ਵਿਜੀਲੈਂਸ ਨੇ ਵਣ ਗਾਰਡ 6,000 ਰੁਪਏ ਰਿਸ਼ਵਤ ਸਣੇ ਦਬੋਚਿਆ
ਅਸਲਾ ਲਾਇਸੈਂਸ ਲਈ ਐਨ.ਓ.ਸੀ. ਦੇਣ ਬਦਲੇ ਮੰਗ ਰਿਹਾ ਸੀ ਰਿਸ਼ਵਤ
ਚੰਡੀਗੜ੍ਹ, 29 ਸਤੰਬਰ (ਮਧੂਸਾਰ ਬਿਊਰੋ) ਵਿਜੀਲੈਂਸ ਬਿਊਰੋ, ਪੰਜਾਬ ਨੇ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਵਣ ਗਾਰਡ ਨੂੰ 6,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ-ਹੱਥੀਂ ਕਾਬੂ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਟਿਆਲਾ ਵਿਜੀਲੈਂਸ ਬਿਊਰੋ ਦਫ਼ਤਰ ‘ਚ ਤੈਨਾਤ ਸਿਪਾਹੀ ਕਾਰਜ ਸਿੰਘ ਪੁੱਤਰ ਮਰਹੂਮ ਸ਼ਿੰਗਾਰਾ ਸਿੰਘ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਵਣ ਗਾਰਡ ਧਨਵਿੰਦਰ ਸਿੰਘ ਨੂੰ ਕਾਬੂ ਕੀਤਾ ਗਿਆ। ਸ਼ਿਕਾਇਤਰਤਾ ਸਿਪਾਹੀ ਕਾਰਜ ਸਿੰਘ ਮੁਤਾਬਕ ਉਸ ਨੇ ਆਪਣੇ ਪੁਲਿਸ ਮੁਲਾਜ਼ਮ ਸਾਥੀ ਨਰੇਸ਼ ਕੁਮਾਰ ਸਣੇ ਅਸਲੇ ਦੇ ਲਾਇਸੈਂਸ ਲੈਣ ਲਈ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਵਿਖੇ ਅਪਲਾਈ ਕੀਤਾ ਸੀ। ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਐਨ.ਓ.ਸੀ. ਲਈ ਦੋਵਾਂ ਦਾ ਕੇਸ ਜੰਗਲਾਤ ਵਿਭਾਗ ਸੰਗਰੂਰ ਵਿਖੇ ਭੇਜਿਆ ਗਿਆ, ਜਿਥੋਂ ਕੇਸ ਦੀਆਂ ਫ਼ਾਈਲਾਂ ਵਿਭਾਗ ਦੇ ਮੋਹਾਲੀ ਸਥਿਤ ਮੁੱਖ ਦਫ਼ਤਰ ਵਿਖੇ ਭੇਜੀਆਂ ਗਈਆਂ ਸਨ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮੁੱਖ ਦਫ਼ਤਰ ਵਿਖੇ ਫ਼ਾਈਲਾਂ ਨਾਲ ਸਬੰਧਤ ਮੁਲਾਜ਼ਮ ਧਨਵਿੰਦਰ ਸਿੰਘ (ਵਣ ਗਾਰਡ) ਨੇ ਐਨ.ਓ.ਸੀ. ਦੇਣ ਬਦਲੇ ਦੋਹਾਂ ਪੁਲਿਸ ਮੁਲਾਜ਼ਮਾਂ ਤੋਂ 3000-3000 ਰੁਪਏ ਬਤੌਰ ਰਿਸ਼ਵਤ ਮੰਗੇ।
ਸੂਹ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਟੀਮ ਨੇ ਸ਼ਿਕਾਇਤਕਰਤਾਵਾਂ ਤੋਂ 6000 ਰੁਪਏ ਬਤੌਰ ਰਿਸ਼ਵਤ ਲੈਂਦਿਆਂ ਵਣ ਗਾਰਡ ਧਨਵਿੰਦਰ ਸਿੰਘ ਪੁੱਤਰ ਹਰਬੰਸ ਰਾਮ ਵਾਸੀ ਪਿੰਡ ਸਰਸੀਣੀ, ਤਹਿਸੀਲ ਡੇਰਾ ਬੱਸੀ, ਜ਼ਿਲ੍ਹਾ ਐਸ.ਏ.ਐਸ. ਨਗਰ ਨੂੰ ਰੰਗੇਂ ਹੱਥੀਂ ਗ੍ਰਿਫ਼ਤਾਰ ਕਰ ਲਿਆ। ਉਸ ਵਿਰੁਧ ਥਾਣਾ ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7, 13 (2) 1988 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

