ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਪੰਜਾਬ ’ਚ ਨਸ਼ੇ ਦਾ ਸਾਮਰਾਜ ਖਤਮ ਕੀਤੇ ਬਿਨਾਂ ਆਰਾਮ ਨਾਲ ਹੀਂ ਬੈਠਾਂਗੇ : ਰਾਹੁਲ ਗਾਂਧੀ

ਨਵੀਂ ਦਿੱਲੀ 15 ਅਕਤੂਬਰ (ਮਧੂਸਾਰ ਬਿਊਰੋ) ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪੰਜਾਬ ’ਚ ਨਸ਼ੇ ਦੇ ਮੁੱਦੇ ’ਤੇ ਆਮ ਆਦਮੀ ਪਾਰਟੀ (ਆਪ) ਸਰਕਾਰ ’ਤੇ ਨਿਸ਼ਾਨਾ ਵਿੰਨਿ੍ਹਆ। ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਉਦੋਂ ਤੱਕ ਆਰਾਮ ਨਹੀਂ ਕਰੇਗੀ ਜਦੋਂ ਤੱਕ ਸੂਬੇ ਦੇ ਨੌਜਵਾਨਾਂ ਦੇ ਭਵਿੱਖ ਨੂੰ ਬਰਬਾਦ ਕਰਨ ਵਾਲੇ ’ਨਸ਼ੇ ਦੇ ਸਾਮਰਾਜ’ ਨੂੰ ਖਤਮ ਨਹੀਂ ਕਰ ਦਿੰਦੀ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ‘X’ ’ਤੇ ਇਕ ਪੋਸਟ ’ਚ ਦੋਸ਼ ਲਗਾਇਆ ਕਿ ਪੰਜਾਬ ’ਚ ਨਸ਼ੇ ਦੀ ਦੁਰਵਰਤੋਂ ਵਿਰੁੱਧ ਆਵਾਜ਼ ਚੁੱਕਣਾ ਹੁਣ ’ਜਾਨਲੇਵਾ’ ਹੋ ਗਿਆ ਹੈ ਅਤੇ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ’ਆਪ’ ਸਰਕਾਰ ਦੇ ਸ਼ਾਸਨ ’ਚ ਹੋ ਰਿਹਾ ਹੈ। ਉਨ੍ਹਾਂ ਨੇ ਮਾਨਸਾ ’ਚ ’ਨਸ਼ੇ ਰੋਕੋ, ਰੁਜ਼ਗਾਰ ਦਿਓ’ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ’ਤੇ ਗੋਲੀਬਾਰੀ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਇਹ ਘਟਨਾ ਫੇਸਬੁੱਕ ਲਾਈਵ ’ਤੇ ਸਪੱਸ਼ਟ ਤੌਰ ’ਤੇ ਦਿਖਾਈ ਦੇ ਰਹੀ ਸੀ। ਗਾਂਧੀ ਨੇ ਸੰਗਰੂਰ ਦੀ ਇਕ ਹੋਰ ਘਟਨਾ ਦਾ ਜ਼ਿਕਰ ਕੀਤਾ, ਜਿਸ ’ਚ ਕਿਹਾ ਗਿਆ ਕਿ ਮਜ਼ਦੂਰ ਗੁਲਜ਼ਾਰ ਸਿੰਘ ਨੇ ਇਕ ਮੰਤਰੀ ਦੇ ਸਾਹਮਣੇ ਪਿੰਡ ’ਚ ਨਸ਼ੇ ਦੀ ਦੁਰਵਰਤੋਂ ਦਾ ਮੁੱਦਾ ਚੁੱਕਿਆ ਸੀ ਅਤੇ ਬਾਅਦ ’ਚ ਮੁਆਫੀ ਮੰਗਣ ਲਈ ਦਬਾਅ ਬਣਾਇਆ ਗਿਆ, ਜਿਸ ਕਾਰਨ ਉਸ ਨੇ ਆਪਣੀ ਜਾਨ ਦੇ ਦਿੱਤੀ। ਉਨ੍ਹਾਂ ਨੇ ਸੰਗਰੂਰ ਦੀ ਇਕ ਹੋਰ ਘਟਨਾ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਬੋਲਣ ਵਾਲੇ ਮੋਹਨਜੀਤ ਸਿੰਘ ਨੂੰ ਹਿਰਾਸਤ ’ਚ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਸੀ ਅਤੇ ਇਹ ਮਾਮਲਾ ਹੁਣ ਹਾਈ ਕੋਰਟ ’ਚ ਹੈ।

Leave a Reply

Your email address will not be published. Required fields are marked *