ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

3 ਮਹਿਲਾ ਪੱਤਰਕਾਰਾਂ ਵੱਲੋਂ ਪੁਲੀਸ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼, ਕਰਾਈਮ ਬਰਾਂਚ ਵੱਲੋਂ ਜਾਂਚ ਜਾਰੀ

ਰਾਹੁਲ ਗਾਂਧੀ ਅਤੇ ਪ੍ਰੈੱਸ ਕਲੱਬ ਆਫ਼ ਇੰਡੀਆ ਨੇ ਚੁੱਕੇ ਗੰਭੀਰ ਸਵਾਲ; ਦਿੱਲੀ ਪੁਲੀਸ ਤੋਂ ਤੁਰੰਤ ਕਾਰਵਾਈ ਦੀ ਮੰਗ

ਨਵੀਂ ਦਿੱਲੀ 4 ਅਕਤੂਬਰ (ਮਧੂਸਾਰ ਬਿਊਰੋ) ਦਿੱਲੀ ਦੇ ਜੰਤਰ-ਮੰਤਰ ’ਤੇ 3 ਅਕਤੂਬਰ ਨੂੰ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਤਿੰਨ ਮਹਿਲਾ ਪੱਤਰਕਾਰਾਂ ਵੱਲੋਂ ਡਿਊਟੀ ’ਤੇ ਤੈਨਾਤ ਪੁਲੀਸ ਕਰਮਚਾਰੀਆਂ ’ਤੇ ਜਿਨਸੀ ਸ਼ੋਸ਼ਣ (ਯੌਨ ਉਤਪੀੜਨ) ਦੇ ਗੰਭੀਰ ਦੋਸ਼ ਲਗਾਏ ਗਏ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅਤੇ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਨਵੀਂ ਦਿੱਲੀ ਜ਼ਿਲ੍ਹਾ ਪੁਲੀਸ ਨੇ ਇਹ ਸ਼ਿਕਾਇਤਾਂ ਦਿੱਲੀ ਪੁਲੀਸ ਦੀ ਕਰਾਈਮ ਬਰਾਂਚ (ਅਪਰਾਧ ਸ਼ਾਖਾ) ਨੂੰ ਤਬਦੀਲ ਕਰ ਦਿੱਤੀਆਂ ਹਨ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਐਤਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਤੈਨਾਤ ਪੁਲੀਸ ਵਾਲਿਆਂ ਖ਼ਿਲਾਫ਼ ਮਹਿਲਾ ਪੱਤਰਕਾਰਾਂ ਵੱਲੋਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ। ਪਾਰਦਰਸ਼ੀ ਜਾਂਚ ਲਈ ਇਹ ਮਾਮਲਾ ਕਰਾਈਮ ਬਰਾਂਚ ਨੂੰ ਸੌਂਪਿਆ ਗਿਆ ਹੈ, ਜੋ ਇਨ੍ਹਾਂ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਕਰੇਗੀ ਅਤੇ ਸ਼ਿਕਾਇਤਕਰਤਾ ਮਹਿਲਾ ਪੱਤਰਕਾਰਾਂ ਸਮੇਤ ਸਬੰਧਤ ਵਿਅਕਤੀਆਂ ਦੇ ਬਿਆਨ ਕਲਮਬੱਧ ਕਰੇਗੀ। ਦੂਜੇ ਪਾਸੇ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਜੰਤਰ-ਮੰਤਰ ’ਤੇ ਮਹਿਲਾ ਪੱਤਰਕਾਰ ਨੇ ਪੁਲੀਸ ਅਧਿਕਾਰੀ ’ਤੇ ਬਦਸਲੂਕੀ ਦੇ ਦੋਸ਼ ਲਾਏ ਹਨ ਅਤੇ ਸੈਂਕੜੇ ਪੱਤਰਕਾਰ ਘੰਟਿਆਂ ਤੋਂ ਸਿਰਫ਼ ਐੱਫ.ਆਈ.ਆਰ. ਦਰਜ ਕਰਨ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਬੈਠੇ ਹਨ, ਪਰ ਪੁਲੀਸ ਆਪਣੀ ਮੁਢਲੀ ਜ਼ਿੰਮੇਵਾਰੀ ਤੋਂ ਵੀ ਭੱਜ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਦਰਸ਼ਨਕਾਰੀ ਮਹਿਲਾਵਾਂ ਨਾਲ ਦੁਰਵਿਹਾਰ ਕੀਤਾ ਗਿਆ, ਕੈਮਰੇ ਖੋਹੇ ਗਏ ਅਤੇ ਪੱਤਰਕਾਰਾਂ ਨੂੰ ਧੂਹਿਆ ਗਿਆ।

Leave a Reply

Your email address will not be published. Required fields are marked *