ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਗੋਧਰਾ ਰੇਲਗੱਡੀ ਸਾੜਨ ਦੇ ਦੋਸ਼ੀ ਦੀ ਉਮਰ ਕੈਦ ਦੀ ਸਜ਼ਾ ਕੀਤੀ ਮੁਅੱਤਲ

18 ਸਾਲਾਂ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਬੰਦ ਹੈ ਦੋਸ਼ੀ

ਨਵੀਂ ਦਿੱਲੀ, (ਮਧੂਸਾਰ ਬਿਊਰੋ) ਸੁਪਰੀਮ ਕੋਰਟ ਨੇ ਸੋਮਵਾਰ ਨੂੰ 2002 ਦੇ ਗੋਧਰਾ ਸਾਬਰਮਤੀ ਐਕਸਪ੍ਰੈੱਸ ਰੇਲਗੱਡੀ ਸਾੜਨ ਦੇ ਮਾਮਲੇ ਦੇ ਦੋਸ਼ੀ ਇਰਫਾਨ ਸਿਰਾਜ ਪਾਡਾ ਦੀ ਉਮਰ ਕੈਦ ਦੀ ਸਜ਼ਾ ਮੁਅੱਤਲ ਕਰ ਦਿੱਤੀ ਹੈ। ਅਦਾਲਤ ਨੇ ਨੋਟ ਕੀਤਾ ਕਿ ਉਹ 18 ਸਾਲਾਂ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਬੰਦ ਹੈ ਅਤੇ ਕਈ ਬਿਮਾਰੀਆਂ ਤੋਂ ਪੀੜਤ ਹੈ। ਜਸਟਿਸ ਐੱਮ ਐੱਮ ਸੁੰਦਰੇਸ਼ ਅਤੇ ਜਸਟਿਸ ਪੀ ਬੀ ਵਰਾਲੇ ਦੇ ਬੈਂਚ ਨੇ ਕਿਹਾ, “ਅਸੀਂ ਮੈਡੀਕਲ ਆਧਾਰ ‘ਤੇ ਪਟੀਸ਼ਨਰ ਦੀ ਸਜ਼ਾ ਮੁਅੱਤਲ ਕਰਨ ਦੇ ਹੱਕ ਵਿੱਚ ਹਾਂ।” ਇਸ ਨੂੰ ਇੱਕ ਬਹੁਤ ਹੀ ਗੰਭੀਰ ਮਾਮਲਾ ਦੱਸਦਿਆਂ ਗੁਜਰਾਤ ਸਰਕਾਰ ਦੇ ਵਕੀਲ ਨੇ ਪੁਸ਼ਟੀ ਕੀਤੀ ਕਿ ਪਟੀਸ਼ਨਰ ਵੱਲੋਂ ਆਪਣੀ ਡਾਕਟਰੀ ਸਥਿਤੀ ਬਾਰੇ ਕੀਤੇ ਗਏ ਦਾਅਵੇ ਤੱਥਾਂ ਦੇ ਆਧਾਰ ‘ਤੇ ਸਹੀ ਹਨ ਅਤੇ ਉਨ੍ਹਾਂ ਨੂੰ ਮੈਡੀਕਲ ਆਧਾਰ ‘ਤੇ ਪਾਡਾ ਦੀ ਸਜ਼ਾ ਮੁਅੱਤਲ ਕੀਤੇ ਜਾਣ ‘ਤੇ ਕੋਈ ਇਤਰਾਜ਼ ਨਹੀਂ ਹੈ। ਇਸ ਤੋਂ ਪਹਿਲਾਂ, ਇਰਫਾਨ ਨੂੰ 2025 ਵਿੱਚ ਅੰਤਰਿਮ ਪੈਰੋਲ ਦਿੱਤੀ ਗਈ ਸੀ ਤਾਂ ਜੋ ਸੂਬਾ ਸਰਕਾਰ ਉਸ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਅਪੀਲ ‘ਤੇ ਵਿਚਾਰ ਕਰ ਸਕੇ। ਜ਼ਿਕਰਯੋਗ ਹੈ ਕਿ 27 ਫਰਵਰੀ, 2002 ਨੂੰ ਗੁਜਰਾਤ ਦੇ ਗੋਧਰਾ ਵਿਖੇ ਅਯੁੱਧਿਆ ਤੋਂ ਕਾਰ ਸੇਵਕਾਂ ਨੂੰ ਲੈ ਕੇ ਆ ਰਹੀ ਸਾਬਰਮਤੀ ਐਕਸਪ੍ਰੈੱਸ ਦੇ ਐੱਸ-6 (S-6) ਕੋਚ ਨੂੰ ਅੱਗ ਲਾ ਦਿੱਤੇ ਜਾਣ ਕਾਰਨ 59 ਲੋਕ ਮਾਰੇ ਗਏ ਸਨ, ਜਿਸ ਤੋਂ ਬਾਅਦ ਗੁਜਰਾਤ ਵਿੱਚ ਦੰਗੇ ਭੜਕ ਉੱਠੇ ਸਨ।

ਮਾਰਚ 2011 ਵਿੱਚ ਹੇਠਲੀ ਅਦਾਲਤ (ਟ੍ਰਾਇਲ ਕੋਰਟ) ਨੇ 31 ਮੁਲਜ਼ਮਾਂ ਨੂੰ ਦੋਸ਼ੀ ਠਹਿਰਾਉਂਦਿਆਂ ਉਨ੍ਹਾਂ ਵਿੱਚੋਂ 11 ਨੂੰ ਮੌਤ ਦੀ ਸਜ਼ਾ ਅਤੇ ਬਾਕੀ 20 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਜਦਕਿ 63 ਹੋਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਸੀ। 2017 ਵਿੱਚ ਗੁਜਰਾਤ ਹਾਈ ਕੋਰਟ ਨੇ 11 ਦੋਸ਼ੀਆਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਸੀ ਅਤੇ ਬਾਕੀ 20 ਦੋਸ਼ੀਆਂ ਦੀ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਦੋਸ਼ੀਆਂ ਨੇ 2018 ਵਿੱਚ ਹਾਈ ਕੋਰਟ ਦੇ ਇਸ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ। ਮਈ 2022 ਵਿੱਚ ਸਿਖਰਲੀ ਅਦਾਲਤ ਨੇ ਇਸ ਮਾਮਲੇ ਦੇ ਇੱਕ ਦੋਸ਼ੀ ਅਬਦੁਲ ਰਹਿਮਾਨ ਧੰਤੀਆ ਨੂੰ ਇਸ ਆਧਾਰ ‘ਤੇ ਛੇ ਮਹੀਨਿਆਂ ਦੀ ਅੰਤਰਿਮ ਜ਼ਮਾਨਤ ਦਿੱਤੀ ਸੀ ਕਿ ਉਸ ਦੀ ਪਤਨੀ ਆਖ਼ਰੀ ਪੜਾਅ ਦੇ ਕੈਂਸਰ ਤੋਂ ਪੀੜਤ ਸੀ। ਦਸੰਬਰ 2022 ਵਿੱਚ ਅਦਾਲਤ ਨੇ 17 ਸਾਲਾਂ ਤੋਂ ਵੱਧ ਸਮਾਂ ਜੇਲ੍ਹ ਵਿੱਚ ਬਿਤਾ ਚੁੱਕੇ ਦੋਸ਼ੀ ਫਾਰੂਕ ਨੂੰ ਜ਼ਮਾਨਤ ਦਿੱਤੀ ਸੀ, ਜਦਕਿ ਅਪਰੈਲ 2023 ਵਿੱਚ ਸਿਖਰਲੀ ਅਦਾਲਤ ਨੇ ਅੱਠ ਹੋਰ ਦੋਸ਼ੀਆਂ ਨੂੰ ਵੀ ਜ਼ਮਾਨਤ ਦੇ ਦਿੱਤੀ ਸੀ।

Leave a Reply

Your email address will not be published. Required fields are marked *