ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ, ਤਿੰਨ ਦੋਸਤ ਗੰਭੀਰ ਜ਼ਖਮੀ
ਸਕਾਰਪੀਓ ਅਤੇ ਥਾਰ ਵਿਚਾਲੇ ਭਿਆਨਕ ਟੱਕਰ; ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ
ਜਗਾਧਰੀ, 1 ਜੂਨ (ਮਧੂਸਾਰ ਬਿਊਰੋ) ਯਮੁਨਾਨਗਰ ਦੇ ਸਢੌਰਾ ਖੇਤਰ ਵਿੱਚ ਦੇਰ ਰਾਤ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਅਮਰੀਕਾ ਤੋਂ ਡਿਪੋਰਟ ਹੋਏ 25 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸਦੇ ਤਿੰਨ ਦੋਸਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਦਰਦਨਾਕ ਹਾਦਸਾ ਅਸਗਰਪੁਰ ਪਿੰਡ ਨੇੜੇ ਉਸ ਵੇਲੇ ਵਾਪਰਿਆ ਜਦੋਂ ਸਕਾਰਪੀਓ ਅਤੇ ਥਾਰ ਗੱਡੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।
ਮਿ੍ਰਤਕ ਦੀ ਪਛਾਣ ਲਾਹੜਪੁਰ ਨਿਵਾਸੀ ਰਿਤਿਕ ਵਜੋਂ ਹੋਈ ਹੈ, ਜੋ ਪਿੰਡ ਦੇ ਸਾਬਕਾ ਸਰਪੰਚ ਰਜਿੰਦਰ ਕੁਮਾਰ ਦਾ ਇਕਲੌਤਾ ਪੁੱਤਰ ਸੀ।
ਰਿਤਿਕ ਕਰੀਬ ਢਾਈ ਸਾਲ ਪਹਿਲਾਂ ਡੰਕੀ ਰੂਟ ਰਾਹੀਂ ਅਮਰੀਕਾ ਗਿਆ ਸੀ ਅਤੇ ਉੱਥੇ ਟਰੱਕ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਕੁਝ ਸਮਾਂ ਪਹਿਲਾਂ ਉਸਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ ਅਤੇ ਉਹ ਕਰੀਬ ਦੋ ਮਹੀਨੇ ਪਹਿਲਾਂ ਹੀ ਆਪਣੇ ਘਰ ਪਰਤਿਆ ਸੀ।
ਜਾਣਕਾਰੀ ਅਨੁਸਾਰ ਸ਼ਨੀਵਾਰ ਰਾਤ ਰਿਤਿਕ ਆਪਣੇ ਦੋਸਤਾਂ ਲਲਿਤ ਸੈਣੀ, ਰਜਤ ਅਤੇ ਹਰਸ਼ ਨਾਲ ਸਕਾਰਪੀਓ ਗੱਡੀ ਵਿੱਚ ਸਵਾਰ ਹੋ ਕੇ ਕਾਲਾ ਅੰਬ ਵੱਲ ਘੁੰਮਣ ਲਈ ਗਿਆ ਹੋਇਆ ਸੀ। ਰਾਤ ਕਰੀਬ 11 ਵਜੇ ਅਸਗਰਪੁਰ ਪਿੰਡ ਨੇੜੇ ਸਾਹਮਣੇ ਤੋਂ ਆ ਰਹੀ ਇੱਕ ਕਾਲੀ ਥਾਰ ਨਾਲ ਉਨ੍ਹਾਂ ਦੀ ਗੱਡੀ ਦੀ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਸਕਾਰਪੀਓ ਦੇ ਏਅਰਬੈਗ ਖੁੱਲ ਗਏ ਅਤੇ ਗੱਡੀ ਪਲਟਦੇ ਹੋਏ ਕਾਫੀ ਦੂਰ ਜਾ ਕੇ ਰੁਕੀ।
ਹਾਦਸੇ ਵਿੱਚ ਸਕਾਰਪੀਓ ਬੁਰੀ ਤਰ੍ਹਾਂ ਨੁਕਸਾਨੀ ਗਈ, ਜਦਕਿ ਥਾਰ ਦੇ ਇੱਕ ਪਾਸੇ ਦੇ ਦੋਵੇਂ ਟਾਇਰ ਅਤੇ ਰਿਮ ਟੁੱਟ ਗਏ।
ਹਾਦਸੇ ਤੋਂ ਬਾਅਦ ਰਿਤਿਕ, ਰਜਤ ਅਤੇ ਹਰਸ਼ ਗੰਭੀਰ ਜ਼ਖਮੀ ਹੋ ਕੇ ਬੇਹੋਸ਼ ਹੋ ਗਏ। ਰਾਹਗੀਰਾਂ ਵੱਲੋਂ ਸੂਚਨਾ ਮਿਲਣ ’ਤੇ ਪੁਲਿਸ ਅਤੇ ਐਂਬੂਲੈਂਸ ਮੌਕੇ ‘ਤੇ ਪਹੁੰਚੀ ਅਤੇ ਸਾਰੇ ਜ਼ਖਮੀਆਂ ਨੂੰ ਪਹਿਲਾਂ ਸਿਵਲ ਹਸਪਤਾਲ ਸਢੌਰਾ ਅਤੇ ਬਾਅਦ ਵਿੱਚ ਜਗਾਧਰੀ ਰੈਫਰ ਕੀਤਾ ਗਿਆ। ਬਾਅਦ ਵਿੱਚ ਰਿਤਿਕ ਅਤੇ ਲਲਿਤ ਨੂੰ ਐਮਐਮ ਹਸਪਤਾਲ ਮੁਲਾਣਾ ਲਿਜਾਇਆ ਗਿਆ, ਜਦਕਿ ਰਜਤ ਅਤੇ ਹਰਸ਼ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਇਲਾਜ ਦੌਰਾਨ ਰਿਤਿਕ ਨੇ ਦਮ ਤੋੜ ਦਿੱਤਾ, ਜਿਸ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਰਿਤਿਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸਦੀ ਅਚਾਨਕ ਮੌਤ ਨਾਲ ਪਿੰਡ ਲਾਹੜਪੁਰ ਵਿੱਚ ਵੀ ਗਮ ਦਾ ਮਾਹੌਲ ਹੈ।
ਦੂਜੇ ਪਾਸੇ, ਇਸ ਹਾਦਸੇ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਚਾਰੇ ਦੋਸਤ ਸਕਾਰਪੀਓ ਵਿੱਚ ਸਫ਼ਰ ਦੌਰਾਨ ਗੀਤ ਸੁਣਦੇ ਅਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ। ਕੁਝ ਹੀ ਪਲਾਂ ਬਾਅਦ ਸਾਹਮਣੇ ਤੋਂ ਆ ਰਹੀ ਥਾਰ ਨਾਲ ਟੱਕਰ ਹੋ ਜਾਂਦੀ ਹੈ ਅਤੇ ਵੀਡੀਓ ਅਚਾਨਕ ਬੰਦ ਹੋ ਜਾਂਦੀ ਹੈ।
ਜ਼ਖਮੀ ਲਲਿਤ ਸੈਣੀ ਦੇ ਬਿਆਨ ਦੇ ਆਧਾਰ ‘ਤੇ ਸਢੌਰਾ ਪੁਲਿਸ ਨੇ ਅਣਪਛਾਤੇ ਥਾਰ ਚਾਲਕ ਖ਼ਿਲਾਫ਼ ਲਾਪਰਵਾਹੀ ਨਾਲ ਵਾਹਨ ਚਲਾਉਣ ਅਤੇ ਹਾਦਸੇ ਸਬੰਧੀ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਥਾਰ ਚਾਲਕ ਦੀ ਪਛਾਣ ਲਈ ਕਾਰਵਾਈ ਜਾਰੀ ਹੈ।
ਇਸ ਦਰਦਨਾਕ ਹਾਦਸੇ ਨੇ ਇੱਕ ਵਾਰ ਫਿਰ ਸੜਕ ਸੁਰੱਖਿਆ ਅਤੇ ਤੇਜ਼ ਰਫ਼ਤਾਰ ਵਾਹਨਾਂ ਦੇ ਖ਼ਤਰੇ ਬਾਰੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

