ਅਗਲੀ ਅਕਾਲੀ ਦਲ ਦੀ ਸਰਕਾਰ ਉਦਯੋਗਾਂ ਨਾਲ ਮਿਲ ਕੇ ਸੋਲਰ ਪਾਰਕ ਬਣਾਏਗੀ ਤਾਂ ਜੋ ਉਹਨਾਂ ਨੂੰ ਸਸਤੀ ਬਿਜਲੀ ਦਿੱਤੀ ਜਾ ਸਕੇ: ਸੁਖਬੀਰ ਸਿੰਘ ਬਾਦਲ
ਇਹ ਵੀ ਐਲਾਨ ਕੀਤਾ ਕਿ ਨਵੇਂ ਫਰਨੇਸ ਉਦਯੋਗਾਂ ਵਿਚ ਨਿਵੇਸ਼ ਕਰਨ ਵਾਲਿਆਂ ਨੂੰ ਸੂਬਾਈ ਜੀ ਐਸ ਟੀ ਰਿਟੇਨ ਕਰਨ ਦਿੱਤਾ ਜਾਵੇਗਾ
ਖੰਨਾ ਵਿਖੇ ਉਦਯੋਗਪਤੀਆਂ ਨਾਲ ਕੀਤੀ ਗੱਲਬਾਤ
ਲੋਕਾਂ ਨੂੰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਹੱਕ ’ਚ ਵੋਟਾਂ ਪਾਉਣ ਦੀ ਕੀਤੀ ਅਪੀਲ, ਕਿਹਾ ਕਿ ਉਹਨਾਂ ਦੀਆਂ ਸਾਰੀਆਂ ਤਜਵੀਜ਼ਾਂ ਨੂੰ ਅਕਾਲੀ ਦਲ ਦੀ ਸਰਕਾਰ ਪ੍ਰਵਾਨਗੀ ਦੇਵੇਗੀ
ਮੰਡੀ ਗੋਬਿੰਦਗੜ੍ਹ, 18 ਨਵੰਬਰ: (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਉਦਯੋਗਾਂ ਨਾਲ ਮਿਲ ਕੇ ਸੋਲਰ ਪਾਰਕ ਸਥਾਪਿਤ ਕਰੇਗੀ ਤਾਂ ਜੋ ਉਦਯੋਗਾਂ ਨੂੰ ਸਸਤੀ ਬਿਜਲੀ ਦਿੱਤੀ ਜਾ ਸਕੇ। ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਮੰਡੀ ਗੋਬਿੰਦਗੜ੍ਹ ਵਿਖੇ ਸਿਖ਼ਰਲੇ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ, ਨੇ ਕਿਹਾ ਕਿ ਇਕ ਵਾਰ ਉਦਯੋਗਪਤੀ ਸਰਕਾਰ ਦੇ ਭਾਈਵਾਲ ਬਣ ਗਏ ਤਾਂ ਉਹਨਾਂ ਨੂੰ ਆਪਣੀ ਲੋੜ ਮੁਤਾਬਕ ਹੀ ਨਿਵੇਸ਼ ਕਰਨ ਦੀ ਜ਼ਰੂਰਤ ਪਵੇਗੀ। ਉਹਨਾਂਕਿਹਾ ਕਿ ਅਸੀਂ ਤੁਹਾਨੂੰ ਸ਼ੁਰੂ ਤੋਂ ਹੀ ਆਪਣੀ ਇੰਡਸਟਰੀ ਦੇ ਦਰ ’ਤੇ ਸਸਤੀ ਬਿਜਲੀ ਮਿਲੇਗੀ ਤੇ ਤਿੰਨ ਸਾਲਾਂ ਬਾਅਦ ਤੁਹਾਡੀ ਬਿਜਲੀ ਦੀ ਲਾਗਤ ਜ਼ੀਰੋ ਹੋ ਜਾਵੇਗੀ। ਉਹਨਾਂ ਨੇ ਉਦਯੋਗਾਂ ਦੇ ਪ੍ਰਤੀਨਿਧਾਂ ਨੂੰ ਇਹ ਵੀ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਉਹਨਾਂ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਬਿਜਲੀ ਦੇਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਨਵੇਂ ਫਰਨੇਸ ਮਾਲਕਾਂ ਨੂੰ ਸੂਬਾਈ ਜੀ ਐਸ ਟੀ ਰਿਟੇਨ ਕਰਨ ਦੀ ਆਗਿਆ ਦਿੱਤੀ ਜਾਵੇਗੀ ਤਾਂ ਜੋ ਸੂਬੇ ਵਿਚ ਨਿਵੇਸ਼ ਆਕਰਸ਼ਤ ਕੀਤਾ ਜਾ ਸਕੇ। ਸਰਦਾਰ ਬਾਦਲ ਨੇ ਇਹ ਭਰੋਸਾ ਭਾਰਤ ਭੂਸ਼ਣ ਟੋਨੀ ਤੇ ਹੋਰਨਾਂ ਵੱਲੋਂ ਉਹਨਾਂ ਦੀਆਂ ਉਦਯੋਗਿਕ ਇਕਾਈਆਂ ਗੈਰ ਵਿਹਾਰੀ ਬਣਨ ਤੇ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਵਿਚ ਉਦਯੋਗਾਂ ਵਾਸਤੇ ਬਹੁਤ ਸਸਤੀ ਬਿਜਲੀ ਦਿੱਤੇ ਜਾਣ ਦੀ ਗੱਲ ਚੁੱਕਣ ਤੋਂ ਬਾਅਦ ਦੁਆਇਆ। ਦੋਵਾਂ ਭਰੋਸਿਆਂ ਦਾ ਉਦਯੋਗਿਕ ਪ੍ਰਤੀਨਿਧਾਂ ਨੇ ਭਰਵਾਂ ਸਵਾਗਤ ਕੀਤਾ। ਫਰਨੇਸ ਐਸੋਸੀਏਸ਼ਨ ਦੇ ਸ੍ਰੀ ਗੋਪਾਲ ਸਿੰਘੀ ਨੇ ਦੱਸਿਆ ਕਿ ਕਿਵੇਂ ਅਫਸਰ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ਅਤੇ ਉਹਨਾਂ ਦੀਆਂ ਫੈਕਟਰੀਆਂ ’ਤੇ ਅੱਧੀ ਰਾਤ ਨੂੰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੇ ਨਾਲ-ਨਾਲ ਸਾਰੇ ਉਦਯੋਗਪਤੀਆਂ ਦਾ ਹੌਂਸਲਾ ਪਸਤ ਕੀਤਾ ਜਾ ਰਿਹਾ ਹੈ।
ਸਰਦਾਰ ਬਾਦਲ ਨੇ ਇਹ ਵੀ ਭਰੋਸਾ ਦੁਆਇਆ ਕਿ ਅਕਾਲੀ ਦਲ ਅਜਿਹੇ ਹੱਥਕੰਡਿਆਂ ਵਿਚ ਵਿਸ਼ਵਾਸ ਨਹੀਂ ਰੱਖਦਾ। ਉਹਨਾਂ ਕਿਹਾ ਕਿ ਅਸੀਂ ਕਿਸੇ ਨੂੰ ਕੋਈ ਵੀ ਛਾਪਾ ਨਹੀਂ ਮਾਰਨ ਦਿਆਂਗੇ। ਉਹਨਾਂ ਕਿਹਾ ਕਿ ਮੇਰਾ ਯਤਨ ਹੋਵੇਗਾ ਕਿ ਟੈਕਸ ਘਟਾਏ ਜਾਣ ਤੇ ਮਾਲੀਆ ਵਧਾਇਆ ਜਾਵੇਗਾ ਤੇ ਕੰਮ ਕਰਨ ਦਾ ਤਰੀਕਾ ਸਰਲ ਬਣਾਇਆ ਜਾਵੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਜੀ ਐਸ ਟੀ ਦੇ ਕੰਮਕਾਜ ਵਿਚ ਨੁਕਸ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਤੁਰੰਤ ਦੂਰ ਕੀਤੇ ਜਾਣਗੇ। ਸ੍ਰੀ ਭਾਰਤ ਭੂਸ਼ਣ ਟੋਨੀ ਨੇ ਅਪੀਲ ਕੀਤੀ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਕਬਾੜ ’ਤੇ ਜੀ ਐਸ ਟੀ ਖ਼ਤਮ ਕਰੇ ਤੇ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਕਬਾੜ ’ਤੇ ਵੈਟ ਖ਼ਤਮ ਕੀਤਾ ਸੀ। ਟਰਾਂਸਪੋਰਟ ਯੂਨੀਅਨ ਦੇ ਬਹਾਦਰ ਸਿੰਘ ਨੇ ਦੱਸਿਆ ਕਿ ਆਪ ਸਰਕਾਰ ਨੇ ਕਮਰਸ਼ੀਅਲ ਵਾਹਨਾਂ ’ਤੇ ਟੈਕਸ ਵਧਾ ਦਿੱਤਾ ਹੈ ਅਤੇ ਟਰਾਂਸਪੋਰਟਰਾਂ ਨੂੰ ਪੁਰਾਣੇ ਵਾਹਨਾਂ ਦੇ ਦਸਤਾਵੇਜ਼ ਨਵਿਆਉਣ ’ਤੇ ਮੋਟੀ ਫੀਸ ਅਦਾ ਕਰਨੀ ਪੈਂਦੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਤੋਂ ਪੈਸੇ ਵਸੂਲਣ ਵਾਸਤੇ ਉਹਨਾਂ ਨੂੰ ਭਾਰੀ ਜ਼ੁਰਮਾਨੇ ਲਗਾਏ ਜਾ ਰਹੇ ਹਨ। ਉਦਯੋਗ ਤੇ ਵਪਾਰ ਦੇ ਪ੍ਰਤੀਨਿਧਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਉਹਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਗੱਲ ਦਾ ਸਹੀ ਫੈਸਲਾ ਕਰੇ ਕਿ ਸੂਬੇ ਦੀ ਅਗਵਾਈ ਕੌਣ ਕਰੇ। ਉਹਨਾਂ ਕਿਹਾ ਕਿ ਸਹੀ ਮੁੱਖ ਮੰਤਰੀ ਚੁਣਨਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਤੁਹਾਨੂੰ ਅਜਿਹੇ ਮੁੱਖ ਮੰਤਰੀ ਦੀ ਜ਼ਰੂਰਤ ਹੈ ਜਿਸਦੀ ਸੋਚ ਦੂਰਅੰਦੇਸ਼ੀ ਹੈ। ਉਹਨਾਂ ਕਿਹਾਕਿ ਤੁਸੀਂ ਵੇਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦਿਆਂ ਆਪਣੇ ਘਰ ਵਿਚੋਂ ਹੀ ਬਾਹਰ ਨਹੀਂ ਨਿਕਲਦੇ ਸਨ ਤੇ ਕਾਮੇਡੀਅਨ ਭਗਵੰਤ ਮਾਨ ਨੂੰ ਤਾਂ ਪ੍ਰਸ਼ਾਸਨ ਬਾਰੇ ਪਤਾ ਹੀ ਕੱਖ ਨਹੀਂ। ਉਹਨਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਵੀ ਉਦਾਹਰਣ ਦਿੱਤੀ ਜੋ ਦਾਅਵੇ ਕਰਦੇ ਸਨ ਕਿ ਉਹਨਾਂ ਨੂੰ ਬੱਕਰੀਆਂ ਚੋਣੀਆਂ ਆਉਂਦੀਆਂ ਹਨ। ਉਹਨਾਂ ਕਿਹਾ ਕਿ ਸਾਨੂੰ ਅਜਿਹੇ ਮੁੱਖ ਮੰਤਰੀ ਦੀ ਜ਼ਰੂਰਤ ਹੈ ਜੋ ਪੰਜਾਬ ਵਿਚ ਨਿਵੇਸ਼ ਆਕਰਸ਼ਤ ਕਰ ਸਕੇ ਅਤੇ ਤੇਜ਼ ਰਫਤਾਰ ਵਿਕਾਸ ਯਕੀਨੀ ਬਣਾ ਸਕੇ ਤੇ ਤੁਹਾਡੀਆਂ ਮੁਸ਼ਕਿਲਾਂ ਹੱਲ ਕਰ ਸਕੇ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਹੱਕ ਵਿਚ ਵੋਟਾਂ ਪਾਉਣ ਤੇ ਭਰੋਸਾ ਦੁਆਇਆ ਕਿ ਅਕਾਲੀ ਦਲ ਦੀ ਸਰਕਾਰ ਵਿਚ ਉਹਨਾਂ ਦੀਆਂ ਸਾਰੀਆਂ ਤਜਵੀਜ਼ਾਂ ਪ੍ਰਵਾਨ ਕੀਤੀਆਂ ਜਾਣਗੀਆਂ।

