਲੜਕੀਆਂ ਅਤੇ 14 ਲੜਕਿਆਂ ਸਮੇਤ ਕੁੱਲ 30 ਖਿਡਾਰੀਆਂ ਨੇ ਹਿੱਸਾ ਲਿਆ।
ਲੜਕੀਆਂ ਦੇ ਵਰਗ ਵਿੱਚ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਾਰੇ ਇਵੈਂਟਾਂ ਵਿੱਚ ਮੈਡਲ ਜਿੱਤ ਕੇ ਕੁੱਲ 26 ਅੰਕ ਪ੍ਰਾਪਤ ਕੀਤੇ ਅਤੇ ਓਵਰਆਲ ਤੀਜਾ ਸਥਾਨ ਹਾਸਲ ਕੀਤਾ। ਵਿਅਕਤੀਗਤ ਸਿੰਗਲ ਸਟਿਕ ਮੁਕਾਬਲੇ ਵਿੱਚ ਇੰਦਰਪ੍ਰੀਤ ਕੌਰ (ਬੀ.ਏ ਭਾਗ ਦੂਜਾ, ਪੰਜਾਬੀ ਵਿਭਾਗ) ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨੇ ਦਾ ਤਮਗਾ ਜਿੱਤਿਆ। ਇਸੇ ਤਰ੍ਹਾਂ ਲੜਕਿਆਂ ਦੀ ਟੀਮ ਨੇ 28 ਅੰਕ ਹਾਸਲ ਕਰਦੇ ਹੋਏ ਦੂਜਾ ਸਥਾਨ ਪ੍ਰਾਪਤ ਕੀਤਾ।
ਯੂਨੀਵਰਸਿਟੀ ਦੇ ਵਾਇਸ ਚਾਂਸਲਰ (ਪ੍ਰੋ.) ਡਾ. ਪਰਿਤ ਪਾਲ ਸਿੰਘ ਨੇ ਡਾ. ਵਰਿੰਦਰ ਸਿੰਘ ਭੁੱਲਰ, ਮੁਖੀ, ਸਰੀਰਕ ਸਿੱਖਿਆ ਅਤੇ ਖੇਡ ਤਕਨਾਲੋਜੀ ਵਿਭਾਗ ਅਤੇ ਸਮੂਹ ਗੱਤਕਾ ਟੀਮ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਹੋਰ ਉੱਤਮ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ।
ਡੀਨ ਅਕਾਦਮਿਕ ਮਾਮਲੇ (ਪ੍ਰੋ.) ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਗੱਤਕਾ ਖੇਡ ਦਾ ਇੱਕ ਸਾਲਾ ਡਿਪਲੋਮਾ ਕੋਰਸ ‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਅਤੇ ਡਾ. ਐਸ.ਪੀ. ਸਿੰਘ ਓਬਰਾਏ ਦੇ ਸਹਿਯੋਗ ਨਾਲ 2019 ਤੋਂ ਚੱਲ ਰਿਹਾ ਹੈ, ਜਿਸ ਨਾਲ ਵਿਦਿਆਰਥੀ ਨਿਪੁੰਨ ਖਿਡਾਰੀ ਬਣ ਰਹੇ ਹਨ ਅਤੇ ਕੋਚ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਵਿਭਾਗ ਮੁਖੀ ਡਾ. ਵਰਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਗੱਤਕਾ ਟੀਮ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਆਲ ਇੰਡੀਆ ਅੰਤਰ- ਯੂਨੀਵਰਸਿਟੀ ਚੈਂਪੀਅਨਸ਼ਿਪ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਖਾਲਸਾਈ ਖੇਡਾਂ ਵਿੱਚ ਵੀ ਉੱਚ ਸਥਾਨ ਪ੍ਰਾਪਤ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਯੂਨੀਵਰਸਿਟੀ ਦੀ ਗੱਤਕਾ ਟੀਮ ਨੇ ਐਸਜੀਪੀਸੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਈਆਂ ਰਾਸ਼ਟਰੀ ਗੱਤਕਾ ਮੁਕਾਬਲਿਆਂ ਵਿੱਚ ਦੂਜਾ ਸਥਾਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਆਯੋਜਿਤ ਪੰਜਾਬ ਰਾਜ ਅੰਤਰ-ਯੂਨੀਵਰਸਿਟੀ ਯੁਵਾ ਮੇਲਾ 2025 ਵਿੱਚ ਪਹਿਲਾ ਸਥਾਨ ਹਾਸਲ ਕਰਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਸੀ।
ਇਸ ਮੌਕੇ ‘ਤੇ ਯੂਨੀਵਰਸਿਟੀ ਦੇ ਰਜਿਸਟਰਾਰ (ਪ੍ਰੋ.) ਡਾ. ਤੇਜਬੀਰ ਸਿੰਘ, ਡੀਨ ਵਿਦਿਆਰਥੀ ਭਲਾਈ ਡਾ. ਸਿਕੰਦਰ ਸਿੰਘ, ਡਾ. ਹਰਨੀਤ ਬਿਲਿੰਗ, ਡਾ. ਹਰਦੇਵ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਗੱਤਕਾ ਕੋਚ ਤਲਵਿੰਦਰ ਸਿੰਘ, ਸਹਾਇਕ ਪ੍ਰੋਫੈਸਰ ਹਰਜਿੰਦਰ ਕੌਰ, ਡਾ. ਬਹਾਦਰ ਸਿੰਘ ਅਤੇ ਸਮੂਹ ਟੀਮ ਨੂੰ ਵਧਾਈਆਂ ਦਿੱਤੀਆਂ।

