ਯੂਥ ਵੋਟ ਹਾਸਲ ਕਰਨ ਦੇ ‘ਰੌਂਅ’ ‘ਚ ‘ਅਕਾਲੀ ਦਲ’ ਅਤੇ ‘ਕਾਂਗਰਸ’
ਲੋਕਾਂ ਦੀਆਂ ਨਜ਼ਰਾਂ ਕੇਜਰੀਵਾਲ ‘ਤੇ ਟਿੱਕੀਆਂ
ਪਟਿਆਲਾ : ਕੰਵਰ ਬੇਦੀ
ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ‘ਚ ਦਿਲਚਸਪ ਮੁਕਾਬਲੇ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ, ਉਥੇ ਇਸ ਵਾਰ ਕਾਂਗਰਸ ਅਤੇ ਅਕਾਲੀ ਦਲ ਧਿਰਾਂ ਯੂਥ ਵੋਟ ਨੂੰ ‘ਕੈਪਚਰ’ ਕਰਨ ਦਾ ਮਨ ਬਣਾਈ ਬੈਠੀਆਂ, ਜਿਸ ਕਾਰਨ ਦੋਵਾਂ ਪਾਰਟੀਆਂ ‘ਚ ਯੂਥ ਵੋਟ ਬਟੋਰਨ ਨੂੰ ਲੈ ਕੇ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ। ਅਕਾਲੀ ਦਲ ‘ਯੂਥ ਫਾਰ ਪੰਜਾਬ’ ਦੇ ਬੈਨਰ ਹੇਠ ਨੌਜਵਾਨਾਂ ਨੂੰ ਲਾਮਬੰਦ ਕਰ ਰਿਹਾ ਹੈ ਅਤੇ ਕਾਂਗਰਸ ਯੂਥ ਕਾਂਗਰਸੀਆਂ ਵੱਲੋਂ ‘ਚਾਹੁੰਦਾ ਹੈ ਪੰਜਾਬ ‘ਕੈਪਟਨ’ ਦੀ ਸਰਕਾਰ ਦਾ ਨਾਅਰਾ ਦਿੱਤਾ ਜਾ ਰਿਹਾ ਹੈ, ਜਿਸ ਤੋਂ ਸਪੱਸਟ ਹੈ ਕਿ ਕਾਂਗਰਸ ਅਤੇ ਅਕਾਲੀ ਦਲ ‘ਚ ਯੂਥ ਵੋਟ ਹਾਸਲ ਕਰਨ ਨੂੰ ਲੈ ਕੇ ਮੁਕਾਬਲੇਬਾਜ਼ੀ ਚੱਲ ਰਹੀ ਹੈ
ਅਕਾਲੀ ਦਲ ਨੂੰ ਹਮੇਸ਼ਾ ‘ਕਿਸਾਨੀ’ ਅਤੇ ‘ਪੰਥਕ’ ਫੈਕਟਰ ਕਰਕੇ ਵੋਟ ਮਿਲਦੀ ਰਹੀ ਹੈ ਅਤੇ ਅਕਾਲੀ ਦਲ ਸੱਤਾ ਹਾਸਲ ਕਰਨ ਵਿਚ ਕਾਮਯਾਬ ਵੀ ਰਿਹਾ, ਪ੍ਰੰਤੂ ਇਸ ਵਾਰ ਅਕਾਲੀ ਦਲ ਨੂੰ ਦੋਵੇਂ ‘ਫੈਕਟਰ’ ਖੁਸਦੇ ਨਜ਼ਰ ਆ ਰਹੇ ਹਨ, ਜਿਸ ਕਾਰਨ ਅਕਾਲੀ ਦਲ ਇਸ ਵਾਰ ‘ਨੌਜਵਾਨਾਂ’ ਦੀ ਵੋਟ ਨੂੰ ਹਾਸਲ ਕਰਕੇ ਸੱਤਾ ਹਾਸਲ ਕਰਨ ਦੇ ਰੌਂਅ ਵਿਚ ਹੈ।
ਹਮੇਸ਼ਾ ਹੀ ਕਾਂਗਰਸ ਨੇ ਸ਼ਹਿਰੀ ਵੋਟ ‘ਤੇ ਪੱਕਾ ਕਬਜ਼ਾ ਰੱਖਿਆ ਅਤੇ ਐਸ.ਸੀ./ਬੀ.ਸੀ. ਰਿਜਰਵੇਸ਼ਨ ਵੋਟ ਜੁਟਾਈ ਅਤੇ ਕਾਂਗਰਸ ਸੱਤਾ ਹਾਸਲ ਕਰਨ ‘ਚ ਕਾਮਯਾਬ ਰਹੀ, ਪ੍ਰੰਤੂ ਕਾਂਗਰਸ ਪਾਰਟੀ ਦਾ ਨਿਘਾਰ ਚਲੇ ਜਾਣਾ ਅਤੇ ਆਪਸੀ ਧੜੇਬੰਦੀ ਦੇ ਵੱਧ ਜਾਣ ਕਾਰਣ ‘ਪੱਕੀ’ ਵੋਟ ਖਿਸਕਾਉਣ ‘ਚ ਆਪ ਪਾਰਟੀ ਵਾਲੇ ਕਾਮਯਾਬ ਰਹੇ। ਸੂਬੇ ਦੀ ਜਨਤਾ ਨੂੰ ਭੁਲੇਖਾ ਸੀ ਕਿ ਇਸ ਵਾਰ 2017 ਦੀਆਂ ਚੋਣਾਂ ‘ਚ ਜੇ ‘ਕੈਪਟਨ’ ਅਮਰਿੰਦਰ’ ਕਮਾਂਡ ਸੰਭਾਲਦੇ ਹਨ ਤਾਂ ਸੂਬੇ ‘ਚ ਕਾਂਗਰਸ ਦੀ ਸਰਕਾਰ ਬਣੇਗੀ, ਪ੍ਰੰਤੂ ‘ਕੈਪਟਨ’ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਅਜੇ ਵੀ ਜਕੋ-ਤਕੋ ਵਾਲੀ ਸਥਿਤੀ ‘ਚ ਹੈ, ਜਿਸ ਕਾਰਨ ਕਾਂਗਰਸ ਵਰਕਰਾਂ ਦੇ ਹੌਂਸਲੇ ਪਸਤ ਹੋ ਗਏ, ਜਿਨਾਂ ਨੂੰ ਸੂਬੇ ਵਿਚ ਕਾਂਗਰਸ ਸਰਕਾਰ ਬਣਦੀ ਨਹੀਂ ਵਿਖ ਰਹੀ।
ਸੂਬੇ ‘ਚ ਆਪ ਦੀ ਹਵਾ ਅਤੇ ਆਪੇ ਬਣੀ ਵੋਟ ਦੇ ਡਰ ਨੇ ਕਾਂਗਰਸ ਅਤੇ ਅਕਾਲੀ ਦਲ ਨੂੰ ਭਾਜੜਾਂ ਪਾ ਦਿੱਤੀਆਂ, ਜਿਸ ਕਾਰਨ ਦੋਵੇਂ ਧਿਰਾਂ ‘ਉਤਰ ਕਾਟੋ ਮੈਂ ਚੜਾਂ’ ਦੀ ਰਵਾਇਤ ਨੂੰ ਕਾਇਮ ਰੱਖਣਾ ਚਾਹੁੰਦੀਆਂ। ਦੋਵਾਂ ਧਿਰਾਂ ਦਾ ਇਕੋ ਇਕ ਨਿਸ਼ਾਨਾ ਸੱਤਾ ਹਾਸਲ ਕਰਨਾ ਰਿਹਾ, ਪ੍ਰੰਤੂ ਸਥਿਤੀ ਕਰਵਟ ਲੈਂਦੀ ਵੇਖ ਕੇ ਕਾਂਗਰਸੀ ਅਤੇ ਅਕਾਲੀ ਦਲ ਇਸ ਵਾਰ ‘ਯੂਥ ਵੋਟ’ ਨੂੰ ਬਟੋਰਣਾ ਚਾਹੁੰਦੀਆਂ ਹਨ।
ਸੂਤਰਾਂ ਮੁਤਾਬਕ ਥੋੜ੍ਹੇ ਸਮੇਂ ਤੋਂ ਆਪ ‘ਚ ਗਿਰਾਵਟ ਜ਼ਰੂਰ ਆਈ ਹੈ, ਜਿਸ ਨੂੰ ਵੇਖ ਕੇ ਕਾਂਗਰਸ ਅਤੇ ਅਕਾਲੀ ਦਲ ਆਪੋ-ਆਪਣੀ ਸਰਕਾਰ ਬਣਦੀ ਵੇਖ ਰਹੇ ਹਨ, ਪ੍ਰੰਤੂ ਲੋਕ ਮਨਾਂ ‘ਚੋਂ ਖਿਸਕ ਚੁੱਕੀਆਂ ਦੋਵੇਂ ਪਾਰਟੀਆਂ ਨੂੰ ਸੂਬੇ ਦੇ ਲੋਕ ਵੋਟ ਪਾਉਣ ਨੂੰ ਤਿਆਰ ਨਹੀਂ? ਸੂਬੇ ਦੇ ਲੋਕਾਂ ਦਾ ਮੰਨਣਾ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਜਦੋਂ ਸੱਤਾ ਹਾਸਲ ਕਰਨ ‘ਚ ਕਾਮਯਾਬ ਹੁੰਦੀਆਂ ਹਨ ਤਾਂ ਤਾਨਸ਼ਾਹ ਰਵੱਈਆ ਅਖਤਿਆਰ ਕਰ ਲੈਂਦੀਆਂ ਹਨ, ਜਿਸ ਕਾਰਨ ਆਮ ਲੋਕਾਂ ਦੀ ਪੁੱਛ ਨਹੀਂ ਰਹਿੰਦੀ, ਅਫਸਰਸ਼ਾਹੀ ਆਪਣੇ-ਆਪ ਗੁਲਾਮ ਮੰਨਣ ਲੱਗ ਪੈਂਦੀ ਹੈ ਅਤੇ ਲੋਕ ਆਪਣੀ ਗਲਤੀ ‘ਤੇ ਪਛਤਾਵਾ ਕਰਦੇ ਨਜ਼ਰ ਆਉਂਦੇ ਹਨ, ਪ੍ਰੰਤੂ ਇਸ ਵਾਰ ਲੋਕਾਂ ਨੂੰ ਆਪ ਪਾਰਟੀ ਤੋਂ ਆਸਾਂ ਲੱਗੀਆਂ ਸਨ, ਪ੍ਰੰਤੂ ਆਪ ਦੇ ਕਈ ਦਾਗੀਆਂ ਨੇ ਆਪ ਦਾ ਦਾਮਨ ਦਾਗ-ਦਾਗ ਕਰ ਦਿੱਤਾ। ਲੋਕਾਂ ਨੂੰ ‘ਸਿੱਧੂ’ ਦੇ ਰੂਪ ‘ਚ ਇਕ ਨਵਾਂ ਅਲਟਰਨੇਟਿਵ ਵਿਖਾਈ ਦਿੱਤਾ ਸੀ, ਜੋ ਜਲਦੀ ਹੀ ਪਿਛਾਂਹ ਹੋ ਗਏ ਅਤੇ ਡਾ. ਗਾਂਧੀ ਵੱਲੋਂ ਚੌਥੇ ਫਰੰਟ ਨੂੰ ਵੀ ਕੋਈ ਵੱਡਾ ਹੁੰਗਾਰਾ ਨਹੀਂ ਮਿਲਿਆ, ਜੋ ਲਗਭਗ ਠੁੱਸ ਹੋ ਗਿਆ ਹੈ। ਭਾਵੇਂ ਲੋਕਾਂ ਨੂੰ ਕੋਈ ਹੋਰ ‘ਅਲਟਰਨੇਟਿਵ’ ਨਾ ਵਿਖਾਈ ਦੇ ਰਿਹਾ, ਹੋਵੇ, ਪ੍ਰੰਤੂ ਲੋਕਾਂ ਲੋਕ ਮਨਾਂ ‘ਚ ਕਿਤੇ ਨਾ ਕਿਤੇ ਅੱਜ ਵੀ ਅਰਵਿੰਦ ਕੇਜਰੀਵਾਲ ਜਗ੍ਹਾ ਬਣਾਈ ਬੈਠਾ ਹੈ, ਜੇ ਅਰਵਿੰਦਰ ਕੇਜਰੀਵਾਲ ਪੰਜਾਬ ‘ਚ ਡਾਵਾਂਡੋਲ ਹੋਈ ਸਥਿਤੀ ਨੂੰ ਸਾਂਭਣ ਵਿਚ ਕਾਮਯਾਬ ਹੋ ਜਾਂਦੇ ਹਨ ਤਾਂ ਲੋਕ ਮੁੜ ਆਪ ਨੂੰ ਵੋਟ ਪਾਉਣ ਲਈ ਤਿਆਰ ਬੈਠੇ ਹਨ। ਅਗਾਮੀ ਚੋਣਾਂ ਤੋਂ ਪਹਿਲਾਂ ਜੇ ਪੰਜਾਬ ‘ਚ ਅਰਵਿੰਦ ਕੇਜਰੀਵਾਲ ਨੇ ਸਥਿਤੀ ਸਾਂਭਣ ‘ਚ ਕਾਮਯਾਬ ਨਾ ਹੋਏ ਤਾਂ ਸੂਬੇ ਦੇ ਲੋਕ ਮੁੜ ਰਵਾਇਤੀ ਪਾਰਟੀਆਂ ਦੀ ਝੋਲੀ ‘ਚ ਡਿੱਗ ਸਕਦੇ ਹਨ, ਜੇ ਅਜਿਹਾ ਹੁੰਦਾ ਹੈ ਤਾਂ ਪੰਜਾਬ ਦੇ ਲੋਕਾਂ ਦੀ ਬਦਕਿਸਮਤੀ ਹੀ ਹੋਵੇਗੀ।

