ਹਿਮਾਚਲ ਪ੍ਰਦੇਸ਼ ’ਚ ਅੰਮ੍ਰਿਤਧਾਰੀ ਵਿਦਿਆਰਥੀ ਨੂੰ ਪ੍ਰੀਖਿਆ ’ਚ ਰੋਕਣਾ ਵਿਤਕਰੇ ਪੂਰਨ ਹੈ: ਬਾਬਾ ਬਲਬੀਰ ਸਿੰਘ 96 ਕਰੋੜੀ
ਅੰਮ੍ਰਿਤਸਰ:- 28 ਨਵੰਬਰ (ਮਧੂਸਾਰ ਬਿਊਰੋ) ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਹਿਮਾਚਲ ਪਦੇਸ਼ ਦੇ ਊਨਾ ਜ਼ਿਲ੍ਹਾ ’ਚ ਪਟਵਾਰੀ ਭਰਤੀ ਲਈ ਟੈਸਟ ਦੌਰਾਨ ਸਿੱਖ ਵਿਦਿਆਰਥੀ ਬੀਬੀ ਰਾਜਵਿੰਦਰ ਕੌਰ ਨੂੰ ਸਿੱਖ ਕਕਾਰ ਪਹਿਨੇ ਹੋਣ ਕਾਰਨ ਦਾਖਲ ਹੋਣ ਤੋਂ ਰੋਕਣ ਤੇ ਸਖ਼ਤ ਇਤਰਾਜ ਜਤਾਉਂਦਿਆਂ ਕਿਹਾ ਕਿ ਸਿੱਖਾਂ ਨਾਲ ਅਜਿਹਾ ਵਿਤਕਰਾ ਸਹਿਣਯੋਗ ਨਹੀਂ ਹੈ ਅਤੇ ਨਾ ਹੀ ਸੰਵਿਧਾਨ ਅਜਿਹਾ ਕਰਨ ਦੀ ਆਗਿਆ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਕਕਾਰ ਧਾਰਨ ਕਰਨ ਤੋਂ ਰੋਕਨਾ ਜਿਥੇ ਬੇਇਨਸਾਫੀ ਹੈ ਉਥੇ ਸਿੱਖਾਂ ਦੀ ਮਾਨਸਿਕਤਾ ਨੂੰ ਭਾਰੀ ਸਟ ਮਾਰਨ ਦੀਆਂ ਇਹ ਕੋਝੀਆਂ ਹਰਕਤਾਂ ਹਨ। ਉਨ੍ਹਾਂ ਕਿਹਾ ਬੱਚੀ ਰਾਜਵਿੰਦਰ ਕੌਰ ਗੁਰਸਿੱਖ ਪ੍ਰੀਵਾਰ ਦੀ ਅੰਮ੍ਰਿਤਧਾਰੀ ਮੈਂਬਰ ਹੈ। ਉਹ ਹਿਮਾਚਲ ਪਦੇਸ਼ ਦੇ ਊਨਾ ਜ਼ਿਲ੍ਹਾ ’ਚ ਪਟਵਾਰੀ ਭਰਤੀ ਲਈ ਟੈਸਟ ਦੇਣ ਗਈ ਸੀ ਪਰ ਅੰਮ੍ਰਿਤਧਾਰੀ ਹੋਣ ਕਾਰਨ ਉਸ ਨੂੰ ਇਮਤਿਹਾਨ ਵਿੱਚ ਜਾਣ ਨਹੀਂ ਦਿਤਾ ਗਿਆ। ਉਨ੍ਹਾਂ ਕਿਹਾ ਕੇਂਦਰ ਸਰਕਾਰ ਅਤੇ ਹਿਮਾਚਲ ਸਰਕਾਰ ਨੂੰ ਵੀ ਇਸ ਵਿਤਕਰੇ ਪੂਰਨ ਵਿਵਹਾਰ ਨੂੰ ਰੋਕਣ ਅਤੇ ਰਾਜਵਿੰਦਰ ਕੌਰ ਨੂੰ ਮੁੜ ਏਸੇ ਪ੍ਰਿਖਿਆ ਵਿਚ ਦਾਖਲ ਹੋਣ ਦੀ ਆਗਿਆ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਇਹ ਮਾਮਲਾ ਸੰਵੇਦਨਸ਼ੀਲ ਤੇ ਗੰਭੀਰ ਹੈ। ਇਸ ਤਰ੍ਹਾਂ ਦਾ ਸਲੂਕ ਸਿੱਖਾਂ ਅੰਦਰ ਰੋਸ ਤੇ ਰੋਹ ਪੈਦਾ ਕਰਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੇ ਬਖਸ਼ੇ ਕਰਾਰ ਸਿੱਖ ਆਪਣੇ ਨਾਲੋਂ ਅੱਡ ਨਹੀਂ ਕਰ ਸਕਦਾ ਅਤੇ ਨਾ ਹੀ ਉਸ ਨੂੰ ਮਜਬੂਰ ਕੀਤਾ ਜਾ ਸਕਦਾ।

