ਬੱਚੇ ਦੀ ਮੌਤ ਤੋਂ ਬਾਅਦ ਖੇਤ ਮਾਲਕ ਸਮੇਤ 3 ਖ਼ਿਲਾਫ਼ ਪਰਚਾ ਦਰਜ
ਗਮਗੀਨ ਮਾਹੌਲ ਅਤੇ ਵਰ੍ਹਦੇ ਮੀਂਹ ’ਚ ਹੋਇਆ ਮਾਸੂਮ ਨਿਰਵੈਰ ਸਿੰਘ ਦਾ ਅੰਤਿਮ ਸਸਕਾਰ
ਅੰਬਾਲਾ 1 ਜੁਲਾਈ (ਮਧੂਸਾਰ ਬਿਊਰੋ) ਅੰਬਾਲਾ ਦੇ ਧਨੌਰਾ ਪਿੰਡ ਵਿੱਚ ਮੰਗਲਵਾਰ ਸਵੇਰੇ ਬੋਰਵੈੱਲ ਵਿੱਚ ਡਿੱਗੇ ਚਾਰ ਸਾਲਾ ਨਿਰਵੈਰ ਸਿੰਘ ਨੂੰ ਬਚਾਇਆ ਨਹੀਂ ਜਾ ਸਕਿਆ। ਬੁੱਧਵਾਰ ਸਵੇਰੇ ਕਰੀਬ 21 ਘੰਟਿਆਂ ਤੱਕ ਚੱਲੇ ਲਗਾਤਾਰ ਰਾਹਤ ਅਤੇ ਬਚਾਅ ਕਾਰਜ ਤੋਂ ਬਾਅਦ ਉਸ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਇਸ ਦੁਖਦਾਈ ਘਟਨਾ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਡਾਕਟਰਾਂ ਵੱਲੋਂ ਮਿ੍ਰਤਕ ਐਲਾਨ: ਬਚਾਅ ਕਾਰਜ ਬੁੱਧਵਾਰ ਸਵੇਰੇ ਕਰੀਬ 3.25 ਵਜੇ ਮੁਕੰਮਲ ਹੋਇਆ। ਨਿਰਵੈਰ ਨੂੰ ਤੁਰੰਤ ਸਿਵਲ ਹਸਪਤਾਲ, ਅੰਬਾਲਾ ਸ਼ਹਿਰ ਲਿਜਾਇਆ ਗਿਆ, ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਮੈਡੀਕਲ ਅਫ਼ਸਰ ਡਾ. ਰਿਸ਼ੀਪਾਲ ਨੇ ਦੱਸਿਆ ਕਿ ਬੱਚੇ ਨੂੰ ਬੋਰਵੈੱਲ ’ਚੋਂ ਕੱਢਦੇ ਹੀ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਸੀ, ਪਰ ਉਸ ਦੀ ਜਾਨ ਨਹੀਂ ਬਚ ਸਕੀ।
ਮੌਤ ਦਾ ਕਾਰਨ: ਪੋਸਟਮਾਰਟਮ ਕਰਨ ਵਾਲੇ ਡਾ. ਸੁਮਿਤ ਕੁਕਰੇਜਾ ਨੇ ਦੱਸਿਆ ਕਿ ਨਿਰਵੈਰ ਦੇ ਸਿਰ, ਛਾਤੀ ਅਤੇ ਗੋਡਿਆਂ ’ਤੇ ਸੱਟਾਂ ਦੇ ਨਿਸ਼ਾਨ ਸਨ। ਬੋਰਵੈੱਲ ਵਿੱਚ ਪਾਣੀ ਹੋਣ ਕਰਕੇ ਉਸ ਦੇ ਸਰੀਰ ਵਿੱਚ ਚਿੱਕੜ ਵਾਲੇ ਪਾਣੀ ਦੇ ਅਸਰ ਵੀ ਮਿਲੇ। ਮੌਤ ਦਾ ਮੁੱਖ ਕਾਰਨ ਡੁੱਬਣ ਅਤੇ ਸੱਟਾਂ ਦਾ ਮਿਲਿਆ-ਜੁਲਿਆ ਪ੍ਰਭਾਵ ਸੀ। ਉਨ੍ਹਾਂ ਮੁਤਾਬਕ ਬੱਚਾ ਬੋਰਵੈੱਲ ਵਿੱਚ ਡਿੱਗਣ ਤੋਂ ਬਾਅਦ ਬਹੁਤ ਦੇਰ ਤੱਕ ਜ਼ਿੰਦਾ ਨਹੀਂ ਰਹਿ ਸਕਿਆ ਹੋਵੇਗਾ।
ਪੋਸਟਮਾਰਟਮ ਤੋਂ ਬਾਅਦ ਬੱਚੇ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਮੀਂਹ ਦੇ ਮਾਹੌਲ ਵਿੱਚ ਪਿੰਡ ਧਨੌਰਾ ਵਿਖੇ ਹੀ ਨਿਰਵੈਰ ਦਾ ਅੰਤਿਮ ਸੰਸਕਾਰ ਕੀਤਾ ਗਿਆ। ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਨਮ ਅੱਖਾਂ ਨਾਲ ਉਸ ਨੂੰ ਅੰਤਿਮ ਵਿਦਾਈ ਦਿੱਤੀ। ਉਸ ਦੇ ਪਿਤਾ ਮਨਜੀਤ ਸਿੰਘ ਨੇ ਚਿਤਾ ਨੂੰ ਅਗਨੀ ਦਿੱਤੀ। ਨਿਰਵੈਰ ਦੇ ਚਾਚਾ ਹਰਿੰਦਰ ਸਿੰਘ ਨੇ ਦੁਖੀ ਹਿਰਦੇ ਨਾਲ ਕਿਹਾ ਕਿ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਨੇ ਪੂਰੀ ਮਦਦ ਕੀਤੀ, ਪਰ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਲੋਕਾਂ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ ਹੈ, ਇਸ ਲਈ ਪੁਲੀਸ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਰੋਕਣ ਲਈ ਕਦਮ ਚੁੱਕਣੇ ਚਾਹੀਦੇ ਹਨ।

