ਆਓ ਸਭ ਮਿਲ ਕੇ ਪੰਜਾਬ ਨੂੰ ਸੱਭਿਅਕ ਅਤੇ ਸ਼ਾਨਦਾਰ ਸੂਬੇ ਵਜੋਂ ਫਿਰ ਤੋਂ ਘੜਨ ਦਾ ਕੰਮ ਕਰੀਏ : ਨਾਇਬ ਸਿੰਘ ਸੈਣੀ
ਪੰਜਾਬ ਦੇ ਫਗਵਾੜਾ ਵਿੱਚ ਸ਼੍ਰੀ ਵਿਸ਼ਵਕਰਮਾ ਪੂਜਾ ਮਹੋਉਤਸਵ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਆਪਣੇ ਸੰਬੋਧਨ ਵਿੱਚ ਦਿੱਤਾ ਸੱਦਾ
ਗੋਵਰਧਨ ਪੂਜਾ ਅਤੇ ਭਗਵਾਨ ਵਿਸ਼ਵਕਰਮਾ ਪੂਜਾ ਦੀ ਦਿੱਤੀ ਵਧਾਈ d ਸਵਾਲ ਕੀਤਾ, ਜੋ ਹਰਿਆਣਾ ਵਿੱਚ ਹੋ ਸਕਦਾ ਹੈ, ਉਹ ਪੰਜਾਬ ਵਿੱਚ ਕਿਉਂ ਨਹੀਂ ਹੋ ਸਕਦਾ?
ਪੰਚਕੂਲਾ 9 ਨਵੰਬਰ (ਸਤੀਸ਼ ਮੰਗਲਾ, ਅੰਮ੍ਰਿਤਪਾਲ ਸਿੰਘ) ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਆਓ ਸਭ ਮਿਲ ਕੇ ਪੰਜਾਬ ਨੂੰ ਨਸ਼ਾਮੁਕਤ ਕਰੀਏ ਅਤੇ ਇੱਕ ਕੁਸ਼ਲ ਕਾਰੀਗਰ ਦੀ ਤਰ੍ਹਾਂ ਇਸ ਨੂੰ ਸੱਭਿਅਕ ਅਤੇ ਸ਼ਾਨਦਾਰ ਸੂਬੇ ਵਜੋਂ ਫਿਰ ਤੋਂ ਘੜਨ ਦਾ ਕੰਮ ਕਰੀਏ। ਸ਼੍ਰੀ ਸੈਣੀ ਅੱਜ ਪੰਜਾਬ ਦੇ ਫਗਵਾੜਾ ਵਿੱਚ ਸ਼੍ਰੀ ਵਿਸ਼ਵਕਰਮਾ ਪੂਜਾ ਮਹੋਤਸਵ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ’ਤੇ ਸੰਸਦ ਮੈਂਬਰ ਸ਼੍ਰੀ ਅਸ਼ੋਕ ਮਿੱਤਲ, ਸਾਬਕਾ ਕੇਂਦਰੀ ਮੰਤਰੀ ਸ਼੍ਰੀ ਵਿਜੇ ਸਾਂਪਲਾ ਅਤੇ ਸੋਮਪ੍ਰਕਾਸ਼ ਤੋਂ ਇਲਾਵਾ ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਿਰ ਕਮੇਟੀ ਦੇ ਪ੍ਰਧਾਨ ਸ਼੍ਰੀ ਪ੍ਰਦੀਪ ਧੀਮਾਨ, ਉਪ ਪ੍ਰਧਾਨ ਸ਼੍ਰੀ ਸੁਰਿੰਦਰ ਧੀਮਾਨ ਅਤੇ ਗੁਰਮੱਖ ਸਿੰਘ ਨਾਮਧਾਰੀ ਸਮੇਤ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ। ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ 116 ਸਾਲ ਪੁਰਾਣੇ ਇਤਿਹਾਸਕ ਮੰਦਿਰ ਵਿੱਚ ਭਗਵਾਨ ਸ਼੍ਰੀ ਵਿਸ਼ਵਕਰਮਾ ਦੇ ਚਰਨਾਂ ਵਿੱਚ ਸੀਸ ਨਿਵਾ ਕੇ ਗੋਵਰਧਨ ਪੂਜਾ ਅਤੇ ਭਗਵਾਨ ਵਿਸ਼ਵਕਰਮਾ ਪੂਜਾ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗੋਵਰਧਨ ਪਰਬਤ ਚੁੱਕ ਕੇ ਸਮਾਜ ਦੀ ਰੱਖਿਆ ਕੀਤੀ, ਅਤੇ ਭਗਵਾਨ ਵਿਸ਼ਵਕਰਮਾ ਨੇ ਦੁਆਰਕਾ ਵਸਾ ਕੇ ਉਸੇ ਸਮਾਜ ਨੂੰ ਘਰ ਦਿੱਤਾ। ਇੱਕ ਨੇ ਰੱਖਿਆ ਕੀਤੀ, ਦੂਜੇ ਨੇ ਰਚਨਾ ਕੀਤੀ ਅਤੇ ਰੱਖਿਆ ਤੇ ਰਚਨਾ, ਇਹੀ ਭਾਰਤ ਦੀ ਸੰਸਕ੍ਰਿਤੀ ਹੈ। ਉਨ੍ਹਾਂ ਮੰਦਿਰ ਕਮੇਟੀ ਵੱਲੋਂ ਕਰਵਾਏ ਜਾ ਰਹੇ ਭਲਾਈ ਕੰਮਾਂ ਦੀ ਸ਼ਲਾਘਾ ਕੀਤੀ।
ਸ਼੍ਰੀ ਸੈਣੀ ਨੇ ਸਿਹਤ ਦੇ ਖੇਤਰ ਵਿੱਚ ਹਰਿਆਣਾ ਸਰਕਾਰ ਵੱਲੋਂ ਸੂਬੇ ਵਿੱਚ ਕੀਤੇ ਗਏ ਸੁਧਾਰਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਅਤੇ ਦੱਸਿਆ ਕਿ ਪੂਰੇ ਪ੍ਰਦੇਸ਼ ਵਿੱਚ ਜਿੱਥੇ ਗ਼ਰੀਬ ਮਰੀਜ਼ਾਂ ਦਾ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਡਾਇਲਸਿਸ ਕਰਵਾਇਆ ਜਾ ਰਿਹਾ ਹੈ, ਉੱਥੇ ਹੀ ਸਿਲਿਕੋਸਿਸ ਪੀੜਤ ਮਜ਼ਦੂਰਾਂ ਲਈ ਮੁੜ-ਵਸੇਬਾ ਨੀਤੀ ਬਣਾਉਣ ਵਾਲਾ ਦੇਸ਼ ਦਾ ਪਹਿਲਾ ਰਾਜ ਵੀ ਹਰਿਆਣਾ ਹੀ ਬਣਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਗ਼ਰੀਬ ਕਾਰੀਗਰ ਕੋਲ ਬੈਂਕ ਤੋਂ ਕਰਜ਼ਾ ਲੈਂਦੇ ਵਕਤ ਹੁਨਰ ਦੇ ਸਿਵਾਏ ਕੋਈ ਗਰੰਟੀ ਨਹੀਂ ਹੁੰਦੀ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਪੀ.ਐੱਮ. ਵਿਸ਼ਵਕਰਮਾ ਯੋਜਨਾ ਨਾਲ ਉਸੇ ਹੁਨਰ ਨੂੰ ਗਰੰਟੀ ਬਣਾ ਦਿੱਤਾ। ਇਸ ਯੋਜਨਾ ਤਹਿਤ 500 ਰੁਪਏ ਰੋਜ਼ਾਨਾ ਦੇ ਭੱਤੇ ਨਾਲ ਸਿਖਲਾਈ, 15 ਹਜ਼ਾਰ ਰੁਪਏ ਤੱਕ ਦੀ ਟੂਲਕਿੱਟ ਅਤੇ ਬਿਨਾਂ ਗਰੰਟੀ 3 ਲੱਖ ਰੁਪਏ ਤੱਕ ਦਾ ਕਰਜ਼ਾ ਸਿਰਫ਼ 5 ਪ੍ਰਤੀਸ਼ਤ ਵਿਆਜ ’ਤੇ ਦੇਣਾ ਸ਼ੁਰੂ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਹਰਿਆਣਾ ਸਰਕਾਰ ਨੇ ਇਸ ਵਿੱਚ ਮੁੱਖ ਮੰਤਰੀ ਵਿਸ਼ਵਕਰਮਾ ਸਨਮਾਨ ਯੋਜਨਾ ਤਹਿਤ 5 ਹਜ਼ਾਰ ਰੁਪਏ ਆਪਣੇ ਵੱਲੋਂ ਜੋੜੇ। ਚਾਰ ਸਾਲ ਦਾ ਟੀਚਾ ਦੋ ਸਾਲ ਵਿੱਚ ਪੂਰਾ ਹੋਇਆ। ਹੁਣ ਤੱਕ 30 ਲੱਖ ਕਾਰੀਗਰ ਇਸ ਯੋਜਨਾ ਨਾਲ ਜੁੜ ਚੁੱਕੇ ਹਨ। ਸ਼੍ਰੀ ਨਾਇਬ ਸਿੰਘ ਸੈਣੀ ਨੇ ਬੱਚਿਆਂ ਦੀ ਪੜ੍ਹਾਈ ਨੂੰ ਦੇਸ਼ ਦੇ ਭਵਿੱਖ ਦੀ ਨੀਂਹ ਦੱਸਦਿਆਂ ਕਿਹਾ ਕਿ ਹਰਿਆਣਾ ਸਰਕਾਰ ਨੇ ਪੱਛੜੇ ਵਰਗ ਦੇ ਬੱਚਿਆਂ ਨੂੰ ਦੇਸ਼ ਵਿੱਚ ਪੜ੍ਹਾਈ ਕਰਨ ਲਈ 15 ਲੱਖ ਅਤੇ ਵਿਦੇਸ਼ ਵਿੱਚ 20 ਲੱਖ ਰੁਪਏ ਤੱਕ ਦਾ ਸਿੱਖਿਆ ਕਰਜ਼ਾ ਦੇਣ ਦਾ ਪ੍ਰਬੰਧ ਕੀਤਾ । ਇਸ ਵਿੱਚ ਮੁੰਡਿਆਂ ਨੂੰ ਸਿਰਫ਼ 4 ਪ੍ਰਤੀਸ਼ਤ ਵਿਆਜ ’ਤੇ ਜਦੋਂਕਿ ਧੀਆਂ ਨੂੰ 3.5 ਪ੍ਰਤੀਸ਼ਤ ਦਰ ’ਤੇ ਕਰਜ਼ਾ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਕੰਮ ਦੌਰਾਨ ਹਾਦਸੇ ਵਿੱਚ ਮਜ਼ਦੂਰ ਦੀ ਮੌਤ ’ਤੇ ਉਸਦੇ ਆਸ਼ਰਿਤਾਂ ਨੂੰ 5 ਲੱਖ ਰੁਪਏ ਤੱਕ ਦੀ ਸਹਾਇਤਾ ਦਿੱਤੀ ਜਾਂਦੀ ਹੈ। ਪੰਚਾਇਤਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਪੱਛੜੇ ਵਰਗ-ਏ ਨੂੰ 8 ਪ੍ਰਤੀਸ਼ਤ ਅਤੇ ਪੱਛੜੇ ਵਰਗ-ਬੀ ਨੂੰ 5 ਪ੍ਰਤੀਸ਼ਤ ਰਾਖਵਾਂਕਰਨ ਦੇ ਕੇ ਅਸੀਂ ਇਸ ਸਮਾਜ ਨੂੰ ਫ਼ੈਸਲੇ ਦੀ ਕੁਰਸੀ ਤੱਕ ਪਹੁੰਚਾਇਆ ਹੈ। ਕਰੀਮੀ ਲੇਅਰ ਦੀ ਹੱਦ ਵੀ 6 ਲੱਖ ਤੋਂ ਵਧਾ ਕੇ 8 ਲੱਖ ਰੁਪਏ ਕੀਤੀ ਗਈ ਹੈ। ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੀ ਮੌਜੂਦਾ ਸਰਕਾਰ ’ਤੇ ਤੰਜ ਕੱਸਦਿਆਂ ਕਿਹਾ ਕਿ ਪੰਜਾਬ ਸਾਡਾ ਵੱਡਾ ਭਰਾ ਹੈ। ਜੋ ਹਰਿਆਣਾ ਵਿੱਚ ਹੋ ਸਕਦਾ ਹੈ, ਉਹ ਪੰਜਾਬ ਵਿੱਚ ਕਿਉਂ ਨਹੀਂ ਹੋ ਸਕਦਾ? ਬਿਲਕੁਲ ਹੋ ਸਕਦਾ ਹੈ। ਬੱਸ ਨੀਅਤ ਚਾਹੀਦੀ ਹੈ, ਨੀਤੀ ਚਾਹੀਦੀ ਹੈ ਅਤੇ ਜਨਤਾ ਪ੍ਰਤੀ ਸਮਰਪਣ ਚਾਹੀਦਾ ਹੈ। ਪਰ ਪੰਜਾਬ ਸਰਕਾਰ ਦੇ ਮੁਖੀ ਤਾਂ ਚੁਟਕਲਿਆਂ ਨਾਲ ਲੋਕਾਂ ਨੂੰ ਭਰਮਾਉਣਾ ਚਾਹੁੰਦੇ ਹਨ ਨਾ ਕਿ ਆਪਣੇ ਚੋਣ ਵਾਅਦੇ ਪੂਰੇ ਕਰਕੇ। ਉਨ੍ਹਾਂ ਹਰਿਆਣਾ ਸਰਕਾਰ ਦੀ ਲਾਡਲੀ ਯੋਜਨਾ, ਚਿਰਾਯੂ ਯੋਜਨਾ ਅਤੇ ਖੇਡ ਨੀਤੀ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਲੋਕ ਆਉਣ ਵਾਲੀਆਂ ਚੋਣਾਂ ਵਿੱਚ ਨਵ-ਸਿਰਜਣ ਦਾ ਸੰਕਲਪ ਲੈਣ ਤਾਂ ਸਾਲ 2029 ਤੱਕ ਇਸ ਪ੍ਰਦੇਸ਼ ਨੂੰ ਨਸ਼ਾ ਮੁਕਤ ਬਣਾ ਸਕਦੇ ਹਨ, ਜਿਵੇਂ ਕੇਂਦਰੀ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਆਪਣੇ ਹਾਲੀਆ ਪੰਜਾਬ ਦੇ ਦੌਰੇ ਦੌਰਾਨ ਕਿਹਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਸਰਕਾਰ ਅਤੇ ਸਮਾਜ ਦੋਵਾਂ ਦੀ ਜ਼ਿੰਮੇਵਾਰੀ ਹੈ। ਹਰਿਆਣਾ ਵਿੱਚ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਪ੍ਰੋਗਰਾਮਾਂ ਅਤੇ ਦੌੜ ਵਰਗੇ ਆਯੋਜਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਵਿੱਚ ਸ਼ਾਮਲ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਜ਼ਰੂਰੀ ਹੈ। ਉਨ੍ਹਾਂ ਪੰਜਾਬ ਵਿੱਚ ਬੇਰੁਜ਼ਗਾਰੀ, ਕਾਨੂੰਨ-ਵਿਵਸਥਾ ਅਤੇ ਨੌਜਵਾਨਾਂ ਦੀ ਸਥਿਤੀ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਸੁਰੱਖਿਅਤ ਰੱਖਣ ਲਈ ਸਾਰਿਆਂ ਨੂੰ ਮਿਲ ਕੇ ਯਤਨ ਕਰਨੇ ਪੈਣਗੇ।

