ਹਰਿਆਣਾਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਪੰਚਕੂਲਾ ਵਿੱਚ ਆਯੋਜਿਤ ਰਾਜ ਪੱਧਰੀ ਸਮਾਰੋਹ ਵਿੱਚ 79 ਅਧਿਆਪਕਾਂ ਨੂੰ ਰਾਜ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ

ਹਰਿਆਣਾ ਵਿੱਚ ਸਿੱਖਿਆ ਦਾ ਬਜਟ ਵਧ ਕੇ 18,538 ਕਰੋੜ ਹੋਇਆ, 250 ਸਕੂਲ ਬਣਨਗੇ ਸੀ.ਐੱਮ.-ਈ.ਈ.ਈ. ਸਕੂਲ: ਨਾਇਬ ਸਿੰਘ ਸੈਣੀ

ਚੰਡੀਗੜ੍ਹ, 5 ਸਤੰਬਰ (ਮਧੂਸਾਰ ਬਿਊਰੋ) : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਧਿਆਪਕ ਦਿਵਸ ਦੇ ਮੌਕੇ ’ਤੇ ਮਹੱਤਵਪੂਰਨ ਘੋਸ਼ਣਾ ਕਰਦਿਆਂ ਕਿਹਾ ਕਿ ਆਉਣ ਵਾਲੇ ਅਕਾਦਮਿਕ ਸੈਸ਼ਨ ਤੋਂ ਉੱਚੇਰੀ ਸਿੱਖਿਆ, ਤਕਨੀਕੀ ਸਿੱਖਿਆ ਅਤੇ ਤਕਨਾਲੋਜੀ ਸਿੱਖਿਆ ਨਾਲ ਜੁੜੇ ਅਧਿਆਪਕ ਵੀ ਰਾਜ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਹੋਣਗੇ। ਮੌਜੂਦਾ ਸਮੇਂ ਵਿੱਚ ਇਹ ਪੁਰਸਕਾਰ ਸਿਰਫ਼ ਸਕੂਲੀ ਸਿੱਖਿਆ ਨਾਲ ਜੁੜੇ ਅਧਿਆਪਕਾਂ ਨੂੰ ਹੀ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਸਾਰੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨਾ ਸਰਕਾਰ ਦੀ ਪਹਿਲ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਐਲਾਨ ਸ਼ਨੀਵਾਰ ਨੂੰ ਪੰਚਕੂਲਾ ਵਿੱਚ ਆਯੋਜਿਤ ਰਾਜ ਅਧਿਆਪਕ ਸਨਮਾਨ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ। ਸਮਾਰੋਹ ਵਿੱਚ ਮੁੱਖ ਮਹਿਮਾਨ ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼, ਰਾਜਪਾਲ ਦੀ ਧਰਮ ਪਤਨੀ ਸ਼੍ਰੀਮਤੀ ਮਿਤ੍ਰਾ ਘੋਸ਼ ਅਤੇ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਵੀ ਮੌਜੂਦ ਰਹੇ। ਇਸ ਮੌਕੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਵਾਲੇ 79 ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਸਨਮਾਨ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਸ਼ਾਲ, ਮੈਡਲ, ਪ੍ਰਮਾਣ ਪੱਤਰ, ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਅਤੇ ਦੋ ਅਗਾਊਂ ਤਨਖ਼ਾਹ ਵਾਧੇ ਪ੍ਰਦਾਨ ਕੀਤੇ ਗਏ। ਮੁੱਖ ਮੰਤਰੀ ਨੇ ਅਧਿਆਪਕ ਦਿਵਸ ’ਤੇ ਸਾਰੇ ਅਧਿਆਪਕਾਂ ਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਸਮਾਰੋਹ ਸਿੱਖਿਆ ਪ੍ਰਤੀ ਤੁਹਾਡੇ ਸਮਰਪਣ ਅਤੇ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਅੱਜ ਮਹਾਨ ਅਧਿਆਪਕ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦਾ ਜਨਮਦਿਨ ਵੀ ਹੈ, ਜਿਨ੍ਹਾਂ ਨੇ ਆਪਣਾ ਜਨਮਦਿਨ ਅਧਿਆਪਕਾਂ ਨੂੰ ਸਮਰਪਿਤ ਕਰ ਦਿੱਤਾ। ਇਸੇ ਲਈ, ਉਨ੍ਹਾਂ ਦੇ ਜਨਮਦਿਨ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਹ ਮਹਾਨ ਦਾਰਸ਼ਨਿਕ, ਆਦਰਸ਼ ਅਧਿਆਪਕ ਅਤੇ ਕੁਸ਼ਲ ਸਿਆਸਤਦਾਨ ਸਨ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਸੱਭਿਆਚਾਰ ਵਿੱਚ ਗੁਰੂ ਦਾ ਸਥਾਨ ਹਮੇਸ਼ਾ ਉੱਪਰ ਰਿਹਾ ਹੈ। ਗੁਰੂ ਉਹ ਹੈ, ਜੋ ਬੱਚਿਆਂ ਦੇ ਅੰਦਰ ਛੁਪੀਆਂ ਸੰਭਾਵਨਾਵਾਂ ਨੂੰ ਪਛਾਣਦਾ ਹੈ। ਮਾਤਾ-ਪਿਤਾ ਬੱਚੇ ਨੂੰ ਜਨਮ ਦਿੰਦੇ ਹਨ, ਪਰ ਅਧਿਆਪਕ ਉਸ ਦੀ ਸ਼ਖ਼ਸੀਅਤ ਨੂੰ ਆਕਾਰ ਦਿੰਦਾ ਹੈ। ਉਹ ਬੱਚੇ ਨੂੰ ਸਿਰਫ਼ ਪ੍ਰੀਖਿਆ ਵਿੱਚ ਪਾਸ ਨਹੀਂ ਕਰਵਾਉਂਦਾ, ਸਗੋਂ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਯੋਗ ਬਣਾਉਂਦਾ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਸਨਮਾਨਿਤ ਹੋਏ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੁਸੀਂ ਅਧਿਆਪਕਾਂ ਦੀ ਵੀ ਅਜਿਹੀ ਹੀ ਕੋਈ ਕਹਾਣੀ ਹੋਵੇਗੀ। ਕਿਸੇ ਨੇ ਸਕੂਲ ਛੱਡ ਚੁੱਕੇ ਬੱਚੇ ਨੂੰ ਵਾਪਸ ਜਮਾਤ ਤੱਕ ਪਹੁੰਚਾਇਆ ਹੋਵੇਗਾ। ਕਿਸੇ ਨੇ ਆਪਣੀ ਜੇਬ ਵਿੱਚੋਂ ਵਿਦਿਆਰਥੀ ਲਈ ਕਿਤਾਬ ਖਰੀਦੀ ਹੋਵੇਗੀ। ਕਿਸੇ ਨੇ ਛੁੱਟੀ ਤੋਂ ਬਾਅਦ ਪੜ੍ਹਾਈ ਵਿੱਚ ਕਮਜ਼ੋਰ ਬੱਚੇ ਨੂੰ ਵਾਧੂ ਸਮਾਂ ਦਿੱਤਾ ਹੋਵੇਗਾ। ਕਿਸੇ ਨੇ ਧੀ ਦੇ ਮਾਤਾ-ਪਿਤਾ ਨੂੰ ਸਮਝਾ ਕੇ ਉਸ ਦੀ ਪੜ੍ਹਾਈ ਜਾਰੀ ਰਖਵਾਈ ਹੋਵੇਗੀ। ਕਿਸੇ ਨੇ ਵਿਗਿਆਨ ਪ੍ਰਯੋਗਸ਼ਾਲਾ ਨਾ ਹੋਣ ’ਤੇ ਸਥਾਨਕ ਵਸਤੂਆਂ ਤੋਂ ਮਾਡਲ ਬਣਾਇਆ ਹੋਵੇਗਾ; ਅਤੇ ਕਿਸੇ ਨੇ ਵਿਦਿਆਰਥੀ ਦੀਆਂ ਅੱਖਾਂ ਦੀ ਉਦਾਸੀ ਪੜ੍ਹ ਕੇ ਉਸ ਨੂੰ ਗਲਤ ਰਸਤੇ ’ਤੇ ਜਾਣ ਤੋਂ ਬਚਾਇਆ ਹੋਵੇਗਾ। ਉਨ੍ਹਾਂ ਕਿਹਾ ਕਿ ਪੁਰਸਕਾਰ ਪ੍ਰਾਪਤ ਕਰਨ ਲਈ ਮੰਚ ’ਤੇ ਤੁਸੀਂ ਭਾਵੇਂ ਹੀ ਅੱਜ ਆਏ ਹੋ, ਪਰ ਤੁਹਾਡਾ ਪੁਰਸਕਾਰ ਉਸੇ ਦਿਨ ਤੈਅ ਹੋ ਗਿਆ ਸੀ, ਜਿਸ ਦਿਨ ਕਿਸੇ ਬੱਚੇ ਨੇ ਤੁਹਾਨੂੰ ਕਿਹਾ ਹੋਵੇਗਾ ’ਗੁਰੂ ਜੀ, ਤੁਸੀਂ ਮੇਰਾ ਜੀਵਨ ਬਦਲ ਦਿੱਤਾ।’ ਰਾਜਪਾਲ ਨੇ ਕਿਹਾ ਕਿ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜੀਵਨ ਇਸ ਗੱਲ ਦੀ ਪ੍ਰੇਰਕ ਮਿਸਾਲ ਹੈ ਕਿ ਸਿੱਖਿਆ ਦੇਣਾ ਸਿਰਫ਼ ਇੱਕ ਕਿੱਤਾ ਨਹੀਂ, ਸਗੋਂ ਸਮਾਜ ਨਿਰਮਾਣ ਦਾ ਸ਼ਕਤੀਸ਼ਾਲੀ ਮਾਧਿਅਮ ਹੈ। ਅਧਿਆਪਕ ਦਿਵਸ ਸਿਰਫ਼ ਅਧਿਆਪਕਾਂ ਨੂੰ ਵਧਾਈ ਦੇਣ ਦਾ ਮੌਕਾ ਨਹੀਂ, ਸਗੋਂ ਸਿੱਖਿਆ ਦੀ ਮਹੱਤਤਾ ਨੂੰ ਸਵੀਕਾਰ ਕਰਨ ਅਤੇ ਅਧਿਆਪਕਾਂ ਪ੍ਰਤੀ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਦਾ ਦਿਨ ਵੀ ਹੈ। ਉਨ੍ਹਾਂ ਕਿਹਾ ਕਿ ਅੱਜ ਸਿੱਖਿਆ ਦੀ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ। ਇੰਟਰਨੈਟ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਆਧੁਨਿਕ ਤਕਨੀਕਾਂ ਰਾਹੀਂ ਵਿਦਿਆਰਥੀ ਕੁਝ ਹੀ ਪਲਾਂ ਵਿੱਚ ਦੁਨੀਆ ਭਰ ਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ, ਪਰ ਜਾਣਕਾਰੀ ਅਤੇ ਗਿਆਨ ਵਿੱਚ ਅੰਤਰ ਹੈ ਅਤੇ ਗਿਆਨ ਅਤੇ ਵਿਵੇਕ ਵਿੱਚ ਵੀ ਅੰਤਰ ਹੈ। ਤਕਨੀਕ ਸੂਚਨਾ ਦੇ ਸਕਦੀ ਹੈ, ਪਰ ਅਧਿਆਪਕ ਵਿਵੇਕ ਪ੍ਰਦਾਨ ਕਰਦਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਉੱਤਰ ਦੇ ਸਕਦੀ ਹੈ, ਪਰ ਅਧਿਆਪਕ ਸਹੀ ਸਵਾਲ ਪੁੱਛਣਾ ਸਿਖਾਉਂਦਾ ਹੈ। ਰਾਜਪਾਲ ਨੇ ਕਿਹਾ ਕਿ ਤਕਨੀਕ ਦੇ ਇਸ ਯੁੱਗ ਵਿੱਚ ਅਧਿਆਪਕ ਦੀ ਭੂਮਿਕਾ ਘੱਟ ਨਹੀਂ ਹੋਈ, ਸਗੋਂ ਹੋਰ ਵੀ ਮਹੱਤਵਪੂਰਨ ਹੋ ਗਈ ਹੈ। ਰਾਜਪਾਲ ਨੇ ਕਿਹਾ ਕਿ ਅੱਜ ਦੇ ਅਧਿਆਪਕ ਦੀ ਜ਼ਿੰਮੇਵਾਰੀ ਸਿਰਫ਼ ਪਾਠਕ੍ਰਮ ਪੂਰਾ ਕਰਨਾ ਅਤੇ ਪ੍ਰੀਖਿਆ ਦਾ ਨਤੀਜਾ ਦੇਣਾ ਨਹੀਂ ਹੈ। ਅਧਿਆਪਕ ਨੇ ਗਿਆਨ ਦੇ ਨਾਲ-ਨਾਲ ਵਿਦਿਆਰਥੀਆਂ ਦੇ ਚਰਿੱਤਰ ਦਾ ਵੀ ਨਿਰਮਾਣ ਕਰਨਾ ਹੈ। ਉਸ ਨੇ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਇਮਾਨਦਾਰੀ, ਮਿਹਨਤ, ਵਿਗਿਆਨਕ ਨਜ਼ਰੀਆ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਕੋਈ ਵੀ ਬੱਚਾ ਆਰਥਿਕ ਜਾਂ ਸਮਾਜਿਕ ਹਾਲਾਤਾਂ ਕਾਰਨ ਸਿੱਖਿਆ ਦੀ ਦੌੜ ਵਿੱਚ ਪਿੱਛੇ ਨਾ ਰਹਿ ਜਾਵੇ। ਖ਼ਾਸ ਕਰਕੇ ਧੀਆਂ ਨੂੰ ਬਰਾਬਰ ਦੇ ਮੌਕੇ ਦੇਣਾ ਅਤੇ ਉਨ੍ਹਾਂ ਦੀ ਪੜ੍ਹਾਈ ਨੂੰ ਉਤਸ਼ਾਹਿਤ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਰਾਜਪਾਲ ਨੇ ਕਿਹਾ ਕਿ ਸਿੱਖਿਆ ਦਾ ਉਦੇਸ਼ ਸਿਰਫ਼ ਇਹ ਤੈਅ ਕਰਨਾ ਨਹੀਂ ਹੋਣਾ ਚਾਹੀਦਾ ਕਿ ਬੱਚਾ ਭਵਿੱਖ ਵਿੱਚ ਕੀ ਬਣੇਗਾ, ਸਗੋਂ ਇਸ ਤੋਂ ਵੀ ਵੱਧ ਮਹੱਤਵਪੂਰਨ ਇਹ ਹੈ ਕਿ ਉਹ ਕਿਹੋ ਜਿਹਾ ਇਨਸਾਨ ਬਣੇਗਾ। ਸਾਨੂੰ ਅਜਿਹੇ ਡਾਕਟਰ ਚਾਹੀਦੇ ਹਨ ਜਿਨ੍ਹਾਂ ਵਿੱਚ ਸੇਵਾ ਦੀ ਭਾਵਨਾ ਹੋਵੇ, ਅਜਿਹੇ ਵਿਗਿਆਨੀ ਚਾਹੀਦੇ ਹਨ ਜੋ ਮਾਨਵਤਾ ਦੇ ਭਲੇ ਲਈ ਕੰਮ ਕਰਨ, ਅਜਿਹੇ ਅਧਿਕਾਰੀ ਚਾਹੀਦੇ ਹਨ ਜੋ ਨਿਆਂ ਅਤੇ ਸੰਵੇਦਨਸ਼ੀਲਤਾ ਨਾਲ ਫ਼ੈਸਲੇ ਲੈਣ, ਅਜਿਹੇ ਉਦਮੀ ਚਾਹੀਦੇ ਹਨ ਜੋ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਅਜਿਹੇ ਨਾਗਰਿਕ ਚਾਹੀਦੇ ਹਨ ਜੋ ਦੇਸ਼ ਅਤੇ ਸਮਾਜ ਪ੍ਰਤੀ ਜ਼ਿੰਮੇਵਾਰ ਹੋਣ।

Leave a Reply

Your email address will not be published. Required fields are marked *