ਪਟਿਆਲਾ

ਕੁਸ਼ਟ ਰੋਗ ਦੇ ਖਾਤਮੇ ਲਈ ਵਿਭਾਗਾਂ ਦਾ ਆਪਸੀ ਤਾਲਮੇਲ ਤੇ ਸਾਂਝੇ ਯਤਨ ਬੇਹੱਦ ਜਰੂਰੀ- ਡਾ.ਪ੍ਰਦੀਪਤਾ ਕੁਮਾਰ

ਸਿਹਤ ਵਿਭਾਗ ਨਾਲ ਮਰੀਜ਼ਾਂ ਦੀ ਦੇਖਭਾਲ ਸਬੰਧੀ ਪ੍ਰੋਗਰਾਮ ਦੀ ਕੀਤੀ ਸਮੀਖਿਆ

ਪਟਿਆਲਾ 28 ਅਗਸਤ (ਮਧੂਸਾਰ ਬਿਊਰੋ) ਕੇਂਦਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿਸ਼ੇਸ਼ ਮਾਨੀਟਰ ਡਾ. ਪ੍ਰਦੀਪਤਾ ਕੁਮਾਰ ਨਾਇਕ ਨੇ ਸਿਵਲ ਸਰਜਨ ਦਫ਼ਤਰ ਵਿਖੇ ਕੁਸ਼ਟ ਰੋਗ ਪ੍ਰਭਾਵਿਤ ਵਿਅਕਤੀਆਂ ਦੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਅਤੇ ਕੁਸ਼ਟ ਰੋਗ ਦੀ ਰੋਕਥਾਮ ਸਬੰਧੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਮਰੀਜ਼ਾਂ ਨੂੰ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਪਹੁੰਚਾਉਣ, ਰਿਕਾਰਡ ਨੂੰ ਅਪਡੇਟ ਰੱਖਣ ਅਤੇ ਵਿਭਾਗੀ ਸਹਿਯੋਗ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ।

ਇਸ ਤੋਂ ਬਾਦ ਜ਼ਿਲ੍ਹੇ ਦਾ ਦੌਰਾ ਕਰਦਿਆਂ ਸਰਕਟ ਹਾਉਸ ਵਿਖੇ ਸਿਹਤ ਵਿਭਾਗ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ ਕੁਸ਼ਟ ਰੋਗ (ਲੈਪਰੋਸੀ) ਦੀ ਰੋਕਥਾਮ, ਜਲਦ ਪਛਾਣ, ਮੁਕੰਮਲ ਇਲਾਜ, ਮਰੀਜ਼ਾਂ ਦੀ ਦੇਖਭਾਲ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਚਲਾਏ ਜਾ ਰਹੇ ਪ੍ਰੋਗਰਾਮਾਂ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ।

ਡਾ. ਪ੍ਰਦੀਪਤਾ ਕੁਮਾਰ ਨਾਇਕ ਨੇ ਕਿਹਾ ਕਿ ਕੁਸ਼ਟ ਰੋਗ ਦਾ ਖਾਤਮਾ ਕੇਵਲ ਸਿਹਤ ਵਿਭਾਗ ਦੀ ਜਿੰਮੇਵਾਰੀ ਨਹੀਂ, ਸਗੋਂ ਇਹ ਸਿਹਤ ਦੇ ਨਾਲ-ਨਾਲ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਅਹਿਮ ਮਾਮਲਾ ਹੈ। ਇਸ ਲਈ ਕੁਸ਼ਟ ਰੋਗ ਦੀ ਰੋਕਥਾਮ ਅਤੇ ਪ੍ਰਭਾਵਿਤ ਵਿਅਕਤੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਸਿਹਤ ਵਿਭਾਗ ਦੇ ਨਾਲ ਸਰਕਾਰੀ ਵਿਭਾਗਾਂ, ਸਥਾਨਕ ਸੰਸਥਾਵਾਂ ਅਤੇ ਸਬੰਧਤ ਏਜੰਸੀਆਂ ਦਾ ਆਪਸੀ ਤਾਲਮੇਲ ਅਤੇ ਸਾਂਝੇ ਯਤਨ ਬੇਹੱਦ ਜਰੂਰੀ ਹਨ।

ਉਨ੍ਹਾਂ ਕਿਹਾ ਕਿ ਕੁਸ਼ਟ ਰੋਗ ਨਾਲ ਜੁੜੀਆਂ ਗਲਤ ਧਾਰਨਾਵਾਂ, ਡਰ ਅਤੇ ਭੇਦਭਾਵ ਨੂੰ ਖਤਮ ਕਰਨ ਲਈ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣ ਦੀ ਲੋੜ ਤੇ ਵੀ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਸਮਝਾਉਣਾ ਜ਼ਰੂਰੀ ਹੈ ਕਿ ਕੁਸ਼ਟ ਰੋਗ ਦਾ ਇਲਾਜ ਸੰਭਵ ਹੈ।

ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੁਸ਼ਟ ਰੋਗ ਦੀ ਰੋਕਥਾਮ ਅਤੇ ਇਲਾਜ ਲਈ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕੁਸ਼ਟ ਰੋਗ ਦੀ ਜਲਦ ਪਛਾਣ, ਮਰੀਜ਼ਾਂ ਦੀ ਜਾਂਚ, ਇਲਾਜ ਅਤੇ ਫਾਲੋਅਪ ਲਈ ਸਿਹਤ ਵਿਭਾਗ ਵੱਲੋਂ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਕੁਸ਼ਟ ਰੋਗ ਦੀ ਰੋਕਥਾਮ, ਜਲਦ ਪਛਾਣ ਅਤੇ ਪ੍ਰਭਾਵਿਤ ਵਿਅਕਤੀਆਂ ਨੂੰ ਸਿਹਤ ਤੇ ਭਲਾਈ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਾਰੇ ਸਬੰਧਤ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪ੍ਰਭਾਵਿਤ ਵਿਅਕਤੀਆਂ ਨੂੰ ਮਾਣ-ਸਨਮਾਨ ਅਤੇ ਬਰਾਬਰੀ ਦੇ ਅਧਿਕਾਰ ਦਿਵਾਉਣ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।

ਮੀਟਿੰਗ ਵਿੱਚ ਐਸ.ਡੀ.ਐਮ ਗੁਰਦੇਵ ਸਿੰਘ ਧਾਮ, ਸਿਵਲ ਸਰਜਨ ਡਾ.ਸ਼ੈਲੀ ਜੇਤਲੀ, ਡੀ.ਐਮ.ਸੀ ਡਾ.ਜਸਵਿੰਦਰ ਸਿੰਘ, ਡੀ.ਐਫ.ਪੀ.ਓ ਡਾ.ਬਲਕਾਰ ਸਿੰਘ, ਡੀ.ਔਚ.ਓ ਡਾ.ਗੁਰਪ੍ਰੀਤ ਕੌਰ, ਜਿਲ੍ਹਾ ਲੇਪਰੋਸੀ ਅਫਸਰ ਡਾ.ਰਜਾਵੀ ਚੰਮਬਰ, ਡੀ.ਐਸ.ਐਸ.ਓ ਵਰਿੰਦਰ ਸਿੰਘ, ਡੀ.ਐਸ.ਜੈ.ਈ.ਓ ਰੀਨਾ ਕੌਰ, ਡੀ.ਪੀ.ਐਮ ਰੀਨਾ ਕੌਰ, ਡਿਪਟੀ ਡੀ.ਈ.ਓ ਡਾ.ਰਵਿੰਦਰਪਾਲ ਸਿੰਘ ਅਤੇ ਮਨਿੰਦਰ ਕੌਰ, ਡਾ.ਸਿਵਾਲੀ, ਡਾ.ਸ਼ਾਰੰਗ, ਡਾ.ਗੁਰਮਨਜੀਤ ਕੌਰ, ਏ.ਪੀ.ਆਰ.ਓ ਹਰਦੀਪ ਸਿੰਘ ਅਤੇ ਰਨਜੀਤ ਕੌਰ ਸਮੇਤ ਸਿਹਤ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *