ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਵੀਡਨ ਵਿੱਚ ਐਰਿਕਸਨ ਅਤੇ ਟਰੂਕਾਲਰ ਦੇ ਹੈਡਕੁਆਰਟਰ ਦਾ ਕੀਤਾ ਦੌਰਾ
ਸੰਚਾਰ ਦੀਆਂ ਨਵੀਨਤਮ ਤਕਨੀਕਾਂ, ਐਮਰਜੈਂਸੀ ਰੋਬੋਟਿਕਸ ਅਤੇ ਸਪੈਮ ਕਾਲਾਂ ਨੂੰ ਕੰਟਰੋਲ ਕਰਨ ਵਾਲੇ ਤੰਤਰ ਦਾ ਕੀਤਾ ਡੂੰਘਾਈ ਨਾਲ ਅਧਿਐਨ
ਪੰਚਕੂਲਾ 16 ਅਕਤੂਬਰ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਵੀਡਨ ਦੇ ਸਟਾਕਹੋਮ ਸਥਿਤ ਵਿਸ਼ਵ ਪ੍ਰਸਿੱਧ ਦੂਰਸੰਚਾਰ ਕੰਪਨੀ ਐਰਿਕਸਨ (5ricsson) ਅਤੇ ਕਾਲ ਦੀ ਪਛਾਣ ਕਰਨ ਵਾਲੀ ਕੰਪਨੀ ਟਰੂਕਾਲਰ (“ruecaller) ਦੇ ਹੈਡਕੁਆਰਟਰ ਦਾ ਦੌਰਾ ਕੀਤਾ। ਇਸ ਮਹੱਤਵਪੂਰਨ ਦੌਰੇ ਦੌਰਾਨ ਕੈਬਨਿਟ ਮੰਤਰੀ ਸ੍ਰੀ ਵਿਪੁਲ ਗੋਇਲ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ। ਐਰਿਕਸਨ ਦੇ ਹੈਡਕੁਆਰਟਰ ਵਿਖੇ ਮੁੱਖ ਮੰਤਰੀ ਨੇ ਸੰਚਾਰ ਖੇਤਰ ਦੀਆਂ ਨਵੀਨਤਮ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਵਿਸ਼ੇਸ਼ ਤੌਰ ’ਤੇ ਦੁਰਲੱਭ ਅਤੇ ਦੁਰਗਮ ਸਥਾਨਾਂ ’ਤੇ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਵਿਕਸਿਤ ਕੀਤੀ ਜਾ ਰਹੀ ਰੋਬੋਟਿਕਸ ਤਕਨੀਕ ਦੀ ਕਾਰਜਪ੍ਰਣਾਲੀ ਦਾ ਉਨ੍ਹਾਂ ਨੇ ਸਿੱਧਾ ਨਿਰੀਖਣ ਕੀਤਾ। ਮੁੱਖ ਮੰਤਰੀ ਨੇ ਇਨ੍ਹਾਂ ਉੱਨਤ ਤਕਨੀਕਾਂ ਨੂੰ ਹਰਿਆਣਾ ਦੀ ਸੰਚਾਰ ਵਿਵਸਥਾ ਅਤੇ ਆਫ਼ਤ ਪ੍ਰਬੰਧਨ ਪ੍ਰਣਾਲੀ ਵਿੱਚ ਅਪਣਾਉਣ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਟਰੂਕਾਲਰ ਦੇ ਹੈਡਕੁਆਰਟਰ ਦਾ ਦੌਰਾ ਕੀਤਾ, ਜਿੱਥੇ ਕੰਪਨੀ ਦੇ ਸਹਿ-ਸੰਸਥਾਪਕ ਸ੍ਰੀ ਐਲਨ ਮਾਮੇਦੀ ਨਾਲ ਵਿਸਥਾਰਪੂਰਵਕ ਮੀਟਿੰਗ ਹੋਈ। ਮੀਟਿੰਗ ਦੌਰਾਨ ਟਰੂਕਾਲਰ ਦੀ ਕਾਰਜਪ੍ਰਣਾਲੀ, ਸਪੈਮ ਕਾਲਾਂ ਦੀ ਪਛਾਣ ਕਰਨ ਵਾਲੇ ਤੰਤਰ ਅਤੇ ਧੋਖਾਧੜੀ ਵਾਲੀਆਂ ਕਾਲਾਂ (6raud 3alls) ਅਤੇ ਥਰਡ ਪਾਰਟੀ ਕਾਲਾਂ ਤੋਂ ਸੁਰੱਖਿਆ ਦੇ ਉਪਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ ਗਈ।
ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਸਾਲ 2025 ਵਿੱਚ ਭਾਰਤ ਵਿੱਚ ਲਗਭਗ 770 ਕਰੋੜ ਸਪੈਮ ਕਾਲਾਂ ਦੀ ਪਛਾਣ ਕੀਤੀ ਗਈ ਹੈ। ਇਸ ਦੌਰਾਨ ਫਰਾਡ ਕਾਲਾਂ ਅਤੇ ਥਰਡ ਪਾਰਟੀ ਕਾਲਾਂ ਨਾਲ ਸਬੰਧਤ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਲਈ ਉਪਾਵਾਂ ਬਾਰੇ ਡੂੰਘਾਈ ਨਾਲ ਚਰਚਾ ਹੋਈ। ਮੁੱਖ ਮੰਤਰੀ ਨੇ ਡਿਜੀਟਲ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਅਤੇ ਆਮ ਨਾਗਰਿਕਾਂ ਨੂੰ ਸਪੈਮ ਅਤੇ ਫਰਾਡ ਕਾਲਾਂ ਤੋਂ ਬਚਾਉਣ ਲਈ ਟਰੂਕਾਲਰ ਵਰਗੀਆਂ ਤਕਨੀਕਾਂ ਦੀ ਪ੍ਰਭਾਵੀ ਵਰਤੋਂ ’ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਐਨਵੈਕ (5nvac) ਦੀ ਵੇਸਟ ਮੈਨੇਜਮੈਂਟ ਸਹੂਲਤ ਦਾ ਵੀ ਨਿਰੀਖਣ ਕੀਤਾ ਅਤੇ ਆਧੁਨਿਕ ਵੇਸਟ ਪ੍ਰਬੰਧਨ ਪ੍ਰਣਾਲੀ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਹਰਿਆਣਾ ਦੇ ਸ਼ਹਿਰਾਂ ਵਿੱਚ ਸਫ਼ਾਈ ਅਤੇ ਵਾਤਾਵਰਣ ਦੀ ਸੰਭਾਲ ਲਈ ਇਸ ਤਕਨੀਕ ਨੂੰ ਅਪਣਾਉਣ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕੀਤਾ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਨ੍ਹਾਂ ਦੌਰਿਆਂ ਨੂੰ ਹਰਿਆਣਾ ਦੀ ਡਿਜੀਟਲ ਅਤੇ ਤਕਨੀਕੀ ਤਰੱਕੀ ਲਈ ਮਹੱਤਵਪੂਰਨ ਦੱਸਿਆ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ਦੀਆਂ ਉੱਨਤ ਤਕਨੀਕਾਂ ਨੂੰ ਸੂਬੇ ਵਿੱਚ ਲਾਗੂ ਕਰਕੇ ਸੰਚਾਰ ਵਿਵਸਥਾ ਨੂੰ ਹੋਰ ਵੀ ਸੁਰੱਖਿਅਤ, ਕੁਸ਼ਲ ਅਤੇ ਆਧੁਨਿਕ ਬਣਾਇਆ ਜਾਵੇਗਾ। ਸਪੈਮ ਅਤੇ ਫਰਾਡ ਕਾਲਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਪ੍ਰਭਾਵੀ ਕਦਮ ਚੁੱਕੇ ਜਾਣਗੇ ਅਤੇ ਆਫ਼ਤ ਪ੍ਰਬੰਧਨ ਵਿੱਚ ਰੋਬੋਟਿਕਸ ਤਕਨੀਕ ਦੀ ਵਰਤੋਂ ਵਧਾਉਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

