ਹਰਿਆਣਾਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਭਗਵੰਤ ਮਾਨ ਸਰਕਾਰ ਨੇ 35.5 ਲੱਖ ਔਰਤਾਂ ਦੇ ਖਾਤਿਆਂ ’ਚ ਮਹੀਨਾਵਾਰ ਵਿੱਤੀ ਸਹਾਇਤਾ ਰਾਸ਼ੀ ਪਾਈ

ਪਠਾਨਕੋਟ, 1 ਅਗਸਤ (ਮਧੂਸਾਰ ਬਿਊਰੋ) ਭਗਵੰਤ ਸਿੰਘ ਮਾਨ ਸਰਕਾਰ ਨੇ ਅੱਜ ’ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ 35.5 ਲੱਖ ਔਰਤਾਂ ਦੇ ਖਾਤਿਆਂ ਵਿੱਚ ਮਹੀਨਾਵਾਰ ਵਿੱਤੀ ਸਹਾਇਤਾ ਰਾਸ਼ੀ ਤਬਦੀਲ ਕੀਤੀ, ਜਿਸ ਨਾਲ ਹੁਣ ਤੱਕ ਲਾਭਪਾਤਰੀਆਂ ਦੀ ਕੁੱਲ ਗਿਣਤੀ 68.5 ਲੱਖ ਹੋ ਗਈ ਹੈ। ਪਠਾਨਕੋਟ ਵਿਖੇ ਇਸ ਯੋਜਨਾ ਤਹਿਤ ਕਰਵਾਏ ਗਏ ਵਿੱਤੀ ਸਹਾਇਤਾ ਵੰਡ ਸਮਾਰੋਹ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਭਰ ਦੀਆਂ ਔਰਤਾਂ ਨੂੰ ਇਸ ਯੋਜਨਾ ਤਹਿਤ 3000 ਰੁਪਏ ਅਤੇ 4,500 ਰੁਪਏ ਦੇ ਰੂਪ ਵਿੱਚ ਤਿੰਨ ਮਹੀਨਿਆਂ ਦੀਆਂ ਇਕੱਠੀਆਂ ਕਿਸ਼ਤਾਂ ਮਿਲ ਰਹੀਆਂ ਹਨ, ਜਦੋਂ ਕਿ ਵਿਧਵਾ, ਦਿਵਿਆਂਗ ਅਤੇ ਬੁਢਾਪਾ ਪੈਨਸ਼ਨ ਲੈਣ ਵਾਲੀਆਂ ਔਰਤਾਂ ਨੂੰ ਸੂਬੇ ਵਿੱਚ ਪਹਿਲੀ ਵਾਰ ਵੱਖਰੇ ਤੌਰ ‘ਤੇ 1000 ਜਾਂ 1500 ਰੁਪਏ ਦੀ ਇਹ ਸਨਮਾਨ ਰਾਸ਼ੀ ਦਿੱਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸੱਤ ਦਿਨਾਂ ਦੌਰਾਨ ਹੋਰ 5 ਲੱਖ ਔਰਤਾਂ ਨੇ ਇਸ ਯੋਜਨਾ ਤਹਿਤ ਰਜਿਸਟ੍ਰੇਸ਼ਨ ਕਰਵਾਈ ਹੈ, ਜਿਸ ਨਾਲ ਕੁੱਲ ਰਜਿਸਟ੍ਰੇਸ਼ਨ 73.5 ਲੱਖ ਹੋ ਗਈ ਹੈ ਅਤੇ ਸੂਬੇ ਭਰ ਵਿੱਚ ਯੋਗ ਲਾਭਪਾਤਰੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਅਜੇ ਵੀ ਜਾਰੀ ਹੈ। ਇਕੱਠ ਦੀਆਂ ਕੁਝ ਝਲਕੀਆਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ’ਐਕਸ’ ਹੈਂਡਲ ’ਤੇ ਲਿਖਿਆ: ‘‘ਪੰਜਾਬ ਦੀਆਂ ਮਾਵਾਂ-ਭੈਣਾਂ ਨੂੰ ਆਰਥਿਕ ਤੌਰ ’ਤੇ ਆਤਮ-ਨਿਰਭਰ ਬਣਾਉਣ ਲਈ ਅਸੀਂ ਅੱਜ ਇੱਕ ਹੋਰ ਅਹਿਮ ਵਾਅਦਾ ਪੂਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 1 ਜੁਲਾਈ ਨੂੰ 33 ਲੱਖ ਔਰਤਾਂ ਨੂੰ ਮਾਣਭੱਤਾ ਤਬਦੀਲ ਕਰਨ ਤੋਂ ਬਾਅਦ ਅਸੀਂ ਅੱਜ ਹੋਰ 35.5 ਲੱਖ ਔਰਤਾਂ ਦੇ ਖਾਤਿਆਂ ਵਿੱਚ ਪੈਸੇ ਪਾ ਦਿੱਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਭੈਣਾਂ ਨੇ ਬਾਅਦ ਵਿੱਚ ਫਾਰਮ ਜਮ੍ਹਾਂ ਕਰਵਾਏ ਹਨ, ਉਨ੍ਹਾਂ ਨੂੰ ਵੀ ਤਿੰਨ ਮਹੀਨਿਆਂ ਦੀਆਂ ਕਿਸ਼ਤਾਂ ਇਕੱਠੀਆਂ ਮਿਲਣਗੀਆਂ।’’
ਮੁੱਖ ਮੰਤਰੀ ਨੇ ਪੋਸਟ ਦੇ ਅੰਤ ਵਿੱਚ ਲਿਖਿਆ, ‘‘ਇਹ ਤੁਹਾਡਾ ਜਾਇਜ਼ ਹੱਕ ਹੈ। ਹੁਣ ਤੋਂ ਤੁਹਾਨੂੰ ਆਪਣੀਆਂ ਜਾਂ ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਿਸੇ ਹੋਰ ’ਤੇ ਨਿਰਭਰ ਨਹੀਂ ਹੋਣਾ ਪਵੇਗਾ। ਆਮ ਆਦਮੀ ਪਾਰਟੀ ਜੋ ਵਾਅਦਾ ਕਰਦੀ ਹੈ, ਉਸ ਨੂੰ ਪੂਰਾ ਕਰਦੀ ਹੈ ਅਤੇ ਆਪਣੀਆਂ ਗਾਰੰਟੀਆਂ ਨੂੰ ਹਕੀਕਤ ਵਿੱਚ ਬਦਲਦੀ ਹੈ। ਇਨਕਲਾਬ ਜ਼ਿੰਦਾਬਾਦ।’’
ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਸੂਬੇ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਅਤੇ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ, ‘‘ਹੁਣ ਮੈਂ ਸੂਬੇ ਦੀਆਂ ਮਾਵਾਂ-ਭੈਣਾਂ ਨਾਲ ਕੀਤਾ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਇਹ ਤੁਹਾਡਾ ਪੈਸਾ ਹੈ ਅਤੇ ਇਸ ਨੂੰ ਖਰਚਣ ਜਾਂ ਵਰਤਣ ਤੋਂ ਪਹਿਲਾਂ ਤੁਹਾਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈ। ਪਿਛਲੇ ਜੁਲਾਈ ਮਹੀਨੇ ਵਿੱਚ ਮੈਂ 33 ਲੱਖ ਮਾਵਾਂ-ਭੈਣਾਂ ਨੂੰ ਇਹ ਤੋਹਫ਼ਾ ਦਿੱਤਾ ਸੀ ਅਤੇ ਅੱਜ 35.5 ਲੱਖ ਹੋਰ ਮਾਵਾਂ-ਭੈਣਾਂ ਨੂੰ ਇਹ ਪੈਸੇ ਉਨ੍ਹਾਂ ਦੇ ਖਾਤਿਆਂ ਵਿੱਚ ਤਬਦੀਲ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸੱਤ ਦਿਨਾਂ ਵਿੱਚ ਹੀ ਪੰਜ ਲੱਖ ਹੋਰ ਔਰਤਾਂ ਨੇ ਇਸ ਯੋਜਨਾ ਤਹਿਤ ਰਜਿਸਟ੍ਰੇਸ਼ਨ ਕਰਵਾਈ ਹੈ।’’

Leave a Reply

Your email address will not be published. Required fields are marked *