ਪਟਿਆਲਾ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਸਬੰਧੀ ਬਹਾਦੁਰਗੜ੍ਹ ਵਿਖੇ ਸਮਾਗਮ ਆਯੋਜਿਤ

ਪਟਿਆਲਾ, 3 ਅਕਤੂਬਰ 2026:(ਮਧੂਸਾਰ ਬਿਊਰੋ) ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਅਧੀਨ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ, ਪਟਿਆਲਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.), ਸ੍ਰੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ 3 ਅਤੇ 4 ਅਕਤੂਬਰ, 2026 ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ, ਬਹਾਦੁਰਗੜ੍ਹ, ਪਟਿਆਲਾ ਵਿਖੇ ਕਰਵਾਏ ਜਾ ਰਹੇ ਹਨ।

ਸਮਾਗਮ ਦਾ ਆਗਾਜ਼ 3 ਅਕਤੂਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਸਿੱਖਿਆਵਾਂ ਅਤੇ ਵਿਰਾਸਤ ਨੂੰ ਸਮਰਪਿਤ ਪ੍ਰਦਰਸ਼ਨੀ ਦੇ ਉਦਘਾਟਨ ਨਾਲ ਹੋਇਆ। ਪ੍ਰਦਰਸ਼ਨੀ ਦਾ ਉਦਘਾਟਨ ਸ਼੍ਰੀ ਮੁਲਕਿਲਾਨ ਆਰ., ਆਈ.ਏ.ਐਸ., ਵਿਸ਼ੇਸ਼ ਕਾਰਜ ਅਧਿਕਾਰੀ (ਸ਼ਹਿਰੀ ਮਾਮਲੇ), ਡਿਪਟੀ ਕਮਿਸ਼ਨਰ, ਪਟਿਆਲਾ ਵੱਲੋਂ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਸ਼ਹਾਦਤ, ਸਿੱਖਿਆਵਾਂ ਅਤੇ ਯੋਗਦਾਨ ਨੂੰ ਦਰਸਾਇਆ ਗਿਆ ਹੈ। ਇਹ ਪ੍ਰਦਰਸ਼ਨੀ 3 ਅਕਤੂਬਰ ਤੋਂ 9 ਅਕਤੂਬਰ, 2026 ਤੱਕ ਆਮ ਲੋਕਾਂ ਅਤੇ ਸੰਗਤ ਲਈ ਖੁੱਲ੍ਹੀ ਰਹੇਗੀ।

ਪਹਿਲੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਸਿੱਖਿਆਵਾਂ ਅਤੇ ਵਿਰਾਸਤ ਵਿਸ਼ੇ ’ਤੇ ਸੈਮੀਨਾਰ ਵੀ ਕਰਵਾਇਆ ਗਿਆ। ਪੰਜਾਬ ਅਤੇ ਹਰਿਆਣਾ ਦੇ ਉੱਘੇ ਵਿਦਵਾਨਾਂ, ਜਿਨ੍ਹਾਂ ਵਿੱਚ ਡਾ. ਦਿਲਵਰ ਸਿੰਘ, ਸ਼੍ਰੀ ਫਤਹਿਗੜ੍ਹ ਸਾਹਿਬ; ਡਾ. ਪਰਮਵੀਰ ਸਿੰਘ, ਪਟਿਆਲਾ; ਡਾ. ਸਤਿੰਦਰ ਸਿੰਘ, ਸ਼੍ਰੀ ਮੰਜੀ ਸਾਹਿਬ ਕੋਟਾ, ਲੁਧਿਆਣਾ; ਡਾ. ਹਰਦੇਵ ਸਿੰਘ, ਸ਼੍ਰੀ ਫਤਹਿਗੜ੍ਹ ਸਾਹਿਬ; ਅਤੇ ਡਾ. ਗੁਰਸਿਮਰਨ ਕੌਰ, ਅੰਬਾਲਾ ਨੇ ਸੈਮੀਨਾਰ ਵਿੱਚ ਸ਼ਿਰਕਤ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਦਰਸ਼ਨ, ਸ਼ਹਾਦਤ ਅਤੇ ਸਰਬੱਤ ਦੇ ਭਲੇ ਦੇ ਸੰਦੇਸ਼ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।ਕਪਰ ਬੁਲਾਰਿਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਦੀ ਅਜੋਕੇ ਸਮੇਂ ਵਿੱਚ ਪ੍ਰਸੰਗਿਕਤਾ ’ਤੇ ਚਾਨਣਾ ਪਾਉਂਦਿਆਂ ਵਿਸ਼ੇਸ਼ ਤੌਰ ’ਤੇ ਮਨੁੱਖੀ ਸਨਮਾਨ, ਧਾਰਮਿਕ ਆਜ਼ਾਦੀ, ਸਹਿਣਸ਼ੀਲਤਾ, ਦਇਆ ਅਤੇ ਅਨਿਆਂ ਦੇ ਵਿਰੁੱਧ ਖੜ੍ਹੇ ਹੋਣ ਦੇ ਉਨ੍ਹਾਂ ਦੇ ਸੰਦੇਸ਼ ਨੂੰ ਉਜਾਗਰ ਕੀਤਾ।

ਸਮਾਗਮ ਦੌਰਾਨ ਗਿਆਨੀ ਨਵਰੰਗ ਸਿੰਘ ਝੱਲੀ ਅਤੇ ਸਮੂਹ, ਮਲੇਰਕੋਟਲਾ ਵੱਲੋਂ ਢਾਡੀ ਗਾਇਨ ਦੀ ਪੇਸ਼ਕਾਰੀ ਵੀ ਕੀਤੀ ਗਈ। ਕਲਾਕਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਸ਼ਹਾਦਤ ਅਤੇ ਅਧਿਆਤਮਿਕ ਵਿਰਾਸਤ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ।

ਪਹਿਲੇ ਦਿਨ ਦੇ ਸਮਾਗਮ ਵਿੱਚ ਸੰਗਤ, ਆਮ ਲੋਕਾਂ, ਸੱਭਿਆਚਾਰਕ ਅਤੇ ਧਾਰਮਿਕ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਤੋਂ ਇਲਾਵਾ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਨ੍ਹਾਂ ਵਿੱਚ ਸੰਤ ਈਸ਼ਰ ਸਿੰਘ ਗੁਰਮਤਿ ਅਕੈਡਮੀ, ਚਪੜ; ਜਸਦੇਵ ਸਿੰਘ ਸੰਧੂ ਕਾਲਜ ਆਫ਼ ਐਜੂਕੇਸ਼ਨ, ਕੌਲੀ; ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਗਰਲਜ਼, ਆਕੜ, ਸ੍ਰੀ ਨਿੰਮ ਸਾਹਿਬ; ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਹਾਦੁਰਗੜ੍ਹ, ਪਟਿਆਲਾ; ਅਤੇ ਸੁਸ਼ੀਲਾ ਦੇਵੀ ਪਬਲਿਕ ਸਕੂਲ, ਧਰੇੜੀ ਜੱਟਾਂ, ਪਟਿਆਲਾ ਦੇ ਵਿਦਿਆਰਥੀ ਸ਼ਾਮਲ ਰਹੇ।

ਇਸ ਮੌਕੇ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਸ਼੍ਰੀ ਜਸਮੇਲ ਸਿੰਘ ਲਾਛਰੁ, ਮੈਂਬਰ, ਐਸ.ਜੀ.ਪੀ.ਸੀ., ਸ੍ਰੀ ਅੰਮ੍ਰਿਤਸਰ, ਅਤੇ ਸ਼੍ਰੀ ਰਾਜੇਸ਼ ਪੰਜੋਲਾ, ਬਿਊਰੋ ਚੀਫ਼, ਜਗਬਾਣੀ ਅਤੇ ਪੰਜਾਬ ਕੇਸਰੀ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਰਹੇ।

ਸਮਾਗਮ 4 ਅਕਤੂਬਰ, 2026 ਨੂੰ ਵੀ ਜਾਰੀ ਰਹੇਗਾ। ਦੂਜੇ ਦਿਨ ਭਾਈ ਸਿਮਰਨਜੀਤ ਸਿੰਘ ਜੀ, ਹਜ਼ੂਰੀ ਰਾਗੀ, ਸ੍ਰੀ ਦਰਬਾਰ ਸਾਹਿਬ, ਅਤੇ ਭਾਈ ਗੁਰਸੇਵਕ ਸਿੰਘ ਜੀ, ਹਜ਼ੂਰੀ ਰਾਗੀ, ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ, ਬਹਾਦੁਰਗੜ੍ਹ ਵੱਲੋਂ ਗੁਰਬਾਣੀ ਗਾਇਨ ਦੀ ਪੇਸ਼ਕਾਰੀ ਕੀਤੀ ਜਾਵੇਗੀ। ਅਤੇ ਉਸ ਉਪਰੰਤ ਗਿਆਨੀ ਸਰਬਜੀਤ ਸਿੰਘ ਆਲਮਗੀਰ ਜੀ ਵੱਲੋਂ ਕਥਾ ਵਾਚਨ ਵੀ ਕੀਤਾ ਜਾਵੇਗਾ, ਜਿਸ ਦੌਰਾਨ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਸਿੱਖਿਆਵਾਂ ਅਤੇ ਅਧਿਆਤਮਿਕ ਸੰਦੇਸ਼ ’ਤੇ ਚਾਨਣਾ ਪਾਉਣਗੇ।

Leave a Reply

Your email address will not be published. Required fields are marked *