ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ: AAP ਨੂੰ ਘੇਰਨ ਲਈ BJP ਨੇ ਨਸ਼ਾ-ਵਿਰੋਧੀ ਗੀਤ ਤੇ ਵੀਡੀਓਜ਼ ਨਾਲ ਮੁਹਿੰਮ ਕੀਤੀ ਤੇਜ਼
MP ਵਿਕਰਮਜੀਤ ਸਾਹਨੀ ਨੇ ਵੀ ਗਾਇਆ ‘ਛੇਵਾਂ ਦਰਿਆ’ ਗੀਤ
ਜਲੰਧਰ 21 ਸਤੰਬਰ (ਚ.ਨ.ਸ.) ਕਿਸੇ ਦਾ ਇੱਕ ਮਰਦਾ, ਕਿਸੇ ਦੇ ਦੋ ਮਰਦੇ, ਗ਼ਲਤੀ ਸਰਕਾਰ ਦੀ ਹੈ, ਹਰਜਾਨੇ ਲੋਕ ਭਰਦੇ, ਨਹੀਂ ਚੱਲਣਾ ਹੁਣ ਬਹੁਤਾ ਚਿਰ ਝਾੜੂ ਵਾਲਿਆਂ ਦਾ ਕਾਰਾ, ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ।” ਇਹ ਬੋਲ ਹਨ ਭਾਜਪਾ ਦੇ ਨਵੇਂ ਨਸ਼ਾ-ਵਿਰੋਧੀ ਗੀਤ ਦੇ, ਜੋ ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ’ਆਪ’ ਸਰਕਾਰ ’ਤੇ ਨਿਸ਼ਾਨਾ ਸੇਧ ਰਹੇ ਹੈ। ਦਰਅਸਲ ਆਗਾਮੀ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਨਸ਼ਿਆਂ ਨੂੰ ਭਾਜਪਾ ਵੱਲੋਂ ਅਹਿਮ ਚੋਣ ਮੁੱਦਾ ਬਣਾਏ ਜਾਣ ਦੇ ਮੱਦੇਨਜ਼ਰ, ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਨਸ਼ਾ-ਵਿਰੋਧੀ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਭਾਜਪਾ ਦੇ ਆਪਣੇ ਰਾਜ ਸਭਾ ਮੈਂਬਰ ਨੇ ਵੀ ਮਾਈਕ ਸੰਭਾਲਦਿਆਂ ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ’ਤੇ ਆਪਣੀ ਆਵਾਜ਼ ਬੁਲੰਦ ਕੀਤੀ ਹੈ।
’ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ, ਪਾਰਟੀ ਨੇ ਨਸ਼ਿਆਂ ਦੇ ਮੁੱਦੇ ’ਤੇ ’ਆਪ’ ਸਰਕਾਰ ਨੂੰ ਘੇਰਨ ਲਈ ਕਈ ਗੀਤ, ਵੀਡੀਓਜ਼ ਅਤੇ ਰੀਲਜ਼ ਜਾਰੀ ਕੀਤੇ ਹਨ। ਇਨ੍ਹਾਂ ਵਿੱਚੋਂ ਦੋ ਵੀਡੀਓਜ਼ ’ਚ “ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ” ਅਤੇ “ਛੇਵਾਂ ਦਰਿਆ” ਗੀਤ ਸ਼ਾਮਲ ਹਨ। ਜਿੱਥੇ ਪਹਿਲਾ ਗੀਤ ਭਾਜਪਾ ਦਾ ਰਸਮੀ ਨਸ਼ਾ-ਵਿਰੋਧੀ ਮੁਹਿੰਮ ਗੀਤ ਹੈ, ਜਿਸ ਨੂੰ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀ ਸ਼ੁਰੂਆਤ ਮੌਕੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਵੀ ਜਾਰੀ ਕੀਤਾ ਗਿਆ ਸੀ, ਉੱਥੇ ਹੀ ਦੂਜਾ ਗੀਤ ਭਾਜਪਾ ਦੇ ਸੰਸਦ ਮੈਂਬਰ ਵਿਕਰਮਜੀਤ ਸਾਹਨੀ ਵੱਲੋਂ ਤਿਆਰ ਅਤੇ ਗਾਇਆ ਗਿਆ ਹੈ। ’ਛੇਵਾਂ ਦਰਿਆ’ ਗੀਤ ਸਾਹਨੀ ਵੱਲੋਂ ਸੰਗੀਤਕਾਰ/ਲੇਖਕ ਜਗਮੀਤ ਬੱਲ ਦੇ ਸਹਿਯੋਗ ਨਾਲ ਲਿਖਿਆ ਗਿਆ ਹੈ।
ਗੱਲਬਾਤ ਕਰਦਿਆਂ, ਭਾਜਪਾ ਦੇ ਸੰਸਦ ਮੈਂਬਰ ਵਿਕਰਮਜੀਤ ਸਾਹਨੀ, (ਜੋ ਪਹਿਲਾਂ ਵੀ ਕਈ ਸਿੱਖ ਧਾਰਮਿਕ ਅਤੇ ਸੂਫ਼ੀ ਗੀਤ ਗਾ ਚੁੱਕੇ ਹਨ) ਨੇ ਕਿਹਾ, “ਮੈਨੂੰ ਸੂਫ਼ੀ ਸੰਗੀਤ ਬਹੁਤ ਪਸੰਦ ਹੈ। ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਅੱਜ ਸੂਬੇ ਵਿੱਚ ਨਸ਼ਾ ਛੇਵੇਂ ਬੇਰੋਕ ਦਰਿਆ ਵਜੋਂ ਵਗ ਰਿਹਾ ਹੈ। ਲੱਖਾਂ ਪੰਜਾਬੀ, ਜਿਨ੍ਹਾਂ ਵਿੱਚ ਬਹੁਤ ਸਾਰੇ ਨੌਜਵਾਨ ਸ਼ਾਮਲ ਹਨ, ਨਸ਼ਿਆਂ ਦੀ ਲਪੇਟ ਵਿੱਚ ਹਨ। ਇਹ ਗੀਤ ਲੋਕਾਂ ਨੂੰ ਪੰਜਾਬ ਦੇ ਸੱਭਿਆਚਾਰਕ ਵਿਰਸੇ, ਲੋਕ ਨਾਚਾਂ ਅਤੇ ਭੰਗੜੇ ਦੀ ਯਾਦ ਦਿਵਾਉਂਦਾ ਹੈ, ਜਿਸ ਨੂੰ ਨਸ਼ਿਆਂ ਦੀ ਅਲਾਮਤ ਵਿਰੁੱਧ ਲੜਨ ਲਈ ਮੁੜ ਸੁਰਜੀਤ ਕਰਨ ਦੀ ਲੋੜ ਹੈ।”
ਉੱਥੇ ਹੀ ਭਾਜਪਾ ਦੇ ਆਈ ਟੀ ਅਤੇ ਸੋਸ਼ਲ ਮੀਡੀਆ ਦੇ ਸੂਬਾ ਕਨਵੀਨਰ ਅਜੇ ਅਰੋੜਾ ਨੇ ਕਿਹਾ, “ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਦੇ ਮੱਦੇਨਜ਼ਰ ਇਹ ਗੀਤ ਜਾਰੀ ਕੀਤੇ ਗਏ ਹਨ। ਇਸ ਕੰਟੈਂਟ ਦਾ ਮਕਸਦ ਇਸ ਮੁੱਦੇ ’ਤੇ ਜਾਗਰੂਕਤਾ ਪੈਦਾ ਕਰਨਾ ਹੈ। ਅਸੀਂ ਰੋਜ਼ਾਨਾ ਨਸ਼ਾ ਪ੍ਰਭਾਵਿਤ ਲੋਕਾਂ ਨੂੰ ਵੀ ਮਿਲ ਰਹੇ ਹਾਂ। ਯਾਤਰਾ ਦੌਰਾਨ ਅਤੇ ਗ੍ਰਹਿ ਮੰਤਰੀ ਦੀ ਰੈਲੀ ਤੋਂ ਪਹਿਲਾਂ, ਅਸੀਂ ਨਸ਼ਿਆਂ ਵਿਰੁੱਧ ਲੋਕ ਸੰਪਰਕ ਵਿੱਚ ਰੁੱਝੇ ਹੋਏ ਹਾਂ ਅਤੇ ਇਸ ਮੁੱਦੇ ’ਤੇ ਜਾਗਰੂਕਤਾ ਫੈਲਾਉਣਾ ਜਾਰੀ ਰੱਖਾਂਗੇ।”

