ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਰਿਆਧ ’ਤੇ ਹਮਲਿਆਂ ਕਾਰਨ ਏਅਰ ਇੰਡੀਆ ਦੀਆਂ ਉਡਾਣਾਂ 10 ਅਕਤੂਬਰ ਤੱਕ ਰੱਦ

ਨਵੀਂ ਦਿੱਲੀ 8 ਅਕਤੂਬਰ (ਮਧੂਸਾਰ ਬਿਊਰੋ) ਰਿਆਧ ਹਵਾਈ ਅੱਡੇ ’ਤੇ ਹਮਲਿਆਂ ਕਾਰਨ ਏਅਰ ਇੰਡੀਆ ਐਕਸਪ੍ਰੈੱਸ ਅਤੇ ਏਅਰ ਇੰਡੀਆ ਨੇ ਰਿਆਧ ਜਾਣ ਅਤੇ ਉੱਥੋਂ ਆਉਣ ਵਾਲੀਆਂ ਆਪਣੀਆਂ ਉਡਾਣਾਂ 10 ਅਕਤੂਬਰ ਤੱਕ ਰੱਦ ਕਰ ਦਿੱਤੀਆਂ ਹਨ। ਸਾਊਦੀ ਅਰਬ ਦੇ ਰਿਆਧ ਅਤੇ ਅਭਾ ਹਵਾਈ ਅੱਡਿਆਂ ਨੂੰ ਕਥਿਤ ਤੌਰ ’ਤੇ ਹੂਤੀ ਲੜਾਕਿਆਂ ਵੱਲੋਂ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।
ਸੂਤਰਾਂ ਮੁਤਾਬਕ ਵੀਰਵਾਰ ਨੂੰ ਰਿਆਧ ਜਾ ਰਹੀਆਂ ਏਅਰ ਇੰਡੀਆ ਐਕਸਪ੍ਰੈੱਸ ਅਤੇ ਏਅਰ ਇੰਡੀਆ ਦੀਆਂ ਕੁਝ ਉਡਾਣਾਂ ਨੂੰ ਵਾਪਸ ਮੁੜਨਾ ਪਿਆ।
ਏਅਰ ਇੰਡੀਆ ਐਕਸਪ੍ਰੈੱਸ ਨੇ ਕਿਹਾ ਕਿ ਖੇਤਰ ਵਿੱਚ ਬਦਲਦੇ ਹਾਲਾਤ ਦੇ ਮੱਦੇਨਜ਼ਰ ਰਿਆਧ ਜਾਣ ਅਤੇ ਉੱਥੋਂ ਆਉਣ ਵਾਲੀਆਂ ਉਡਾਣਾਂ 10 ਅਕਤੂਬਰ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਪ੍ਰਭਾਵਿਤ ਯਾਤਰੀਆਂ ਨੂੰ ਬਿਨਾਂ ਕਿਸੇ ਵਾਧੂ ਖਰਚੇ ਦੇ ਯਾਤਰਾ ਦੀ ਤਰੀਕ ਬਦਲਣ ਜਾਂ ਟਿਕਟ ਰੱਦ ਕਰਨ ’ਤੇ ਪੂਰਾ ਰਿਫੰਡ ਦੇਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਏਅਰਲਾਈਨ ਨੇ ਕਿਹਾ ਕਿ ਉਹ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ।
ਏਅਰ ਇੰਡੀਆ ਐਕਸਪ੍ਰੈੱਸ ਭਾਰਤ ਦੇ ਚਾਰ ਸ਼ਹਿਰਾਂ ਬੰਗਲੁਰੂ, ਕੋਚੀ, ਕੰਨੂਰ ਅਤੇ ਕੋਝੀਕੋਡ ਤੋਂ ਰਿਆਧ ਲਈ ਹਰ ਹਫ਼ਤੇ 16 ਉਡਾਣਾਂ ਚਲਾਉਂਦੀ ਹੈ। ਏਅਰ ਇੰਡੀਆ ਨੇ ਵੀ ਰਿਆਧ ਜਾਣ ਅਤੇ ਉੱਥੋਂ ਆਉਣ ਵਾਲੀਆਂ ਉਡਾਣਾਂ 10 ਅਕਤੂਬਰ ਤੱਕ ਰੱਦ ਕਰਨ ਦਾ ਐਲਾਨ ਕੀਤਾ ਹੈ।
ਏਅਰ ਇੰਡੀਆ ਦਿੱਲੀ ਅਤੇ ਮੁੰਬਈ ਤੋਂ ਰਿਆਧ ਲਈ ਹਰ ਹਫ਼ਤੇ ਸੱਤ ਉਡਾਣਾਂ ਚਲਾਉਂਦੀ ਹੈ। ਏਅਰਲਾਈਨ ਨੇ ਕਿਹਾ ਕਿ ਪ੍ਰਭਾਵਿਤ ਯਾਤਰੀਆਂ ਨੂੰ ਟਿਕਟ ਰੱਦ ਕਰਨ ’ਤੇ ਪੂਰਾ ਰਿਫੰਡ ਦਿੱਤਾ ਜਾਵੇਗਾ। ਵੀਰਵਾਰ ਨੂੰ ਦਿੱਲੀ ਤੋਂ ਰਿਆਧ ਜਾ ਰਹੀ ਏਅਰ ਇੰਡੀਆ ਦੀ ਏਆਈ2243 ਉਡਾਣ ਵੀ ਕੌਮੀ ਰਾਜਧਾਨੀ ਵਾਪਸ ਆ ਗਈ। ਇਸ ਤੋਂ ਬਾਅਦ ਉਡਾਣ ਰੱਦ ਕਰ ਦਿੱਤੀ ਗਈ ਅਤੇ ਇਸ ਵਿੱਚ ਸਵਾਰ ਯਾਤਰੀਆਂ ਨੂੰ ਪੂਰਾ ਰਿਫੰਡ ਦੇਣ ਦੀ ਪੇਸ਼ਕਸ਼ ਕੀਤੀ ਗਈ। ਅਕਾਸਾ ਏਅਰ ਨੇ ਵੀਰਵਾਰ ਨੂੰ ਕਿਹਾ ਕਿ ਰਿਆਧ ਵਿੱਚ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਉਸ ਨੇ ਕੋਚੀ ਤੋਂ ਰਿਆਧ ਜਾਣ ਵਾਲੀ ਕਿਊਪੀ523 ਅਤੇ ਰਿਆਧ ਤੋਂ ਕੋਚੀ ਆਉਣ ਵਾਲੀ ਕਿਊਪੀ524 ਉਡਾਣ ਰੱਦ ਕਰ ਦਿੱਤੀ ਹੈ।
ਪਿਛਲੇ ਕੁਝ ਦਿਨਾਂ ਤੋਂ ਇਰਾਨ ਦੀ ਹਮਾਇਤ ਪ੍ਰਾਪਤ ਹੂਤੀ ਸਮੂਹ ਅਤੇ ਸਾਊਦੀ ਅਰਬ ਵਿਚਕਾਰ ਤਣਾਅ ਵਧਿਆ ਹੈ। ਇਸ ਦੌਰਾਨ ਡਰੋਨਾਂ ਅਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ਹਾਲਾਤ ਕਾਰਨ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ।
ਲੁਫਥਾਂਸਾ ਵੱਲੋਂ ਉਡਾਣਾਂ 16 ਅਕਤੂਬਰ ਤਕ ਮੁਅੱਤਲ
ਜਰਮਨ ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਮੱਧ ਪੂਰਬ ਵਿੱਚ ਬਣੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਲੁਫਥਾਂਸਾ ਗਰੁੱਪ ਦੀਆਂ ਏਸ਼ਿਆਈ ਅਤੇ ਏਅਰਲਾਈਨਜ਼ ਕੰਪਨੀਆਂ ਨੇ 16 ਅਕਤੂਬਰ ਤੱਕ ਰਿਆਧ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਣਾਂ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਇਹ ਕਦਮ ਸੁਰੱਖਿਆ ਨੂੰ ਮੁੱਖ ਰੱਖਦਿਆਂ ਚੁੱਕਿਆ ਗਿਆ ਹੈ ਤਾਂ ਜੋ ਯਾਤਰੀਆਂ ਅਤੇ ਅਮਲੇ ਨੂੰ ਕਿਸੇ ਵੀ ਖਤਰੇ ਤੋਂ ਬਚਾਇਆ ਜਾ ਸਕੇ।

Leave a Reply

Your email address will not be published. Required fields are marked *