ਅੰਮ੍ਰਿਤਸਰਚੰਡੀਗੜ੍ਹਪੰਜਾਬ

ਕੁਰਸੀ ਦੀ ਲੜਾਈ ਵਿੱਚ ਉਲਝੀ ਕਾਂਗਰਸ, ਪੰਜਾਬ ਦੇ ਮੁੱਦੇ ਪੂਰੀ ਤਰ੍ਹਾਂ ਗਾਇਬ: ਅਕਸ਼ੈ ਸ਼ਰਮਾ

ਚੰਨੀ ਦੇ ਘਰ ਹੋਈ ਮੀਟਿੰਗ ‘ਤੇ ਭਾਜਪਾ ਆਗੂ ਦਾ ਤਨਜ਼ — “ਜੋ ਆਪਣੀ ਪਾਰਟੀ ਨਹੀਂ ਸੰਭਾਲ ਸਕਦੇ, ਉਹ ਪੰਜਾਬ ਨੂੰ ਕੀ ਸੰਭਾਲਣਗੇ”

ਅੰਮ੍ਰਿਤਸਰ (ਮਧੂਸਾਰ ਬਿਊਰੋ) : ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਆਗੂ ਅਕਸ਼ੈ ਸ਼ਰਮਾ ਨੇ ਪੰਜਾਬ ਕਾਂਗਰਸ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਵਾਸ ‘ਤੇ ਹੋਈ ਮੀਟਿੰਗ ਨੇ ਪਾਰਟੀ ਦੀ ਅੰਦਰੂਨੀ ਗੁੱਟਬਾਜ਼ੀ ਨੂੰ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲਗਾਤਾਰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਪਾਰਟੀ ਦੋ ਧੜਿਆਂ ਵਿੱਚ ਵੰਡ ਚੁੱਕੀ ਹੈ।

ਅਕਸ਼ੈ ਸ਼ਰਮਾ ਨੇ ਕਿਹਾ ਕਿ ਇੱਕ ਪਾਸੇ ਕਾਂਗਰਸੀ ਆਗੂ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੇ ਹਨ, ਜਦਕਿ ਦੂਜੇ ਪਾਸੇ ਮੁੱਖ ਮੰਤਰੀ ਦੀ ਕੁਰਸੀ ਅਤੇ ਲੀਡਰਸ਼ਿਪ ਦੀ ਦੌੜ ਵਿੱਚ ਹੀ ਉਲਝੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਪੂਰੀ ਖਿੱਚਤਾਣ ਦੌਰਾਨ ਪੰਜਾਬ ਦੇ ਅਸਲ ਮੁੱਦੇ ਅਤੇ ਲੋਕਾਂ ਦਾ ਏਜੰਡਾ ਪੂਰੀ ਤਰ੍ਹਾਂ ਗਾਇਬ ਹੋ ਗਿਆ ਹੈ।

ਉਨ੍ਹਾਂ ਕਿਹਾ, “ਜੋ ਆਗੂ ਆਪਣੀ ਪਾਰਟੀ ਨੂੰ ਇਕਜੁੱਟ ਨਹੀਂ ਰੱਖ ਸਕਦੇ, ਉਹ ਪੰਜਾਬ ਨੂੰ ਕਿਵੇਂ ਸੰਭਾਲਣਗੇ? ਕਾਂਗਰਸ ਅੱਜ ਲੀਡਰਸ਼ਿਪ ਸੰਕਟ ਅਤੇ ਆਪਸੀ ਗੁੱਟਬਾਜ਼ੀ ਨਾਲ ਜੂਝ ਰਹੀ ਹੈ।”

ਅਕਸ਼ੈ ਸ਼ਰਮਾ ਨੇ ਅੱਗੇ ਕਿਹਾ ਕਿ ਪੰਜਾਬ ਦੀ ਜਨਤਾ ਵਿਕਾਸ, ਰੋਜ਼ਗਾਰ, ਕਾਨੂੰਨ-ਵਿਵਸਥਾ ਅਤੇ ਨਸ਼ਿਆਂ ਵਰਗੇ ਗੰਭੀਰ ਮੁੱਦਿਆਂ ‘ਤੇ ਜਵਾਬ ਚਾਹੁੰਦੀ ਹੈ, ਪਰ ਕਾਂਗਰਸ ਇਨ੍ਹਾਂ ਮੁੱਦਿਆਂ ਦੀ ਬਜਾਏ ਆਪਣੀ ਅੰਦਰੂਨੀ ਰਾਜਨੀਤੀ ਵਿੱਚ ਹੀ ਉਲਝੀ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸੇ ਕਾਰਨ ਪੰਜਾਬ ਦੇ ਲੋਕਾਂ ਦਾ ਕਾਂਗਰਸ ‘ਤੇ ਭਰੋਸਾ ਲਗਾਤਾਰ ਘਟਦਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਹਮੇਸ਼ਾ ਤੋਂ ਹੀ ਕੁਰਸੀ ਦੀ ਖਿੱਚਤਾਣ ਰਹੀ ਹੈ ਅਤੇ ਇਸੇ ਕਾਰਨ ਦੇਸ਼ ਭਰ ਵਿੱਚ ਭਾਜਪਾ ਨੂੰ ਲੋਕਾਂ ਦਾ ਸਮਰਥਨ ਮਿਲਦਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਪੰਜਾਬ ਦੇ ਲੋਕ ਵੀ ਸਮਝ ਚੁੱਕੇ ਹਨ ਕਿ ਸੂਬੇ ਦੀ ਭਲਾਈ ਲਈ ਭਾਜਪਾ ਹੀ ਇਕਮਾਤਰ ਵਿਕਲਪ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਭਾਜਪਾ ਦੇ ਹੱਕ ਵਿੱਚ ਫ਼ੈਸਲਾ ਕਰਕੇ ਪੰਜਾਬ ਨੂੰ ਮੁੜ ਤਰੱਕੀ ਦੀ ਰਾਹ ‘ਤੇ ਲੈ ਜਾਣਗੇ।

Leave a Reply

Your email address will not be published. Required fields are marked *